ਯੂਕਰੇਨ ਜੰਗ ਦੇ ਸਾਰੇ ਸੰਸਾਰ ‘ਤੇ ਪੈ ਰਹੇ ਭਿਆਨਕ ਪ੍ਰਭਾਵ

ਕੋਈ ਜ਼ਮਾਨਾ ਸੀ ਜਦੋਂ ਦੋ ਦੇਸ਼ ਲੜ ਕੇ ਹਟ ਵੀ ਜਾਂਦੇ ਸਨ ਪਰ ਦੁਨੀਆਂ ਦੇ ਬਾਕੀ ਦੇਸ਼ਾਂ ਨੂੰ ਨਾ ਤਾਂ ਕੋਈ ਫਰਕ ਪੈਂਦਾ ਸੀ ਤੇ ਨਾ ਹੀ ਕਿਸੇ ‘ਤੇ ਕੋਈ ਅਸਰ ਹੁੰਦਾ ਸੀ। ਬੱਸ ਦੋ ਚਾਰ ਦਿਨ ਅਖਬਾਰਾਂ ਦੀਆਂ ਖਬਰਾਂ ਪੜ੍ਹ ਸੁਣ ਕੇ ਸਭ ਸ਼ਾਂਤ ਹੋ ਜਾਂਦੇ ਸਨ। ਜੰਗ ਦਾ ਸੰਸਾਰ ਪੱਧਰ ‘ਤੇ ਪ੍ਰਭਾਵ ਪੈਣਾ ਪਹਿਲੀ ਤੇ ਖਾਸ ਤੌਰ ‘ਤੇ ਦੂਸਰੀ ਸੰਸਾਰ ਜੰਗ ਤੋਂ ਬਾਅਦ ਸ਼ੁਰੂ ਹੋਇਆ ਸੀ। ਦੂਸਰੀ ਸੰਸਾਰ ਜੰਗ ਤੋਂ ਪਹਿਲਾਂ ਇੰਗਲੈਂਡ ਅਤੇ ਫਰਾਂਸ ਸੁਪਰ ਪਾਵਰ ਸਨ ਤੇ ਅਮਰੀਕਾ ਅਤੇ ਰੂਸ ਦਾ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਸੀ। ਉਸ ਸਮੇਂ ਅੱਧੇ ਤੋਂ ਵੱਧ ਦੁਨੀਆਂ ‘ਤੇ ਇਨ੍ਹਾਂ ਦੋਵਾਂ ਦੇਸ਼ਾਂ (ਇੰਗਲੈਂਡ ਅਤੇ ਫਰਾਂਸ) ਦਾ ਹੀ ਕਬਜ਼ਾ ਸੀ। ਅਮਰੀਕਾ ਭਾਰੀ ਮੰਦੀ ਅਤੇ ਰੂਸ ਕਮਿਊਨਿਸਟ ਰਾਜ ਕਾਰਨ (ਪੱਛਮੀ ਦੇਸ਼ਾਂ ਨੇ ਉਸ ਦਾ ਬਾਈਕਾਟ ਕੀਤਾ ਹੋਇਆ ਸੀ) ਭੁੱਖਮਰੀ ਦੀ ਕਗਾਰ ‘ਤੇ ਪਹੁੰਚੇ ਹੋਏ ਸਨ। ਪਰ ਸੰਸਾਰ ਜੰਗ ਵਿੱਚ ਸ਼ਾਮਲ ਹੁੰਦੇ ਸਾਰ ਇਨ੍ਹਾਂ ਦੋਵਾਂ ਦੇਸ਼ਾਂ ਦੀ ਕਿਸਮਤ ਪਲਟ ਗਈ। ਫੌਜੀ ਸਾਜੋ ਸਮਾਨ ਅਤੇ ਹੋਰ ਉਤਪਾਦਾਂ ਦੀ ਮੰਗ ਇੱਕ ਦਮ ਸਿਖਰ ‘ਤੇ ਪਹੁੰਚ ਜਾਣ ਕਾਰਨ ਦੀਵਾਲੀਆ ਹੋਣ ਕਿਨਾਰੇ ਪਹੁੰਚੀਆਂ ਅਮਰੀਕਾ ਦੀਆਂ ਫੈਕਟਰੀਆਂ ਤਿੰਨ ਤਿੰਨ ਸ਼ਿਫਟਾਂ ਵਿੱਚ ਚੱਲਣ ਲੱਗੀਆਂ ਤੇ ਰੂਸ, ਜਿਸ ਨੂੰ ਕਦੇ ਯੂਰਪ ਦਾ ਬਿਮਾਰ ਦੇਸ਼ ਕਿਹਾ ਜਾਂਦਾ ਸੀ, ਨੇ ਅੱਧੇ ਦੇ ਕਰੀਬ ਯੂਰਪ ‘ਤੇ ਕਬਜ਼ਾ ਕਰ ਲਿਆ। ਦੂਸਰੇ ਪਾਸੇ ਜੰਗ ਤੋਂ ਬਾਅਦ ਆਰਥਿਕ ਅਤੇ ਸੈਨਿਕ ਪੱਖੋਂ ਬਰਬਾਦ ਹੋਏ ਇੰਗਲੈਂਡ ਅਤੇ ਫਰਾਂਸ ਨੂੰ ਆਪਣੀਆਂ ਅੱਧੇ ਤੋਂ ਵੱਧ ਬਸਤੀਆਂ ਖਾਲੀ ਕਰਨੀਆਂ ਪਈਆਂ ਸਨ।
ਦੂਸਰੀ ਸੰਸਾਰ ਜੰਗ ਤੋਂ ਬਾਅਦ ਜਿਸ ਜੰਗ ਨੇ ਸੰਸਾਰ ‘ਤੇ ਸਭ ਤੋਂ ਵੱਧ ਬੁਰਾ ਪ੍ਰਭਾਵ ਪਾਇਆ ਹੈ, ਉਹ ਹੈ ਰੂਸ ਅਤੇ ਯੂਕਰੇਨ ਦੀ ਜੰਗ। ਜੰਗ ਦੀ ਸ਼ੁਰੂਆਤ ਵਿੱਚ ਤਾਂ ਇਸ ਤਰਾਂ ਲੱਗਦਾ ਸੀ ਕਿ ਇਹ ਕਰੀਮੀਆ ਵਾਂਗ ਇੱਕ ਸਥਾਨਿਕ ਝਗੜਾ ਹੈ, ਜੋ ਜਲਦੀ ਹੀ ਨਿੱਬੜ ਜਾਵੇਗਾ। ਪਰ ਜਿਵੇਂ ਜਿਵੇਂ ਇਹ ਜੰਗ ਲੰਬੀ ਖਿੱਚਦੀ ਗਈ ਤੇ ਯੂਰਪੀਨ ਦੇਸ਼ ਅਤੇ ਅਮਰੀਕਾ ਇਸ ਵਿੱਚ ਸ਼ਾਮਲ ਹੋ ਗਏ, ਇਸ ਦੇ ਤਬਾਹਕੁੰਨ ਨਤੀਜੇ ਸੰਸਾਰ ਦੇ ਸਾਹਮਣੇ ਆਉਣ ਲੱਗ ਪਏ ਹਨ। ਸਭ ਤੋਂ ਬੁਰਾ ਪ੍ਰਭਾਵ ਸੰਸਾਰ ਦੀ ਅਨਾਜ਼ ਅਤੇ ਊਰਜ਼ਾ ਦੀ ਆਪੂਰਤੀ ‘ਤੇ ਪਿਆ ਹੈ। ਵਰਲਡ ਟਰੇਡ ਆਰਗੇਨਾਈਜ਼ੇਸ਼ਨ (ਡਬਲਿਊ.ਟੀ.ਉ.) ਅਨੁਸਾਰ ਰੂਸ ਯੂਕਰੇਨ ਜੰਗ ਕਾਰਨ ਮਨੁੱਖਤਾ ਨੂੰ ਦੂਸਰੀ ਸੰਸਾਰ ਜੰਗ ਤੋਂ ਬਾਅਦ ਸਭ ਤੋਂ ਵੱਡੀ ਮੁਸੀਬਤ ਸਹਿਣੀ ਪੈ ਰਹੀ ਹੈ ਕਿਉਂਕਿ ਇਸ ਨੇ ਅੰਤਰਰਾਸ਼ਟਰੀ ਵਪਾਰ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਰੂਸ ਸੰਸਾਰ ਦਾ ਅਮਰੀਕਾ ਅਤੇ ਸਾਊਦੀ ਅਰਬ ਤੋਂ ਬਾਅਦ ਤੀਸਰਾ ਸਭ ਤੋਂ ਵੱਡਾ ਤੇਲ ਅਤੇ ਕੁਦਰਤੀ ਗੈਸ ਉਤਪਾਦਕ ਦੇਸ਼ ਹੈ। ਜਿਆਦਾਤਰ ਯੁਰਪੀਨ ਦੇਸ਼ ਊਰਜਾ ਦੀ ਪੂਰਤੀ ਲਈ ਰੂਸ ‘ਤੇ ਨਿਰਭਰ ਹਨ। ਪਰ ਅਮਰੀਕਾ ਦੇ ਦਬਾਅ ਹੇਠ ਉਨ੍ਹਾਂ ਨੂੰ ਰੂਸ ਤੋਂ ਤੇਲ ਅਤੇ ਗੈਸ ਦੀ ਦਰਾਮਦ ‘ਤੇ ਪਾਬੰਦੀਆਂ ਲਗਾਉਣੀਆਂ ਪੈ ਰਹੀਆਂ ਹਨ ਜਿਸ ਕਾਰਨ ਉਥੇ ਅਤੇ ਸੰਸਾਰ ਦੇ ਬਾਕੀ ਦੇਸ਼ਾਂ ਵਿੱਚ ਡੀਜ਼ਲ, ਪੈਟਰੌਲ ਅਤੇ ਕੁਦਰਤੀ ਗੈਸ ਦੇ ਰੇਟ ਛੜੱਪੇ ਮਾਰ ਕੇ ਵਧ ਰਹੇ ਹਨ। ਤੇਲ ਦੀ ਕੀਮਤ ਵਧਣ ਕਾਰਨ ਰੋਜ਼ਮਰ੍ਹਾ ਦੀਆਂ ਵਸਤਾਂ ਦੇ ਰੇਟ ਵੀ ਵਧ ਗਏ ਹਨ। ਵਿਬੰਡਨਾ ਵੇਖੋ ਕਿ ਕੁਝ ਮਹੀਨੇ ਪਹਿਲਾਂ ਤੱਕ ਵੈਨਜ਼ੁਐਲਾ ਅਤੇ ਈਰਾਨ ਯੂਰਪੀਨ ਦੇਸ਼ਾਂ ਅਤੇ ਅਮਰੀਕਾ ਵਾਸਤੇ ਸ਼ੈਤਾਨ ਦੇਸ਼ ਸਨ ਜਿਨ੍ਹਾਂ ‘ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਦੋਸ਼ ਹੇਠ ਸਖਤ ਵਪਾਰਿਕ ਪਾਬੰਦੀਆਂ ਲਗਾਈਆਂ ਗਈਆਂ ਸਨ। ਪਰ ਹੁਣ ਯੂਕਰੇਨ ਸੰਕਟ ਕਾਰਨ ਉਹ ਇਨ੍ਹਾਂ ਦੇਸ਼ਾਂ ਤੋਂ ਹੀ ਤੇਲ ਹਾਸਲ ਕਰਨ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ।
ਸੰਸਾਰ ਵਿੱਚ ਦੂਸਰਾ ਜਿਹੜਾ ਸਭ ਤੋਂ ਵੱਡਾ ਸੰਕਟ ਪੈਦਾ ਹੋ ਰਿਹਾ ਹੈ ਉਹ ਹੈ ਅਨਾਜ਼ ਸੰਕਟ। ਰੂਸ ਸੰਸਾਰ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਅਤੇ ਬਰਾਮਦਕਾਰ ਦੇਸ਼ ਹੈ। ਉਹ ਸੰਸਾਰ ਦੇ ਕੁੱਲ ਅਨਾਜ਼ ਦਾ 24% ਵਿਦੇਸ਼ਾਂ ਨੂੰ ਬਰਾਮਦ ਕਰਦਾ ਹੈ। ਯੂਕਰੇਨ ਵੀ ਸੰਸਾਰ ਦਾ ਪੰਜਵਾਂ ਸਭ ਤੋਂ ਵੱਡਾ ਬਰਾਮਦਕਾਰ ਦੇਸ਼ ਹੈ। ਉਸ ਨੇ 2021 ਵਿੱਚ 47 ਕਰੋੜ ਟਨ ਦੇ ਲਗਭਗ ਕਣਕ ਵਿਦੇਸ਼ਾਂ ਨੂੰ ਬਰਾਮਦ ਕੀਤੀ ਸੀ। ਇਸ ਜੰਗ ਕਾਰਨ ਅਮਰੀਕਾ ਦੇ ਦਬਾਅ ਕਾਰਨ ਬਹੁਤ ਘੱਟ ਦੇਸ਼ ਰੂਸ ਤੋਂ ਕਣਕ ਲੈ ਰਹੇ ਹਨ ਤੇ ਦੂਸਰੇ ਪਾਸੇ ਯੂਕਰੇਨ ਦੀਆਂ ਬੰਦਰਗਾਹਾਂ ਨੂੰ ਰੂਸ ਨੇ ਆਪਣੇ ਕਬਜ਼ੇ ਹੇਠ ਲੈ ਕੇ ਉਸ ਦੀ ਆਰਥਿਕ ਨਾਕਾਬੰਦੀ ਕੀਤੀ ਹੋਈ ਹੈ ਜਿਸ ਕਾਰਨ ਉਥੋਂ ਵਪਾਰਿਕ ਜ਼ਹਾਜਾਂ ਦਾ ਆਵਾਗਮਨ ਅਸੰਭਵ ਹੈ। ਰੂਸ ਪੱਛਮੀ ਦੇਸ਼ਾਂ ਅਤੇ ਯੂਕਰੇਨ ਨੂੰ ਬਰਬਾਦ ਕਰਨ ਲਈ ਅਨਾਜ਼ ਨੂੰ ਇੱਕ ਹਥਿਆਰ ਦੇ ਤੌਰ ‘ਤੇ ਵਰਤ ਰਿਹਾ ਹੈ। ਦੁਨੀਆਂ ਨੂੰ ਭਾਰਤ ਤੋਂ ਉਮੀਦਾਂ ਸਨ ਪਰ ਉਸ ਨੇ ਵੀ ਆਪਣੀ ਘਰੇਲੂ ਮੰਡੀ ਵਿੱਚ ਖਾਧ ਪਦਾਰਥਾਂ ਦੇ ਰੇਟ ਵਧਣ ਦੇ ਡਰੋਂ ਕਣਕ ਦੀ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਸੰਸਾਰ ਦੀਆਂ ਮੰਡੀਆਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਯੂਰਪ ਵਿੱਚ ਕਣਕ ਤੋਂ ਬਣਨ ਵਾਲੀ ਡਬਲਰੋਟੀ ਅਤੇ ਹੋਰ ਉਤਪਾਦ ਡੇਢ ਗੁਣਾ ਮਹਿੰਗੇ ਹੋ ਗਏ ਹਨ ਜਿਸ ਕਾਰਨ ਜਨ ਸਧਾਰਨ ਦਾ ਘਰੇਲੂ ਬਜ਼ਟ ਗੜਬੜਾ ਗਿਆ ਹੈ।
ਅਸਲ ਵਿੱਚ ਇਹ ਜੰਗ ਅਮਰੀਕਾ, ਉਸ ਦੇ ਯੂਰਪੀਨ ਸਹਿਯੋਗੀਆਂ ਅਤੇ ਰੂਸ ਦੇ ਦਰਮਿਆਨ ਚੱਲ ਰਹੀ ਹੈ। ਪਰ ਉਨ੍ਹਾਂ ‘ਤੇ ਅਨਾਜ਼ ਸੰਕਟ ਦਾ ਜਿਆਦਾ ਅਸਰ ਇਸ ਲਈ ਨਹੀਂ ਹੋ ਰਿਹਾ ਕਿਉਂਕਿ ਅਮਰੀਕਾ ਖੁਦ ਵੱਡੇ ਪੱਧਰ ‘ਤੇ ਕਣਕ ਪੈਦਾ ਕਰਦਾ ਹੈ ਤੇ ਯੂਰਪੀਨ ਦੇਸ਼ ਅਮੀਰ ਹੋਣ ਕਾਰਨ ਅਨਾਜ਼ ਦਰਾਮਦ ਕਰ ਸਕਦੇ ਹਨ। ਪਰ ਇਸ ਸੰਕਟ ਕਾਰਨ ਕਈ ਅਜਿਹੇ ਦੇਸ਼ ਬੁਰੀ ਤਰਾਂ ਨਾਲ ਪਿਸ ਗਏ ਹਨ, ਜਿਨ੍ਹਾਂ ਦਾ ਇਸ ਜੰਗ ਨਾਲ ਕੋਈ ਦੂਰ ਦਾ ਵੀ ਵਾਹ ਵਾਸਤਾ ਨਹੀਂ ਹੈ। ਕੁਝ ਦਿਨ ਪਹਿਲਾਂ ਅਫਰੀਕਨ ਯੂਨੀਅਨ ਦੇ ਪ੍ਰਧਾਨ ਅਤੇ ਸੈਨੇਗਾਲ ਦੇ ਰਾਸ਼ਟਰਪਤੀ ਮੈਕੀ ਸਾਲ ਨੇ ਰੂਸ ਦੇ ਰਾਸ਼ਟਰਪਤੀ ਵਾਲਾਦੀਮੀਰ ਪੂਤਿਨ ਨਾਲ ਰੂਸ ਦੇ ਸੋਚੀ ਸ਼ਹਿਰ ਵਿੱਚ ਮੀਟਿੰਗ ਕਰ ਕੇ ਰੂਸ ਅਤੇ ਯੂਕਰੇਨ ਦੀ ਕਣਕ ਦੀ ਸਪਲਾਈ ਬਹਾਲ ਕਰਨ ਦੀ ਭਾਵਪੂਰਤ ਅਪੀਲ ਕੀਤੀ ਹੈ। ਪੂਤਿਨ ਨੇ ਹਮਦਰਦੀ ਨਾਲ ਵਿਚਾਰ ਕਰਨ ਲਈ ਤਾਂ ਕਿਹਾ ਪਰ ਕੋਈ ਪੱਕਾ ਵਾਇਦਾ ਨਹੀਂ ਕੀਤਾ। ਇਸ ਜੰਗ ਕਾਰਨ ਅਫਰੀਕਾ ਦੇ ਜਿਆਦਾਤਰ ਦੇਸ਼ ਭੁੱਖਮਰੀ ਦੀ ਕਗਾਰ ‘ਤੇ ਪਹੁੰਚ ਗਏ ਹਨ ਕਿਉਂਕਿ ਉਥੇ ਵਰਤੀ ਜਾਣ ਵਾਲੀ 40% ਕਣਕ ਰੂਸ ਅਤੇ ਯੂਕਰੇਨ ਤੋਂ ਹੀ ਦਰਾਮਦ ਕੀਤੀ ਜਾਂਦੀ ਹੈ।
ਯੂ.ਐਨ.ਉ. ਦੇ ਬੁਲਾਰੇ ਅਮੀਨ ਅੱਵਦ ਨੇ ਜਨੇਵਾ ਵਿਖੇ ਬਿਆਨ ਦਿੱਤਾ ਹੈ ਕਿ ਯੂਕਰੇਨ ਦੀ ਨਾਕਾਬੰਦੀ ਕਾਰਨ ਅਫਰੀਕਾ ਸਮੇਤ ਅਨੇਕਾਂ ਦੇਸ਼ਾਂ ਵਿੱਚ ਭੁੱਖਮਰੀ ਫੈਲ ਰਹੀ ਹੈ ਜਿਸ ਕਾਰਨ 14 ਕਰੋੜ ਅਫਰੀਕਨ ਨਾਗਰਿਕ ਪ੍ਰਭਾਵਿਤ ਹੋਣਗੇ ਤੇ ਜਿਸ ਦੇ ਫਲਸਵਰੂਪ ਦੁਨੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਿਜ਼ਰਤ ਸ਼ੁਰੂ ਹੋ ਸਕਦੀ ਹੈ। ਅਫਰੀਕਾ ਦਾ ਅੱਧੇ ਦੇ ਕਰੀਬ ਇਲਾਕਾ ਖੁਸ਼ਕ ਸਹਾਰਾ ਅਤੇ ਕਾਲਾਹਾਰੀ ਰੇਗਿਸਤਾਨਾਂ ਨੇ ਮੱਲਿਆ ਹੋਇਆ ਹੈ ਤੇ ਬਾਕੀ ਦੇ ਦੇਸ਼ਾਂ ਵਿੱਚ ਵੀ ਜਰੂਰਤ ਅਨੁਸਾਰ ਬਰਸਾਤ ਨਹੀਂ ਹੋ ਰਹੀ। ਅਫਰੀਕਾ ਦੇ ਦੋ ਚਾਰ ਦੇਸ਼ਾਂ ਨੂੰ ਛੱਡ ਕੇ ਬਾਕੀ ਕੋਈ ਵੀ ਆਪਣੇ ਖਾਣ ਯੋਗਾ ਅਨਾਜ਼ ਪੈਦਾ ਨਹੀਂ ਕਰਦਾ। ਯੂਕਰੇਨ ਯੁੱਧ ਤੋਂ ਬਾਅਦ ਅਫਰੀਕਾ ਦੇ ਜਿਆਦਾਤਰ ਦੇਸ਼ਾਂ ਵਿੱਚ ਅਨਾਜ਼ ਦੇ ਰੇਟ ਦੂਣੇ ਤੋਂ ਵੀ ਵਧ ਗਏ ਹਨ। ਸਹਾਰਾ ਰੇਗਿਸਤਾਨ ਵਿੱਚ ਸਥਿੱਤ ਦੇਸ਼ਾਂ ਚਾਡ, ਮਾਲੀ, ਨਾਈਜ਼ਰ, ਮਾਰੀਟਾਨੀਆਂ ਅਤੇ ਸੁਡਾਨ ਆਦਿ ਨੇ ਤਾਂ ਫੂਡ ਐਂਮਰਜੈਂਸੀ ਲਗਾ ਕੇ ਖਾਧ ਪਦਾਰਥਾਂ ਦੀ ਰਾਸ਼ਨਿੰਗ ਸ਼ੁਰੂ ਕਰ ਦਿੱਤੀ ਹੈ। ਮੈਕੀ ਸਾਲ ਨੇ ਪੂਤਿਨ ਨੂੰ ਦੱਸਿਆ ਕਿ ਸਾਡੇ ਦੇਸ਼, ਜਿਨ੍ਹਾਂ ਦਾ ਇਸ ਜੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਪਰ ਉਸ ਦੀ ਅਪੀਲ ਦੇ ਬਾਵਜੂਦ ਅਜੇ ਤੱਕ ਪੂਤਿਨ ਦਾ ਦਿਲ ਨਹੀਂ ਪਸੀਜਿਆ। ਉਸ ਨੇ ਅੱਗੋਂ ਸ਼ਰਤ ਰੱਖ ਦਿੱਤੀ ਹੈ ਕਿ ਜੇ ਅਮਰੀਕਾ ਅਤੇ ਯੂਰਪੀਨ ਦੇਸ਼ ਉਸ ਦੇ ਸਹਿਯੋਗੀ ਦੇਸ਼ ਬੈਲਾਰੂਸ ਤੋਂ ਪਾਬੰਦੀਆਂ ਹਟਾ ਲੈਣ ਤਾਂ ਉਸ ਰਸਤੇ ਅਨਾਜ਼ ਭੇਜਿਆ ਜਾ ਸਕਦਾ ਹੈ। ਰੂਸ ਅਫਰੀਕਾ ਦੀ ਭੁੱਖਮਰੀ ਤੋਂ ਰਾਜਨੀਤਕ ਫਾਇਦਾ ਉਠਾਉਣ ਦੀ ਤਾਕ ਵਿੱਚ ਹੈ। ਉਹ ਜਾਣਦਾ ਹੈ ਕਿ ਜੇ ਅਫਰੀਕਾ ਨੂੰ ਅਨਾਜ਼ ਨਹੀਂ ਮਿਲੇਗਾ ਤਾਂ ਭੁੱਖਮਰੀ ਤੋਂ ਪਰੇਸ਼ਾਨ ਲੱਖਾਂ ਅਫਰੀਕਨ ਰਫਿਊਜ਼ੀ ਲੀਬੀਆ ਅਤੇ ਮਰਾਕੋ ਦੇ ਤੱਟਾਂ ਤੋਂ ਕਿਸ਼ਤੀਆਂ ਰਾਹੀਂ ਸਮੁੰਦਰ ਪਾਰ ਕਰ ਕੇ ਯੂਰਪ ਵਿੱਚ ਘੁਸ ਜਾਣਗੇ ਅਤੇ ਯੂਰਪ ਦੀ ਪਹਿਲਾਂ ਤੋਂ ਹੀ ਚੱਲ ਰਹੀ ਰਫਿਊਜ਼ੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਜਾਵੇਗੀ। ਇਨ੍ਹਾਂ ਦੇਸ਼ਾਂ ਤੋਂ ਸਪੇਨ ਦਾ ਸਮੁੰਦਰੀ ਤੱਟ ਕੁਝ ਹੀ ਦੂਰੀ ‘ਤੇ ਹੈ।
