ਸਰੀ ਵਿਚ ਪ੍ਰੋ. ਗੁਰਭਜਨ ਗਿੱਲ ਦੀ ਗੀਤਾਂ ਦੀ ਪੁਸਤਕ ‘ਪਿੱਪਲ ਪੱਤੀਆਂ’ ਦਾ ਲੋਕ ਅਰਪਣ

ਗੁਰਭਜਨ ਦੇ ਗੀਤਾਂ ਵਿਚ ਪੰਜਾਬ ਦਾ ਵਿਰਸਾ, ਸੱਭਿਆਚਾਰ, ਲੋਕ-ਦਰਦ ਸਮੋਇਆ ਹੋਇਆ ਹੈ -ਰਵਿੰਦਰ ਰਵੀ

ਸਰੀ– ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਉਘੇ ਪੰਜਾਬੀ ਸ਼ਾਇਰ ਪ੍ਰੋ. ਗੁਰਭਜਨ ਗਿੱਲ ਦੀ ਗੀਤਾਂ ਦੀ ਪੁਸਤਕ ‘ਪਿੱਪਲ ਪੱਤੀਆਂ’ ਲੋਕ ਅਰਪਣ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਰਚਾਇਆ ਗਿਆ। ਪ੍ਰਸਿੱਧ ਪੰਜਾਬੀ ਗਾਇਕ ਤੇ ਗੀਤਕਾਰ ਸੁਰਜੀਤ ਸਿੰਘ ਮਾਧੋਪੁਰੀ ਦੇ ਯੌਰਕ ਸੈਂਟਰ, ਸਰੀ ਵਿਖੇ ਸਥਿਤ ਦਫਤਰ ਵਿਚ ਕਰਵਾਏ ਇਸ ਪ੍ਰੋਗਰਾਮ ਦੌਰਾਨ ਗੁਰਭਜਨ ਗਿੱਲ ਅਤੇ ਮੁੱਖ ਮਹਿਮਾਨ ਰਵਿੰਦਰ ਰਵੀ ਜ਼ੂਮ ਰਾਹੀਂ ਵੱਡੀ ਸਕਰੀਨ ਉਪਰ ਹਾਜ਼ਰ ਰਹੇ।  ਪੁਸਤਕ ਨੂੰ ਲੋਕ ਅਰਪਣ ਕਰਨ ਲਈ ਸਰੀ ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ। ਪ੍ਰੋਗਰਾਮ ਦਾ ਆਗਾਜ਼ ਪ੍ਰਬੰਧਕ ਸੁਰਜੀਤ ਸਿੰਘ ਮਾਧੋਪੁਰੀ ਦੇ ਪਿਆਰ ਭਰੇ ਸਵਾਗਤੀ ਸ਼ਬਦਾਂ ਨਾਲ ਹੋਇਆ।

ਇਸ ਪੁਸਤਕ ਉਪਰ ਬੋਲਦਿਆਂ ਮੁੱਖ ਮਹਿਮਾਨ ਰਵਿੰਦਰ ਰਵੀ ਪੁਸਤਕ ਵਿਚਲੇ ਗੀਤਾਂ ਦੀ ਗਹਿਰਾਈ ਬਾਰੇ ਵਿਸ਼ੇਸ਼ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਗੀਤਾਂ ਵਿਚ ਪੰਜਾਬ ਦਾ ਸੱਭਿਆਚਾਰ ਹੈ, ਪੰਜਾਬ ਦਾ ਲੋਕ ਵਿਰਸਾ ਸਮੋਇਆ ਹੋਇਆ ਹੈ, ਪੰਜਾਬ ਤੇ ਪੰਜਾਬੀਆਂ ਦਾ ਦਰਦ ਹੈ। ਪ੍ਰੋ. ਪ੍ਰਿਥੀਪਾਲ ਸਿੰਘ ਸੋਹੀ ਨੇ ਗੁਰਭਜਨ ਗਿੱਲ ਵੱਲੋਂ ਕੀਤੇ ਜਾ ਰਹੇ ਸਾਹਿਤਕ ਕਾਰਜਾਂ ਅਤੇ ਕਵਿਤਾ, ਗ਼ਜ਼ਲ, ਗੀਤ ਰਾਹੀਂ ਪੰਜਾਬੀ ਕਾਵਿ ਮੁਹਾਂਦਰਾ ਸੰਵਾਰਨ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ। ਸ਼ਾਇਰ ਮੋਹਨ ਗਿੱਲ ਨੇ ਗੁਰਭਜ਼ਨ ਗਿੱਲ ਦਾ ਕਾਵਿ ਚਿਤਰਣ ਪੇਸ਼ ਕੀਤਾ ਅਤੇ ਵਿਸ਼ੇਸ਼ ਕਰਕੇ ਗੌਰਮਿੰਟ ਕਾਲਜ ਲੁਧਿਆਣਾ ਵਿਚ ਉਨ੍ਹਾਂ ਨਾਲ ਬਿਤਾਏ ਦਿਨਾਂ ਨੂੰ ਯਾਦ ਕੀਤਾ।

 ਹਾਜ਼ਰੀਨ ਲੇਖਕਾਂ, ਪ੍ਰਸੰਸਕਾਂ ਨੇ ਆਪਣੀ ਜਾਣ ਪਹਿਚਾਣ ਕਰਵਾਉਣ ਦੇ ਨਾਲ ਨਾਲ ‘ਪਿੱਪਲ ਪੱਤੀਆਂ’ ਪੁਸਤਕ ਲਈ ਗੁਰਭਜਨ ਗਿੱਲ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਵੱਲੋਂ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਵਿਸ਼ਵ ਭਰ ਵਿਚ ਪ੍ਰਚਾਰਨ ਅਤੇ ਕੌਮਾਂਤਰੀ ਸਫੀਰ ਵਜੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਉਘੇ ਕਵੀ ਕਵਿੰਦਰ ਚਾਂਦ ਨੇ ਆਪਣੀ ਨਜ਼ਮ “ਮੁਆਫੀਨਾਮਾ’ ਰਾਹੀਂ ਸਮਾਗਮ ਵਿਚ ਸਾਹਿਤਕ ਰੰਗ ਭਰਿਆ। ਰੁਪਿੰਦਰ ਰੂਪੀ ਖੈਰ੍ਹਾ ਨੇ ਗੁਰਭਜਨ ਗਿੱਲ ਦੀ ਪੁਸਤਕ ‘ਚੋਂ ਇਕ ਗੀਤ ਗਾ ਕੇ ਸੁਣਾਇਆ।

ਗੁਰਭਜਨ ਗਿੱਲ ਨੇ ਸਾਰੇ ਦੋਸਤਾਂ, ਪ੍ਰਸੰਸਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ ਵਿਚ ਬੈਠ ਕੇ ਏਨਾ ਮਾਣ ਸਨਮਾਨ ਦੇਣ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਰਵਿੰਦਰ ਰਵੀ ਵੱਲੋਂ ਦਿੱਤਾ ਥਾਪੜਾ ਮੇਰੇ ਲਈ ਬਹੁਤ ਵੱਡਾ ਮਾਣ ਹੈ। ਗੁਰਭਜਨ ਗਿੱਲ ਨੇ ਪੰਜਾਬੀ ਕਵੀਆਂ ਨੂੰ ਕਵਿਤਾ ਦੀਆਂ ਵੱਖ ਵੱਖ ਵੰਨਗੀਆਂ ਵਿਚ ਰਚਨਾ ਕਰਨ ਲਈ ਪ੍ਰੇਰਿਆ। ਅੰਤ ਵਿਚ ਪ੍ਰਿਤਪਾਲ ਸਿੰਘ ਗਿੱਲ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕੁਲਦੀਪ ਗਿੱਲ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ।

ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਡਾ. ਰਣਜੀਤ ਪੰਨੂ, ਜਰਨੈਲ ਸਿੰਘ ਆਰਟਿਸਟ, ਡਾ. ਰਿਸ਼ੀ ਸਿੰਘ, ਹਰਸ਼ਰਨ ਕੌਰ, ਸੁਖਵਿੰਦਰ ਚੋਹਲਾ, ਮੇਜਰ ਸਿੰਘ ਰੰਧਾਵਾ, ਹਰਜਿੰਦਰ ਠਾਣਾ, ਭੁਪਿੰਦਰ ਮੱਲੀ, ਅੰਗਰੇਜ਼ ਬਰਾੜ, ਪਲਵਿੰਦਰ ਰੰਧਾਵਾ, ਦਰਸ਼ਨ ਸੰਘਾ, ਹਰਿੰਦਰਜੀਤ ਸੰਧੂ, ਇਦਰਜੀਤ ਧਾਮੀ, ਕਵਿੰਦਰ ਚਾਂਦ, ਹਰਦਮ ਮਾਨ, ਮਨਿੰਦਰ ਗਿੱਲ, ਬਿੱਲ ਸੰਧੂ, ਇੰਦਰਪਾਲ ਸੰਧੂ, ਖੁਸ਼ਹਾਲ ਗਲੋਟੀ, ਕੁਲਵਿੰਦਰ ਔਜਲਾ, ਹਰਜੀਤ ਬੈਂਸ, ਲਵੀ ਪੰਨੂ, ਬਖਸ਼ਪ੍ਰੀਤ ਗਿੱਲ, ਇਕਬਾਲ ਸਿੰਘ ਝੂਟੀ, ਗੁਰਨਾਮ ਸਿੰਘ ਕਲੇਰ, ਕਰਤਾਰ ਸਿੰਘ ਸੰਧੂ ਸ਼ਾਮਲ ਸਨ।

(ਹਰਦਮ ਮਾਨ)
+1 604 308 6663
maanbabushahi@gmail.com