ਅਬੋਹਰ ਦੇ ਕਈ ਪਿੰਡਾਂ ਦੇ ਵਸਨੀਕ ਭਿਆਨਕ ਬਿਮਾਰੀਆਂ ਦੇ ਬਾਵਜੂਦ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ

ਮੁੱਖ ਮੰਤਰੀ/ਸਿਹਤ ਮੰਤਰੀ ਪੰਜਾਬ ਅਤੇ ਵਿਧਾਨ ਸਭਾ ਦੇ ਸਪੀਕਰ ਨੂੰ ਲਿਖੇ ਪੱਤਰ!

(ਫ਼ਰੀਦਕੋਟ):- ਦਰਿਆਵਾਂ ਵਿੱਚ ਸੁੱਟੇ ਜਾ ਰਹੇ ਫੈਕਟਰੀਆਂ ਤੇ ਕਾਰਖਾਨਿਆਂ ਦੇ ਬਿਨਾ ਟਰੀਟ ਕੀਤੇ ਜ਼ਹਿਰੀਲੇ ਪਾਣੀ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਦੇ ਦਫਤਰ ਵੀ ਪਹੁੰਚ ਗਈ ਹੈ। ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਇੰਜ. ਜਸਕੀਰਤ ਸਿੰਘ ਲੁਧਿਆਣਾ ਸਟੇਟ ਕਮੇਟੀ ਮੈਂਬਰ ਨਰੋਆ ਪੰਜਾਬ ਮੰਚ ਅਤੇ ਰਜਿੰਦਰ ਸਿੰਘ ਸੇਖੋਂ ਪਿੰਡ ਧਰਾਂਗਵਾਲਾ ਮੈਂਬਰ ਨਰੋਆ ਪੰਜਾਬ ਮੰਚ ਦੇ ਦਸਤਖਤਾਂ ਹੇਠ ਭਗਵੰਤ ਸਿੰਘ ਮਾਨ ਮੁੱਖ ਮੰਤਰੀ/ਸਿਹਤ ਮੰਤਰੀ ਪੰਜਾਬ ਨੂੰ ਭੇਜੀ ਸ਼ਿਕਾਇਤ ਦੀ ਕਾਪੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਵੀ ਭੇਜੀ ਗਈ ਹੈ। ਪੱਤਰ ਮੁਤਾਬਿਕ ਅਸੀਂ ਕੁਝ ਵਾਤਾਵਰਨ ਅਤੇ ਸਮਾਜਸੇਵੀ ਸੰਸਥਾਵਾਂ ਵਲੋਂ ਅਬੋਹਰ ਇਲਾਕੇ ਦੇ ਕੁਝ ਪਿੰਡਾਂ ਦਾ ਦੌਰਾ ਕੀਤਾ ਅਤੇ ਪਤਾ ਲੱਗਾ ਕਿ ਇੱਥੇ ਸਿਹਤ ਸਮੱਸਿਆਵਾਂ ਨੂੰ ਲੈ ਕੇ ਬਹੁਤ ਮਾੜੇ ਹਾਲਾਤ ਹਨ। ਇਕ ਇਕ ਪਿੰਡ ‘ਚ ਕਈ-ਕਈ ਦਰਜਨਾਂ ਕੈਂਸਰ, ਗੁਰਦੇ ਦੇ ਰੋਗ ਤੋਂ ਪੀੜ੍ਹਤ ਅਤੇ ਮੰਦਬੁੱਧੀ ਬੱਚਿਆਂ ਦੀ ਚਿੰਤਾਜਨਕ ਵੱਧ ਗਿਣਤੀ ਬਾਰੇ ਪਤਾ ਲੱਗਾ, ਜਿਸ ਬਾਰੇ ਪੰਜਾਬ ਸਰਕਾਰ ਨੂੰ ਤੁਰਤ ਇੱਕ ਉੱਚ ਪੱਧਰੀ ਮਾਹਿਰਾਂ ਦੀ ਟੀਮ ਬਣਾ ਕੇ ਜਾਇਜ਼ਾ ਲੈਣਾ ਚਾਹੀਦਾ ਹੈ। ਪਿੰਡ ਚੂਹੜੀਵਾਲਾ ਧੰਨਾ, ਬੁਰਜ ਮੁਹਾਰ ਅਤੇ ਧਰਾਂਗਵਾਲਾ ਦਾ ਦੌਰਾ ਸਾਡੀ ਟੀਮ ਵੱਲੋਂ ਕੀਤਾ ਗਿਆ। ਇੱਥੇ ਵਰਨਣਯੋਗ ਹੈ ਕਿ ਇਸ ਇਲਾਕੇ ਨੂੰ ਬੁੱਢੇ ਦਰਿਆ, ਕਾਲਾ ਸੰਘਿਆ ਡ੍ਰੇਨ ਅਤੇ ਚਿੱਟੀ ਵੇਈਂ ਦੇ ਪ੍ਰਦੂਸ਼ਿਤ ਪਾਣੀ ਨੂੰ ਸਤਲੁਜ ਤੇ ਹਰੀਕੇ ਪੱਤਣ ਦੀਆਂ ਨਹਿਰਾਂ ਰਾਹੀਂ ਹੋ ਕੇ ਸਰਕਾਰੀ ਟੂਟੀਆਂ ਰਾਹੀਂ ਸਪਲਾਈ ਕੀਤਾ ਜਾਂਦਾ ਹੈ। ਆਪ ਜੀ ਨੂੰ ਬੇਨਤੀ ਹੈ ਕਿ ਇਹਨਾਂ ਤੋਂ ਇਲਾਵਾ ਇਲਾਕੇ ਦੇ ਹੋਰ ਪਿੰਡਾਂ ਦਾ ਵੀ ਸਿਹਤ ਸਮੱਸਿਆਵਾਂ ਬਾਰੇ ਇਕ ਸਰਵੇ ਕਰਵਾਇਆ ਜਾਵੇ। ਹੋਰ ਹੈਰਾਨੀ ਦੀ ਗੱਲ ਇਹ ਕਿ ਇਸ ਇਲਾਕੇ ਦੇ ਲੋਕ ਪੀਣ ਦੇ ਨਹਿਰੀ ਪਾਣੀ ਦੀ ਸਮੱਸਿਆ ਤੋਂ ਇਲਾਵਾ ਖੇਤੀ ਲਈ ਪਾਣੀ ਦੀ ਘਾਟ ਤੋਂ ਵੀ ਪੀੜਿਤ ਹਨ, ਜਿਸ ਕਰਕੇ ਪਿੰਡ ਸ਼ੇਰਗੜ੍ਹ ਤੇ ਇਸ ਇਲਾਕੇ ‘ਚ ਲੱਗੇ ਫਲਾਂ ਦੇ ਬਾਗ ਸੁੱਕ ਰਹੇ ਹਨ। ਬਹੁਤ ਹੈਰਾਨੀ ਹੋਈ ਜਦੋਂ ਪਿੰਡ ਸ਼ੇਰਗੜ੍ਹ ਦੇ ਵਸਨੀਕਾਂ ਤੋਂ ਪਤਾ ਲੱਗਾ ਕਿ ਪੰਜਾਬ ਦੇ ਇਸ ਇਲਾਕੇ ਦੇ ਪਿੰਡ ਰਾਜਸਥਾਨ ਤੋਂ ਟੈਂਕਰਾਂ ਰਾਹੀਂ ਖਰੀਦ ਕੇ ਪਾਣੀ ਮੁੱਲ ਲੈ ਰਹੇ ਹਨ। ਆਪ ਜੀ ਨੂੰ ਬੇਨਤੀ ਹੈ ਕਿ ਇਹਨਾਂ ਸਮੱਸਿਆਵਾਂ ਦੀ ਗਹਿਰਾਈ ਨੂੰ ਸਮਝਦੇ ਹੋਏ ਜਲਦ ਹੀ ਮਾਹਿਰਾਂ ਦੀ ਟੀਮ ਬਣਾ ਕੇ ਭੇਜੀ ਜਾਵੇ, ਇਹਨਾਂ ਬਿਮਾਰੀਆਂ ਦੇ ਮੁੱਢਲੇ ਕਾਰਨਾਂ ਦਾ ਪਤਾ ਲੱਗ ਸਕੇ, ਅਤੇ ਸਿਹਤ ਵਿਭਾਗ ਨੂੰ ਹਦਾਇਤ ਕਰਕੇ ਤੁਰਤ ਸੀਨੀਅਰ ਡਾਕਟਰਾਂ ਦੀ ਟੀਮ ਭੇਜ ਕੇ ਮੈਡੀਕਲ ਕੈਂਪ ਲਾਇਆ ਜਾਵੇ, ਤਾਂ ਕਿ ਬਿਨਾ ਹੋਰ ਸਮਾਂ ਗਵਾਏ ਪੰਜਾਬੀਆਂ ਦੀ ਸਿਹਤ ਤੇ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਣ।