ਮੁਰੂਗਪਨ ਪਰਿਵਾਰ ਨੂੰ ਸਥਾਈ ਵੀਜ਼ਾ ਦੇਣਾ ਫੈਡਰਲ ਸਰਕਾਰ ਦਾ ਕੰਮ -ਪਾਲਾਸ਼ਾਈ

ਕਾਫੀ ਸਾਲਾਂ ਤੋਂ ਚਰਚਾ ਵਿੱਚ ਰਿਹਾ ਨਾਦੇਸਲਿੰਘਮ ਪਰਿਵਾਰ ਜਿਸ ਵਿੱਚ ਕਿ ਪਿਤਾ, ਮਾਤਾ ਅਤੇ 2 ਮਾਸੂਮ ਬੱਚੀਆਂ ਸ਼ਾਮਿਲ ਹਨ, ਅਤੇ ਬੀਤੇ 4 ਸਾਲਾਂ ਤੋਂ ਇਹ ਪਰਿਵਾਰ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਾਂ ਵਿੱਚ ਕੈਦੀਆਂ ਦਾ ਜੀਵਨ ਬਿਤਾ ਰਿਹਾ ਸੀ, ਨੂੰ ਹੁਣ ਸਰਕਾਰ ਬਦਲਣ ਤੇ ਨਵੇਂ ਬਣੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵਾਪਿਸ ਕੁਈਨਜ਼ਲੈਂਡ ਵਿੱਚ ਭੇਜ ਦਿੱਤਾ ਹੈ ਜਿੱਥੇ ਕਿ ਉਹ ਕਾਫੀ ਖੁਸ਼ ਹਨ।
ਕੁਈਨਜ਼ਲੈਂਡ ਪ੍ਰੀਮੀਅਰ -ਐਨਸਟੇਸ਼ੀਆ ਪਾਲਾਸ਼ਾਈ ਨੇ ਇਸ ਬਾਬਤ ਗੱਲ ਕਰਦਿਆਂ ਕਿਹਾ ਕਿ ਉਕਤ ਪਰਿਵਾਰ ਨੂੰ ਸਥਾਈ ਵੀਜ਼ਾ ਦੇਣਾ ਹੁਣ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਹ ਸੋਚਣਾ ਵੀ ਉਨ੍ਹਾਂ ਦਾ ਹੀ ਕੰਮ ਹੈ ਕਿ ਇਨ੍ਹਾਂ ਨੂੰ ਸਥਾਈ ਵੀਜ਼ਾ ਦਿੱਤਾ ਜਾਵੇ ਕਿ ਨਾਂ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਤਾਂ ਮਦਦ ਹੀ ਕਰ ਸਕਦੀ ਹੈ ਅਤੇ ਕਰ ਵੀ ਰਹੀ ਹੈ। ਹੁਣ ਸ਼ਰਣਾਰਥੀਆਂ ਦੀਆਂ ਸਮੱਸਿਆਵਾਂ ਅਤੇ ਵੀਜ਼ਾ ਅਰਜ਼ੀਆਂ ਤਾਂ ਫੈਡਰਲ ਸਰਕਾਰ ਦੇ ਹੀ ਹੱਥ ਵਿੱਚ ਹੁੰਦੀਆਂ ਹਨ। ਪਰੰਤੂ ਇਹ ਸੰਤੋਸ਼ਜਨਕ ਗੱਲ ਹੈ ਕਿ ਆਖਿਰ ਉਕਤ ਪਰਿਵਾਰ ਕਾਫੀ ਮੁਸੀਬਤਾਂ ਭਰਿਆ ਸਮਾਂ ਕੱਟ ਕੇ ਕੁਈਨਜ਼ਲੈਂਡ ਵਾਪਿਸ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਉਕਤ ਪਰਿਵਾਰ ਵਾਸਤੇ ਲੋਕਾਂ ਨੇ ਮਦਦ ਕਰਦਿਆਂ, ਦੋ ਲੱਖ ਦੇ ਕਰੀਬ ਆਸਟ੍ਰੇਲੀਆ ਡਾਲਰਾਂ ਦਾ ਫੰਡ ਵੀ ਜਮ੍ਹਾਂ ਕਰ ਲਿਆ ਹੈ ਅਤੇ ਇਹ ਫੰਡ ਮੂਰੂਗਪਨ ਪਰਿਵਾਰ ਨੂੰ ਦਿੱਤਾ ਜਾਵੇਗਾ ਕਿਉਂਕਿ ਬੀਤੇ 4 ਸਾਲਾਂ ਵਿੱਚ ਉਨ੍ਹਾਂ ਨੇ ਆਪਣਾ ਬਹੁਤ ਕੁੱਝ ਗੰਵਾਇਆ ਹੈ ਅਤੇ ਇਸੇ ਫੰਡ ਨਾਲ ਉਨ੍ਹਾਂ ਨੂੰ ਮੁੜ ਤੋਂ ਆਪਣਾ ਜੀਵਨ ਸ਼ਰੂ ਕਰਨ ਵਿੱਚ ਮਦਦ ਕੀਤੀ ਜਾ ਰਹੀ ਹੈ।