ਤੀਸਰੀ ਵੱਡੀ ਸਮੱਸਿਆ ਰਸਾਇਣਕ ਖਾਦਾਂ ਦੀ ਸਖਤ ਘਾਟ ਦੀ ਆ ਰਹੀ ਹੈ। ਰੂਸ ਸੰਸਾਰ ਦਾ ਚੀਨ, ਭਾਰਤ ਅਤੇ ਅਮਰੀਕਾ ਤੋਂ ਬਾਅਦ ਤੀਸਰਾ ਸਭ ਤੋਂ ਵੱਡਾ ਖਾਦ ਉਤਪਾਦਕ ਅਤੇ ਨੰਬਰ ਇੱਕ ਬਰਾਮਦਕਾਰ ਹੈ। 2020 ਵਿੱਚ ਉਸ ਨੇ 760 ਕਰੋੜ ਡਾਲਰ ਮਾਲੀਅਤ ਦੀ 12 ਕਰੋੜ ਮੀਟਰਕ ਟਨ ਖਾਦ ਨਿਰਯਾਤ ਕੀਤੀ ਸੀ। ਉਸ ਦੀ ਸਭ ਤੋਂ ਵੱਡੀ ਮੰਡੀ ਯੂਰਪ, ਏਸ਼ੀਆ ਅਤੇ ਅਫਰੀਕਾ ਹੈ। ਯੂਕਰੇਨ ਨੇ ਵੀ 2021 ਵਿੱਚ 630 ਕਰੋੜ ਡਾਲਰ ਮਾਲੀਅਤ ਦੀ ਖਾਦ ਨਿਰਯਾਤ ਕੀਤੀ ਸੀ। ਨਾਕਾਬੰਦੀ ਅਤੇ ਬਾਈਕਾਟ ਕਾਰਨ ਹੁਣ ਇਨ੍ਹਾਂ ਦੇਸ਼ਾਂ ਦੀ ਖਾਦ ਗੁਦਾਮਾਂ ਵਿੱਚ ਪਈ ਸੜ ਰਹੀ ਹੈ। ਇਸ ਤੋਂ ਇਲਾਵਾ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਸ਼ਾਂਤੀ ਨਾਲ ਤਰੱਕੀ ਕਰ ਰਹੇ ਯੂਰਪੀਨ ਦੇਸ਼ਾਂ ਨੂੰ ਵੀ ਆਪਣਾ ਸੁਰੱਖਿਆ ਖਰਚਾ ਵਧਾਉਣਾ ਪੈ ਰਿਹਾ ਹੈ। ਕਲ੍ਹ ਤੱਕ ਭਾਰਤ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਜੰਗੀ ਸਾਜ਼ੋ ਸਮਾਨ ਵੇਚ ਕੇ ਮੋਟਾ ਮੁਨਾਫਾ ਕਮਾ ਰਹੇ ਪੱਛਮੀ ਦੇਸ਼ ਹੁਣ ਰੂਸ ਤੋਂ ਆਪਣੀ ਸੁਰੱਖਿਆ ਲਈ ਖਤਰਾ ਮਹਿਸੂਸ ਕਰਨ ਲੱਗ ਪਏ ਹਨ। ਖਾਸ ਤੌਰ ‘ਤੇ ਜਰਮਨੀ, ਪੋਲੈਂਡ, ਫਰਾਂਸ ਅਤੇ ਇੰਗਲੈਂਡ ਨੂੰ ਆਪਣਾ ਸੈਨਿਕ ਖਰਚਾ 20 ਤੋਂ 30% ਤੱਕ ਵਧਾਉਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਕਿ ਵਿਸ਼ਵ ‘ਤੇ ਕੋਈ ਹੋਰ ਸੰਕਟ ਆਵੇ ਜਾਂ ਇਹ ਜੰਗ ਹੋਰ ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲੈ ਲਵੇ, ਇਸ ਦਾ ਕੋਈ ਸਰਵ ਪ੍ਰਵਾਣਿਤ ਹੱਲ ਨਿਕਲਣਾ ਚਾਹੀਦਾ ਹੈ।