ਗੁਰਦਆਰਾ ਮਿੱਲਵੁਡਜ਼ ਐਡਮਿੰਟਨ ਵਿਖੇ ਉੱਘੇ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਦਾ ਸਨਮਾਨ

(ਸਰੀ) – ਵਰਲਡ ਸਿੱਖ ਸੈਂਟਰ ਪਟਿਆਲਾ ਦੇ ਡਾਇਰੈਕਟਰ ਅਤੇ ਉਘੇ ਸਿੱਖ ਵਿਦਵਾਨ ਡਾ. ਬਲਕਾਰ ਸਿੰਘ  ਦਾ ਐਡਮਿੰਟਨ ਵਿਖੇ ਗੁਰਦਆਰਾ ਮਿੱਲਵੁਡਜ਼ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ ਗਿਆ। ਡਾ. ਬਲਕਾਰ ਸਿੰਘ ਨੂੰ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਜੀ ਆਇਆਂ ਆਖਦਿਆਂ ਚੇਅਰਮੈਨ ਬਲਬੀਰ ਸਿੰਘ ਚਾਨਾ ਨੇ ਉਨ੍ਹਾਂ ਦੀ ਪੰਜਾਬੀ ਅਤੇ ਸਿੱਖ ਸਾਹਿਤ ਵਿਚ ਪਾਏ ਯੋਗਦਾਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਡਾ. ਬਲਕਾਰ ਸਿੰਘ ਦੀ ਇਸ ਫੇਰੀ ਦਾ ਪ੍ਰਬੰਧ ਕਰਨ ਲਈ ਸਰੀ ਨਿਵਾਸੀ ਜੈਤੇਗ ਸਿੰਘ ਅਨੰਤ ਦਾ ਵੀ ਧੰਨਵਾਦ  ਕੀਤਾ।

ਸਟੇਜ ਸਕੱਤਰ ਤੇਜਿੰਦਰ ਸਿੰਘ ਮਠਾੜੂ ਨੇ ਡਾ. ਬਲਕਾਰ ਸਿੰਘ ਨੂੰ ਮੰਚ ਉਪਰ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਬੋਲਦਿਆਂ ਡਾ. ਬਲਕਾਰ ਸਿੰਘ ਨੇ ਅਠਾਰਵੀਂ ਸਦੀ ਦੇ ਇਤਿਹਾਸ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਬਾਰਾਂ ਮਿਸਲਾਂ ਦੀਆ ਪ੍ਰਾਪਤੀਆਂ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਗੁਰਬਾਣੀ ਦੇ ਅਧਾਰ ਤੇ ਗੁਰਮੱਤ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਇਹ ਤਾਕੀਦ ਕੀਤੀ ਕਿ ਸਾਨੂੰ ਆਪਣੀ ਵਿਰਾਸਤ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਸਿੱਖ ਵਿਦਵਾਨ ਸਾਹਿਤਕਾਰ ਜੈਤੇਗ ਸਿੰਘ ਅਨੰਤ ਦੀ ਕਾਫੀ ਟੇਬਲ ਬੁੱਕ ‘ਰਾਮਗੜ੍ਹੀਆ ਵਿਰਾਸਤ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪੁਸਤਕ ਆਪ ਪੜ੍ਹਨੀ ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣੀ ਚਾਹੀਦੀ ਹੈ। ਡਾ. ਬਲਕਾਰ ਸਿੰਘ ਨੇ ਗੁਰਦੁਆਰਾ ਮਿੱਲਵੁਡਜ਼ ਦੇ ਪ੍ਰਧਾਨ ਕਰਨੈਲ ਸਿੰਘ ਭੰਬਰਾ, ਪ੍ਰਬੰਧਕ ਕਮੇਟੀ, ਬਲਬੀਰ ਸਿੰਘ ਚਾਨਾ ਅਤੇ ਸੁਰਿੰਦਰ ਸਿੰਘ ਹੂੰਜਣ ਦਾ ਧੰਨਵਾਦ ਕੀਤਾ।

ਐਡਮਿੰਟਨ ਸ਼ਹਿਰ ਦੇ ਸਿੱਖ ਉਘੇ ਵਿਦਵਾਨ ਅਤੇ ਨਾਨਕਸ਼ਾਹੀ ਕਲੰਡਰ ਦੇ ਰਚਾਇਤਾ ਪਾਲ ਸਿੰਘ ਪੁਰੇਵਾਲ ਅਤੇ ਕੈਨੇਡਾ ਵਿੱਚ ਪਹਿਲੇ ਪੰਜਾਬੀ ਇਮੀਗਰੇਸ਼ਨ ਅਫਸਰ (ਰਿਟਾ) ਦਰਸ਼ਨ ਸਿੰਘ ਖਹਿਰਾ ਉਚੇਚੇ ਤੌਰ ਤੇ ਡਾ. ਬਲਕਾਰ ਸਿੰਘ ਨੂੰ ਸੁਣਨ ਅਤੇ ਮਿਲਣ ਗੁਰਦੁਆਰਾ ਮਿੱਲਵੁਡਜ਼ ਪਹੁੰਚੇ ਹੋਏ ਸਨ।

ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸੁਸਾਇਟੀ ਦੇ ਫਾਊਂਡਰ ਮੈਂਬਰ ਨਿਰਮਲ ਸਿੰਘ ਭੂਈ, ਸੁਰਿੰਦਰ ਸਿੰਘ ਹੂੰਜਣ, ਚੈਅਰਮੈਨ ਬਲਬੀਰ ਸਿੰਘ ਚਾਨਾ, ਜਨਰਲ ਸਕੱਤਰ ਜਸਬੀਰ ਸਿੰਘ ਭੂਈ, ਜਾਇੰਟ ਸੈਕਟਰੀ ਪਵਿੱਤਰ ਸਿੰਘ ਮਣਕੂ ਅਤੇ ਸਟੇਜ ਸੈਕਟਰੀ ਤੇਜਿੰਦਰ ਸਿੰਘ ਮਠਾੜੂ ਨੇ ਡਾ. ਬਲਕਾਰ ਸਿੰਘ ਨੂੰ ਸਿਰੋਪਾ ਅਤੇ ਪਲੈਕ ਦੇ ਕੇ ਸਨਮਾਨਿਤ ਕੀਤਾ।

(ਹਰਦਮ ਮਾਨ)
+1 604 308 6663
maanbabushahi@gmail.com