ਵੀਜ਼ਿਆਂ ‘ਚ ਦੇਰੀ ਨੇ ਸਤਾਏ ਕੌਮਾਂਤਰੀ ਵਿਦਿਆਰਥੀ

(ਬ੍ਰਿਸਬੇਨ) ਇੱਥੇ ਵਿੱਦਿਅਕ ਮਾਹਰਾਂ ਅਨੁਸਾਰ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਵਿੱਚ ਕੌਮਾਂਤਰੀ ਵਿਦਿਆਰਥੀ ਉਮੀਦ ਨਾਲੋ ਹੌਲੀ ਦਰ ਨਾਲ ਵਾਪਸ ਆ ਰਹੇ ਹਨ, ਪਰ ਉਹ ਆਸ਼ਾਵਾਦੀ ਹਨ ਕਿ ਆਸਟਰੇਲੀਆ ਦਾ ਸਿੱਖਿਆ ਖੇਤਰ ਇਸ ਸਾਲ ਦੇ ਅੰਤ ਤੱਕ ਵਾਪਸ ਲੀਹ ‘ਤੇ ਆ ਜਾਵੇਗਾ। ਹੁਨਰ ਅਤੇ ਰੁਜ਼ਗਾਰ ਵਿਭਾਗ ਅਨੁਸਾਰ ਮਾਰਚ 2022 ਤੋਂ ਇਹ ਸ਼ੁਰੂਆਤੀ ਗਿਣਤੀ 123,900 ਸੀ, ਜੋ ਕਿ 2021 ਦੀ ਇਸੇ ਮਿਆਦ ਦੇ ਮੁਕਾਬਲੇ ਦੋ ਪ੍ਰਤੀਸ਼ਤ ਵੱਧ ਹੈ। ਦੱਸਣਯੋਗ ਹੈ ਕਿ ਜਨਵਰੀ 2022 ਦੌਰਾਨ ਸਖ਼ਤ ਵੀਜ਼ਾ ਪਾਬੰਦੀਆਂ ਦੇ ਚੱਲਦਿਆਂ ਪਾੜ੍ਹਿਆਂ ਨੂੰ ਵੀਜ਼ੇ ਬਾਬਤ ਲੰਬਾ ਇੰਤਜ਼ਾਰ ਕਰਨਾ ਪਿਆ ਅਤੇ ਹੁਣ ਬਹੁਤ ਸਾਰੇ ਵੀਜ਼ੇ ਮਨਜ਼ੂਰ ਨਹੀਂ ਹੋ ਰਹੇ ਹਨ। ਡੀਈਐਸਈ ਦੇ ਅਨੁਸਾਰ, ਮਾਰਚ 2022 ਵਿੱਚ 440,129 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਦਾਖਲਾ ਲਿਆ, ਜੋ ਕਿ 2021 ਦੀ ਇਸੇ ਮਿਆਦ ਦੇ ਮੁਕਾਬਲੇ 15 ਪ੍ਰਤੀਸ਼ਤ ਘੱਟ ਹੈ। ਗੌਰਤਲਬ ਹੈ ਕਿ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰਿਕਾਰਡ ਤੋੜ ਦਾਖਲੇ ਹੋਏ ਹਨ। ਮਾਹਰਾਂ ਅਨੁਸਾਰ ਸਰਕਾਰ ਨੂੰ ਸਿੱਖਿਆ ਖੇਤਰ ਦੀ ਮਦਦ ਲਈ ਲੰਬੇ ਵੀਜ਼ੇ ਦੀ ਉਡੀਕ ਨੂੰ ਹੱਲ ਕਰਨ ਦੀ ਲੋੜ ਹੈ। ਐਸੋਸੀਏਸ਼ਨ ਆਫ਼ ਆਸਟਰੇਲੀਅਨ ਐਜੂਕੇਸ਼ਨ ਰਿਪ੍ਰਜ਼ੈਂਟੇਟਿਵਜ਼ ਇਨ ਇੰਡੀਆ (ਏ.ਏ.ਈ.ਆਰ.ਆਈ.) ਦੇ ਪ੍ਰਧਾਨ ਰਵੀ ਲੋਚਨ ਸਿੰਘ ਨੇ ਦੱਸਿਆ ਕਿ 2022 ਦੇ ਪਹਿਲੇ ਦਾਖਲੇ ਵਿੱਚ ਮੁੱਖ ਤੌਰ ‘ਤੇ ਉਹ ਵਿਦਿਆਰਥੀ ਸ਼ਾਮਲ ਸਨ ਜਿਨ੍ਹਾਂ ਕੋਲ ਪਹਿਲਾਂ ਹੀ ਵੀਜ਼ਾ ਸੀ, ਉਹ ਆਨਲਾਈਨ ਪੜ੍ਹਾਈ ਕਰ ਰਹੇ ਸਨ ਅਤੇ ਕੋਵਿਡ-19 ਕਾਰਨ ਯਾਤਰਾ ਕਰਨ ਦੇ ਯੋਗ ਨਹੀਂ ਸਨ। ਉਹਨਾਂ ਹੋਰ ਕਿਹਾ ਕਿ ਯੂਨੀਵਰਸਿਟੀਆਂ ਬਿਹਤਰ ਢੰਗ ਨਾਲ ਠੀਕ ਹੋ ਰਹੀਆਂ ਹਨ, ਪਰ ਪ੍ਰਾਈਵੇਟ ਆਰਟੀਓ (ਰਜਿਸਟਰਡ ਸਿਖਲਾਈ ਸੰਸਥਾਵਾਂ) ਦੇ ਦਾਖਲਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਦੱਸਣਯੋਗ ਹੈ ਕਿ ਆਸਟਰੇਲਿਆਈ ਸਰਕਾਰ ਨੇ ਮਹਾਂਮਾਰੀ-ਪ੍ਰੇਰਿਤ ਮਜ਼ਦੂਰਾਂ ਦੀ ਘਾਟ ਕਾਰਨ ਵਿਦਿਆਰਥੀ ਵੀਜ਼ਾ ਕੰਮ ਦੀਆਂ ਸੀਮਾਵਾਂ ਵਿੱਚ ਢਿੱਲ ਦਿੱਤੀ ਹੋਈ ਹੈ।