72 ਪੀਪੀਟੀਆ ਸਟ੍ਰੀਟ, ਥਰੋਨਡਨ ਹੁਣ ਭਾਰਤ ਦੇ ਨਾਂਅ
ਅਗਸਤ 1963 ਦੇ ਵਿਚ ਬਣਿਆ ਸੀ ਭਾਰਤੀ ਹਾਈ ਕਮਿਸ਼ਨ
(ਔਕਲੈਂਡ): ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ‘ਹਾਈ ਕਮਿਸ਼ਨ ਆਫ ਇੰਡੀਆ’ ਦਾ ਨਵਾਂ ਖੁੱਲ੍ਹਾ-ਡੁੱਲ੍ਹਾ ਬਹੁ ਮੰਜ਼ਿਲੀ ਦਫਤਰ ਬਣ ਕੇ ਤਿਆਰ ਹੋ ਗਿਆ ਹੈ। 72, ਪੀਪੀਟੀਆ ਸਟ੍ਰੀਟ, ਥ੍ਰੋਨਡਨ ਵਿਖੇ ਇਸ ਇਮਾਰਤ ਨੂੰ ਬਨਣ ਨੂੰ ਕਾਫੀ ਸਮਾਂ ਲੱਗ ਗਿਆ ਹੈ। ਇਹ 300 ਲੋਕਾਂ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ। 12 ਕੌਂਸਲਰ ਅਪਾਰਟਮੈਂਟ ਹਨ। ਪਾਰਲੀਮੈਂਟ ਤੋਂ ਲਗਪਗ 350 ਮੀਟਰ ਦੀ ਦੂਰੀ ਉਤੇ ਇਹ ਦਫਤਰ ਬਣਾਇਆ ਗਿਆ ਹੈ। ਇਹ ਜ਼ਮੀਨ ਹੁਣ ਭਾਰਤੀ ਰਾਸ਼ਟਰਪਤੀ ਦੇ ਨਾਂਅ ਉਤੇ ਹੋਣ ਕਰਕੇ ਭਾਰਤ ਦੇ ਨਾਂਅ ਹੋ ਗਈ ਹੈ, ਜਿੱਥੇ ਚਾਰ ਸ਼ੇਰਾਂ ਵਾਲੇ ਪਾਸਪੋਰਟ ਬਣਿਆ ਕਰਨੇ, ਓ. ਸੀ. ਆਈ. ਕਾਰਡ ਬਨਣਗੇ, ਪੁਲਿਸ ਕਲੀਅਰਿੰਸ ਨਿਕਲੇਗੀ ਅਤੇ ਤੱਤਕਾਲੀਨ ਦਸਤਾਵੇਜ਼ ਤਿਆਰ ਹੋ ਕੇ ਪ੍ਰਵਾਸੀ ਭਾਰਤੀਆਂ ਦੀ ਝੋਲੀ ਪਿਆ ਕਰਨਗੇ। ਨਵੇਂ ਬਣੇ ਹਾਈ ਕਮਿਸ਼ਨ ਅੰਦਰ ਗ੍ਰਹਿ ਪ੍ਰਵੇਸ਼ 5 ਜੂਨ 2022 ਨੂੰ ਕੀਤਾ ਜਾ ਰਿਹਾ ਹੈ। ਇਸ ਦੇ ਲਈ ਸਾਰੇ ਭਾਰਤੀਆਂ ਅਤੇ ਉਨ੍ਹਾਂ ਦੇ ਦੋਸਤਾਂ ਮਿੱਤਰਾਂ ਨੂੰ ਸੱਦਾ ਦਿੱਤਾ ਗਿਆ ਹੈ। ਗ੍ਰਹਿ ਪ੍ਰਵੇਸ਼ ਸਮਾਗਮ ਸਵੇਰੇ 8.45 ਵਜੇ ਸ਼ੁਰੂ ਹੋ ਜਾਵੇਗਾ ਜੋ ਕਿ 10.30 ਤੱਕ ਚੱਲੇਗਾ। 