ਮੈਲਬੋਰਨ ਦੇ ਟਾਈਟਨ ਡ੍ਰਾਈਵ (ਕੈਰਮ ਡਾਊਨਜ਼) ਵਿਖੇ, 27 ਸਤੰਬਰ, ਸਾਲ 2019, ਨੂੰ ਆਊਟਲਾਅ ਮੋਟਰ ਸਾਈਕਲ ਗੈਂਗ ਕਲੱਬਹਾਊਸ ਦੇ ਬਾਹਰ ਪੁਲਿਸ ਵਾਲਿਆਂ ਉਪਰ ਗੋਲੀਆਂ ਚਲਾਉਣ ਵਾਲਿਆਂ ਦਾ ਥਹੂ-ਠਿਕਾਣਾ ਦੱਸਣ ਵਾਲਿਆਂ ਲਈ ਵਿਕਟੌਰੀਆਈ ਪੁਲਿਸ ਨੇ 250,000 ਡਾਲਰਾਂ ਦੀ ਨਕਦ ਰਾਸ਼ੀ ਦੇ ਇਨਾਮ ਦੀ ਘੋਸ਼ਣਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਉਕਤ ਦੋ ਘਟਨਾਵਾਂ ਹੋਈਆਂ ਸਨ ਅਤੇ ਪਹਿਲੀ ਘਟਨਾ ਵਿੱਚ ਉਸ ਦਿਨ (ਸ਼ੁਕਰਵਾਰ), ਸ਼ਾਮ ਦੇ 7:45 ਤੇ ਕਲੱਬ ਦੇ ਅੰਦਰ ਵੀ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਅਤੇ ਅਗਲੇ ਹੀ ਦਿਨ, 28 ਸਤੰਬਰ ਨੂੰ, ਹੈਲਮ ਵੈਲੀ ਸੜਕ (ਡੈਂਡੇਨੌਂਗ) ਵਿਖੇ ਇੱਕ ਹੋਰ ਔਡੀ ਕਿਉ 7 ਐਸ.ਯੂ.ਵੀ. ਨੂੰ ਅੱਗ ਲਗਾ ਦਿੱਤੀ ਗਈ ਸੀ। ਅਤੇ ਪੁਲਿਸ ਅਨੁਸਾਰ ਇਸ ਕਾਰ ਨੂੰ ਚੁਰਾਇਆ ਗਿਆ ਸੀ ਅਤੇ ਉਕਤ ਘਟਨਾਵਾਂ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਸੀ।
ਬੇਸ਼ੱਕ ਉਕਤ ਦੋਹਾਂ ਘਟਨਾਵਾਂ ਵਿੱਚ ਕਿਸੇ ਕਿਸਮ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਸੀ ਹੋਇਆ ਪਰੰਤੂ ਪੁਲਿਸ ਹਾਲੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਗੋਲੀਆਂ ਚਲਾਉਣ ਵਾਲਿਆਂ ਦੀ ਭਾਲ਼ ਕਰ ਰਹੀ ਹੈ।
ਪੁਲਿਸ ਅਨੁਸਾਰ ਉਕਤ ਗੋਲੀਬਾਰੀ ਦੀ ਘਟਨਾ ਕੇਵਲ ਇਸ ਖੇਤਰ ਵਿੱਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਕੀਤੀ ਗਈ ਸੀ।
ਪੁਲਿਸ ਅਨੁਸਾਰ, ਇੱਕ ਗਹਿਰੇ ਰੰਗ ਦੀ ਐਸ.ਯੂ.ਵੀ. ਕਾਰ ਵਿੱਚੋਂ ਗੋਲੀਬਾਰੀ ਕੀਤੀ ਗਈ ਸੀ ਅਤੇ ਉਕਤ ਕਲੱਬ ਦੇ ਬਾਹਰ ਕੁੱਝ ਪੁਲਿਸਵਾਲੇ ਖੜ੍ਹੇ ਸਨ ਜੋ ਕਿ ਗੋਲੀਬਾਰੀ ਦੌਰਾਨ ਬਾਲ-ਬਾਲ ਬੱਚ ਗਏ ਸਨ।