ਭਾਰਤੀ ਦੂਤਾਵਾਸ: ਆਪਣਾ ਟਿਕਾਣਾ ਆਪਣਾ ਹੀ ਹੁੰਦਾ -‘ਹਾਈ ਕਮਿਸ਼ਨ ਆਫ ਇੰਡੀਆ’ ਵਲਿੰਗਟਨ ਦਫ਼ਤਰ ਦਾ ਧਾਰਮਿਕ ਰਸਮਾਂ ਨਾਲ ਹੋਇਆ ਉਦਘਾਟਨ

– ਗੁਰਦੁਆਰਾ ਸਾਹਿਬ ਵਲਿੰਗਟਨ ਭਾਈ ਸਾਹਿਬ ਨੇ ਵੀ ਕੀਤੀ ਅਰਦਾਸ ਤੇ ਵੰਡਿਆ ਪ੍ਰਸ਼ਾਦਿ

-1923 ਵਰਗ ਮੀਟਰ ਜ਼ਮੀਨ ’ਤੇ  6435 ਵਰਗ ਮੀਟਰ ਛੱਤਿਆ ਗਿਆ ਹੈ।

(ਔਕਲੈਂਡ): ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ 72, ਪੀਪੀਟੀਆ ਸਟ੍ਰੀਟ, ਥ੍ਰੋਨਡਨ ਉਤੇ ‘ਹਾਈ ਕਮਿਸ਼ਨ ਆਫ ਇੰਡੀਆ’ ਦੇ ਨਵੇਂ ਬਣੇ ਖੁੱਲ੍ਹੇ-ਡੁੱਲ੍ਹੇ ਬਹੁ ਮੰਜ਼ਿਲੀ ਦਫਤਰ ਦਾ ਕੱਲ੍ਹ ਗ੍ਰਹਿ ਪ੍ਰਵੇਸ਼ ਹੋ ਗਿਆ ਹੈ। ਇਸ ਮੌਕੇ ਕਈ ਧਾਰਮਿਕ ਰਹੁ ਰੀਤੀਆਂ ਦੇ ਨਾਲ ਸ੍ਰੀ ਗਣੇਸ਼ ਕਰਦਿਆਂ ਉਸ ਪ੍ਰਮਾਤਮਾ ਦਾ ਨਾਂਅ ਲੈ ਕੇ ਇਸ ਇਮਾਰਤ ਨੂੰ ਵਰਤਣ ਦੀ ਆਰੰਭਤਾ ਕੀਤੀ ਗਈ। ਦੇਸ਼ ਦੇ ਮੂਲ ਬਾਸ਼ਿੰਦਿਆਂ ਦੀ ਸ਼ਮੂਲੀਅਤ ਕਰਦਿਆਂ ਮਾਓਰੀ ਆਗੂ ਨੇ, ਕ੍ਰਿਸਚੀਅਨ  ਪਾਦਰੀ ਵੱਲੋਂ ਵੀ ਪ੍ਰਾਰਥਨਾ ਕੀਤੀ ਗਈ। ਗੁਰਦੁਆਰਾ ਸਾਹਿਬ ਵਲਿੰਗਟਨ ਦੇ ਗ੍ਰੰਥੀ ਭਾਈ ਦਲਬੀਰ ਸਿੰਘ ਨੇ ਸਿੱਖ ਮਰਿਯਾਦਾ ਅਨੁਸਾਰ ਅਰਦਾਸ ਕੀਤੀ ਅਤੇ ਪ੍ਰਸ਼ਾਦਿ ਵੀ ਵਰਤਾਇਆ। ਬੋਧੀ ਸਮਾਜ ਵੱਲੋਂ ਵੀ ਅਰਦਾਸ ਹੋਈ। ਮੌਜੂਦਾ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸ਼ੀ ਨੇ ਜਿੱਥੇ ਉਦਘਾਟਨੀ ਪੱਥਰ ਤੋਂ ਪਰਦਾ ਉਠਾਇਆ ਉਥੇ ਇਸ ਇਮਾਰਤ ਨੂੰ ਬਨਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ। ਧਾਰਮਿਕ ਪ੍ਰਤੀਨਿਧੀਆਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਹਾਈ ਕਮਿਸ਼ਨਰ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਦੇ ਮਨਾਏ ਜਾ ਰਹੇ ਜਸ਼ਨਾਂ ਵਿਚ ਇਹ ਇਕ ਮੀਲ ਪੱਥਰ ਹੈ। ਇਹ ਵੀ ਇਕ ਖਾਸ ਗੱਲ ਰਹੀ ਹੈ ਕਿ ਇਸ ਦਫਤਰ ਦਾ ਪਤਾ ਅੰਕ 72 ਤੋਂ ਸ਼ੁਰੂ ਹੁੰਦਾ ਹੈ ਅਤੇ 72 ਸਾਲ ਤੋਂ ਇਥੇ ਭਾਰਤੀ ਸਰਕਾਰ ਦੀ ਪ੍ਰਤੀਨਿਧਤਾ ਹੋ ਰਹੀ ਹੈ। ਵਰਨਣੋਗ ਹੈ ਕਿ ਨਿਊਜ਼ੀਲੈਂਡ ਭਾਰਤ ਦੇ ਰਿਸ਼ਤੇ ਆਜ਼ਾਦ ਭਾਰਤ ਦੇ 3 ਸਾਲ ਬਾਅਦ 1950 ਵਿਚ ‘ਟ੍ਰੇਡ ਕਮਿਸ਼ਨ’ ਰਾਹੀਂ ਸ਼ੁਰੂ ਹੋਏ ਸਨ ਅਤੇ 1952 ਦੇ ਵਿਚ ਇਥੇ ਭਾਰਤੀ ਦੂਤਾਵਾਸ ਹੋਂਦ ਵਿਚ ਆ ਗਿਆ ਤੇ ਰਾਜਸੀ ਰਿਸ਼ਤੇ ਕਾਇਮ ਹੋਏ ਸਨ। ਸਮਾਗਮ ਦੇ ਅੰਤ ਵਿਚ ਭਾਰਤੀ ਤਿਰੰਗਾ ਝੰਡਾ ਲਹਿਰਾ ਕੇ, ਰਾਜਸੀ ਚਿੰਨ੍ਹ ਅਤੇ ਉਦਘਾਟਨੀ ਪੱਥਰ ਉਤੋਂ ਪਰਦਾ ਉਠਾ ਕੇ ਭਾਰਤੀ ਰਾਸ਼ਟਰੀ ਗੀਤ ਦੇ ਨਾਲ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਦਿੱਤੀ ਗਈ।
ਦਿਲਚਸਪ ਜਾਣਕਾਰੀ: ਇਹ ਨਵਾਂ ਦਫਤਰ  ਸੰਨ 2009 ਦੇ ਵਿਚ 8.22 ਮਿਲੀਅਨ ਡਾਲਰ (40 ਕਰੋੜ ਭਾਰਤੀ ਰੁਪਏ) ਦੇ ਨਾਲ ਖਰੀਦੀ ਗਈ 1923 ਵਰਗ ਮੀਟਰ ਜ਼ਮੀਨ ਦੇ ਉਤੇ ਨਿਊਜ਼ੀਲੈਂਡ ਪਾਰਲੀਮੈਂਟ ਦੇ ਬਿਲਕੁਲ ਨਜ਼ਦੀਕ ਇਕ ਸੜਕੀ ਮੋੜ ਉਤੇ ਬਣਾਇਆ ਗਿਆ ਹੈ।  ਛੱਤਿਆ ਹੋਇਆ ਖੇਤਰਫਲ 6435 ਵਰਗ ਮੀਟਰ ਹੈ ਅਤੇ ਦਫਤਰ ਲਗਪਗ 6 ਸਾਲਾਂ ਦੇ ਵਿਚ ਬਣ ਕੇ ਤਿਆਰ ਹੋਇਆ ਹੈ। ਇਹ 300 ਲੋਕਾਂ ਨੂੰ ਬਿਠਾਉਣ ਦੀ ਸਮਰੱਥਾ ਰੱਖਦਾ ਹੈ। 12 ਕੌਂਸਲਰ ਰਿਹਾਇਸ਼ੀ ਅਪਾਰਟਮੈਂਟ ਹਨ।  ਪਾਰਲੀਮੈਂਟ ਤੋਂ ਲਗਪਗ 350 ਮੀਟਰ ਦੀ ਦੂਰੀ ਉਤੇ ਹੀ ਇਹ ਦਫਤਰ ਬਣਾਇਆ ਗਿਆ ਹੈ। ਇਹ ਜ਼ਮੀਨ ਹੁਣ ਭਾਰਤੀ ਰਾਸ਼ਟਰਪਤੀ ਦੇ ਨਾਂਅ ਉਤੇ ਹੋਣ ਕਰਕੇ ਭਾਰਤ ਦੇ ਨਾਂਅ ਹੋ ਗਈ ਹੈ, ਜਿੱਥੇ ਚਾਰ ਸ਼ੇਰਾਂ ਵਾਲੇ ਪਾਸਪੋਰਟ ਬਣਿਆ ਕਰਨੇ, ਓ. ਸੀ. ਆਈ. ਕਾਰਡ ਬਨਣਗੇ, ਪੁਲਿਸ ਕਲੀਅਰਿੰਸ ਮੋਹਰਾਂ ਲੱਗ ਕੇ ਨਿਕਲੇਗੀ ਅਤੇ ਤੱਤਕਾਲੀਨ ਦਸਤਾਵੇਜ਼ ਤਿਆਰ ਹੋ ਕੇ ਪ੍ਰਵਾਸੀ ਭਾਰਤੀਆਂ ਦੀ ਝੋਲੀ ਪਿਆ ਕਰਨਗੇ। ਇਸ ਵੇਲੇ ਭਾਰਤੀ ਹਾਈ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸੀ 2019 ਤੋਂ ਹਨ ਜਦ ਕਿ ਅਕਤੂਬਰ 2017 ਤੋਂ ਔਕਲੈਂਡ ਸਥਿਤ ਭਾਰਤੀ ਦੂਤਾਵਾਸ ਦੇ ਆਨਰੇਰੀ ਕੌਂਸਿਨ ਹਨ ਸ. ਭਵਦੀਪ ਸਿੰਘ ਢਿੱਲੋਂ ਸੇਵਾਵਾਂ ਜਾਰੀ ਰੱਖ ਰਹੇ ਹਨ।
 ਜਿਸ ਕੰਪਨੀ ਨੂੰ ਪਹਿਲਾਂ ਇਹ ਦਫਤਰ ਬਨਾਉਣਾ ਦਿੱਤਾ ਗਿਆ ਸੀ, ਉਸਨੇ ਜੁਲਾਈ 2019 ਦੇ ਵਿਚ ਦਫਤਰ ਬਣਾ ਕੇ ਦੇਣਾ ਸੀ, ਪਰ ਉਪ ਕੰਪਨੀ ਦੀਵਾਲੀਏਪਨ ਦਾ ਸ਼ਿਕਾਰ ਹੋ ਗਈ ਅਤੇ ਦੁਬਾਰਾ ਠੇਕਾ ਕਿਸੀ ਹੋਰ ਕੰਪਨੀ ਨੂੰ ਦਿੱਤਾ ਗਿਆ ਜਿਸ ਨੇ ਇਹ ਦਫਤਰ ਮਾਰਚ 2021 ਦੇ ਵਿਚ ਤਿਆਰ ਕਰ ਕੇ ਦੇਣਾ ਸੀ, ਪਰ ਕਰੋਨਾ ਦੇ ਚਲਦਿਆਂ ਇਸ ਨੂੰ ਇਕ ਸਾਲ ਹੋਰ ਲੱਗ ਗਿਆ। ਇਮਾਰਤ ਬਨਾਉਣ ਉਤੇ ਲਗਪਗ 80 ਮਿਲੀਅਨ ਡਾਲਰ ਖਰਚਿਆ ਗਿਆ ਹੈ। ਇਮਾਰਤ ਦੇ ਵਿਚ ਲੱਗਾ ਪੱਥਰ ਰਾਜਸਥਾਨ ਤੋਂ ਮੰਗਵਾਇਆ ਗਿਆ ਹੈ ਅਤੇ ਕਸ਼ਮੀਰ ਘਾਟੀ ਦੇ ਵਿਚ ਪਾਇਆ ਜਾਣ ਵਾਲਾ ਲਾਲ ਰੰਗੇ ਪੱਤਿਆਂ ਵਾਲਾ ਪੱਤਝੜੀ ਦਰੱਖਤ ‘ਚਿਨਾਰ’ ਵੀ ਲਗਾਇਆ ਗਿਆ ਹੈ। ਭਾਰਤੀ ਸੰਸਕ੍ਰਿਤੀ ਦੀਆਂ ਇਥੇ ਕਈ ਝਲਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਨਵਾਂ ਦਫਤਰ 8 ਜੂਨ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰੇਗਾ: 72 ਪੀਪੀਟੀਆ ਸਟ੍ਰੀਟ ਵਾਲਾ ਨਵਾਂ ਦਫਤਰ 8 ਜੂਨ ਦਿਨ ਬੁੱਧਵਾਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਪੁਰਾਣੇ ਦਫਤਰ ਵਿਖੇ 3 ਜੂਨ ਨੂੰ ਦੁਪਹਿਰ ਤੱਕ ਹੀ ਅਰਜ਼ੀਆਂ ਲਈਆਂ ਜਾਣਗੀਆਂ॥ 6 ਅਤੇ 7 ਜੂਨ ਨੂੰ ਦਫਤਰ ਤਬਦੀਲ ਕੀਤੇ ਜਾਣ ਕਰਕੇ ਪੁਰਾਣੇ ਦਫਤਰ ਅਰਜ਼ੀ ਦਾਤਾਵਾਂ ਦਾ ਆਉਣਾ-ਜਾਣਾ ਬੰਦ ਰਹੇਗਾ। 3 ਜੂਨ ਤੋਂ ਬਾਅਦ ਮਿਲਣ ਵਾਲੇ ਸਾਰੇ ਕੋਰੀਅਰ ਨਵੇਂ ਐਡਰੈਸ ਉਤੇ ਭੇਜੇ ਜਾਣਗੇ।