9 ਵਜੇ ਧਾਰਮਿਕ ਪੂਜਾ ਹੋਵੇਗੀ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਜਾਵੇਗਾ। ਸਵੇਰੇ 10.15 ਵਜੇ ਭਾਰਤ ਦੇ ਰਾਜਸੀ ਪ੍ਰਤੀਕ ਚਿੰਨ ਅਸ਼ੋਕ ਸਤੰਭ (ਚਾਰ ਸ਼ੇਰਾਂ ਵਾਲਾ) ਜਿਸਦੇ ਹੇਠਾਂ ‘ਸਤਿਆਮੇਵ ਜਯਤੇ’ ਉਤੋਂ ਪਰਦਾ ਚੁੱਕਿਆ ਜਾਵੇਗਾ ਅਤੇ ਤਿਰੰਗਾ ਲਹਿਰਾਇਆ ਜਾਵੇਗਾ। ਇਸ ਉਪਰੰਤ 52 ਸੈਕਿੰਡ ਵਾਲੇ ਭਾਰਤੀ ਰਾਸ਼ਟਰੀ ਗੀਤ ਜਨ-ਗਨ-ਮਨ ਦਾ ਗਾਇਨ ਹੋਵੇਗਾ ਤੇ ਫਿਰ ਪ੍ਰਸ਼ਾਦ ਵਰਤਾਇਆ ਜਾਵੇਗਾ। ਭਾਰਤ ਆਜ਼ਦੀ ਦਾ 75ਵਾਂ ਸਾਲ ਮਨਾ ਰਿਹਾ ਹੈ ਅਤੇ ਇਸ ਦਰਮਿਆਨ ਨਿਊਜ਼ੀਲੈਂਡ ਅੰਦਰ ਆਪਣੀ ਇਮਾਰਤ ਬਣ ਜਾਣੀ ਵੀ ਮਾਅਨੇ ਰੱਖਦੀ ਹੈ। ਇਸ ਵੇਲੇ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸੀ ਹਨ ਜਦ ਕਿ ਔਕਲੈਂਡ ਸਥਿਤ ਭਾਰਤੀ ਦੂਤਾਵਾਸ ਦੇ ਆਨਰੇਰੀ ਕੌਂਸਿਨ ਹਨ ਸ. ਭਵਦੀਪ ਸਿੰਘ ਢਿੱਲੋਂ। ਭਾਰਤੀ ਹਾਈ ਕਮਿਸ਼ਨ 1963 ਦੇ ਵਿਚ ਪਹਿਲੀ ਵਾਰ ਨਿਊਜ਼ੀਲੈਂਡ ਬਣਿਆ ਸੀ। ਸੋ ਵਲਿੰਗਟਨ ਵਿਖੇ ਭਾਰਤੀ ਦੂਤਾਵਾਸ ਦਾ ਆਪਣਾ ਟਿਕਾਣਾ ਬਣ ਗਿਆ ਹੈ ਅਤੇ ਸਾਰਿਆਂ ਨੂੰ ਆਉਣ ਲਈ ਸੱਦਾ ਦਿੱਤਾ ਗਿਆ ਹੈ।
ਨਵਾਂ ਦਫਤਰ 8 ਜੂਨ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰੇਗਾ: 72 ਪੀਪੀਟੀਆ ਸਟ੍ਰੀਟ ਵਾਲਾ ਨਵਾਂ ਦਫਤਰ 8 ਜੂਨ ਦਿਨ ਬੁੱਧਵਾਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਪੁਰਾਣੇ ਦਫਤਰ ਵਿਖੇ 3 ਜੂਨ ਨੂੰ ਦੁਪਹਿਰ ਤੱਕ ਹੀ ਅਰਜ਼ੀਆਂ ਲਈਆਂ ਜਾਣਗੀਆਂ॥ 6 ਅਤੇ 7 ਜੂਨ ਨੂੰ ਦਫਤਰ ਤਬਦੀਲ ਕੀਤੇ ਜਾਣ ਕਰਕੇ ਪੁਰਾਣੇ ਦਫਤਰ ਅਰਜ਼ੀ ਦਾਤਾਵਾਂ ਦਾ ਆਉਣਾ-ਜਾਣਾ ਬੰਦ ਰਹੇਗਾ। 3 ਜੂਨ ਤੋਂ ਬਾਅਦ ਮਿਲਣ ਵਾਲੇ ਸਾਰੇ ਕੋਰੀਅਰ ਨਵੇਂ ਐਡਰੈਸ ਉਤੇ ਭੇਜੇ ਜਾਣਗੇ।