ਮਲਟੀਕਲਚਰ ਨੂੰ ਬੜਾਵਾ ਦਿੰਦਿਆਂ, ਮਾਣਯੋਗ ਸ੍ਰੀ ਰਸਲ ਵਾਟਲੇ ਵੱਲੋਂ 30,000 ਡਾਲਰਾਂ ਦੀ ਰਾਸ਼ੀ ਭੇਟ

ਬੱਚਿਆਂ ਅਤੇ ਹੋਰਨਾਂ ਨੂੰ ਤੈਰਾਕੀ ਦੀ ਸਿੱਖਿਆ ਲਈ ਦਿੱਤੀ ਮਦਦ

ਮਾਣਯੋਗ ਰਸਲ ਵਾਟਲੇ (ਐਮ.ਐਲ.ਸੀ. ਪਾਰਲੀਮੈਂਟ ਆਫ਼ ਸਾਊਥ ਆਸਟ੍ਰੇ਼ਲੀਆ) ਨੇ ਬੱਚਿਆਂ ਅਤੇ ਹੋਰਨਾਂ ਨੂੰ ਤੈਰਾਕੀ ਦੀ ਮੁੱਢਲੀ ਸਿੱਖਿਆ ਜ਼ਰੂਰੀ ਦਿਵਾਉਣ ਖਾਤਰ, ਰਾਜ ਦੇ ਮਲਟੀਕਲਚਰਲ ਵਿਭਾਗਾਂ ਦੇ ਤਹਿਤ, ਰਾਇਲ ਲਾਈਫ਼ ਸੇਵਿੰਗ ਆਫ਼ ਸਾਊਥ ਆਸਟ੍ਰੇਲੀਆ ਨੂੰ ਆਪਣੀ ਜੇਬ੍ਹ ਵਿੱਚੋਂ 30,000 ਡਾਲਰਾਂ ਦੀ ਰਾਸ਼ੀ ਭੇਟ ਕੀਤੀ ਹੈ।

ਇਸ ਰਾਸ਼ੀ ਦਾ ਇਸਤੇਮਾਲ ਅਜਿਹੇ ਲੋਕਾਂ ਨੂੰ ਤੈਰਾਕੀ ਦੀ ਸਿਖਲਾਈ ਦੇਣ ਲਈ ਕੀਤਾ ਜਾਣਾ ਹੈ ਜੋ ਕਿ ਤੈਰਾਕੀ ਬਾਰੇ ਬਿਲਕੁਲ ਹੀ ਨਹੀਂ ਜਾਣਦੇ ਅਤੇ ਇਸ ਵਜ੍ਹਾ ਕਾਰਨ ਕਈ ਵਾਰੀ ਆਪਣੀ ਜਾਨ ਵੀ ਜੋਖਮ ਵਿੱਚ ਪਾ ਲੈਂਦੇ ਹਨ ਅਤੇ ਜਾਂ ਫੇਰ ਤੈਰਾਕੀ ਨਾਲ ਸਬੰਧਤ ਆਨੰਦ ਮਾਣਨ ਤੋਂ ਵਾਂਝੇ ਰਹਿ ਜਾਂਦੇ ਹਨ।

ਰਾਇਲ ਲਾਈਫ਼ ਸੇਵਿੰਗ ਆਫ਼ ਸਾਊਥ ਆਸਟ੍ਰੇਲੀਆ ਸੰਸਥਾ ਦੀ ਸੀ.ਈ.ਓ. -ਜੇਨ ਨੇ ਇਸ ਭੇਟਾ ਨੂੰ ਸਵੀਕਾਰਦਿਆਂ ਕਿਹਾ ਕਿ ਇਹ ਬਿਲਕੁਲ ਠੀਕ ਹੈ ਕਿ ਬੱਚਿਆਂ ਨੂੰ ਅਤੇ ਹੋਰਨਾਂ ਜ਼ਰੂਰੀ ਤੌਰ ਤੇ ਤੈਰਾਕੀ ਕਰਨਾ ਆਉਣਾ ਚਾਹੀਦਾ ਹੈ ਤਾਂ ਜੋ ਲੋੜ ਪੈਣ ਤੇ ਉਹ ਆਪਣੀ ਜਾਂ ਕਿਸੇ ਹੋਰ ਦੀ ਵੀ ਮਦਦ ਕਰ ਸਕਣ ਅਤੇ ਕਿਸੇ ਦੁਰਘਟਨਾ ਆਦਿ ਕਾਰਨ ਖਤਰੇ ਵਿੱਚ ਪਈਆਂ ਕੀਮਤੀ ਜਾਨਾਂ ਬਚਾ ਸਕਣ।

ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀ ਰਾਸ਼ੀ ਮਾਣਯੋਗ ਸ੍ਰੀ ਰਸਲ ਵਾਟਲੇ ਨੇ ਭੇਟ ਕੀਤੀ ਹੈ ਉਸ ਦੀ ਮਦਦ ਨਾਲ ਲੱਗਭਗ 300 ਦੇ ਕਰੀਬ ਬੱਚਿਆਂ ਅਤੇ ਹੋਰਨਾਂ ਨੂੰ ਤੈਰਾਕੀ ਦੀਆਂ ਸਿੱਖਿਆਵਾਂ ਦਿੱਤੀਆਂ ਜਾਣਗੀਆਂ।