ਗ਼ੈਰ-ਕਾਨੂੰਨੀ ਫੰਡ ਟ੍ਰਾਂਸਫਰ: ਕਰਾਊਨ ਕਸੀਨੋ ਨੂੰ 80 ਮਿਲੀਅਨ ਡਾਲਰਾਂ ਦਾ ਜੁਰਮਾਨਾ

ਚੀਨ ਤੋਂ ਗ਼ੈਰ-ਕਾਨੂੰਨੀ ਫੰਡ ਟ੍ਰਾਂਸਫਰ ਕਰਨ ਦੇ ਦੋਸ਼ ਹੇਠ, ਮੈਲਬੋਰਨ ਵਿਚਲੇ ਕਰਾਊਨ ਕਸੀਨੋ ਨੂੰ, ਵਿਕਟੌਰੀਆ ਗੈਂਬਲਿੰਗ ਅਤੇ ਕਸੀਨੋ ਕੰਟਰੋਲ ਕਮਿਸ਼ਨ ਦੁਆਰਾ 80 ਮਿਲੀਅਨ ਡਾਲਰਾਂ ਦਾ ਜੁਰਮਾਨਾ ਕੀਤਾ ਗਿਆ ਹੈ।
ਰਾਇਲ ਕਮਿਸ਼ਨ ਦੀ ਉਕਤ ਪੜਤਾਲ ਨੇ ਇਹ ਪਾਇਆ ਹੈ ਕਿ ਕਰਾਊਨ ਕਸੀਨੋ ਨੇ ਚੀਨ ਦੇ ਬੈਂਕ ਕਾਰਡਾਂ ਦੇ ਜ਼ਰੀਏ ਸਾਲ 2012 ਤੋਂ 2016 ਤੱਕ ਅੰਤਰ-ਰਾਸ਼ਟਰੀ ਪੱਧਰ ਉਪਰ ਬਹੁਤ ਸਾਰੇ ਲੋਕਾਂ ਨੂੰ ਅਜਿਹੇ ਆਦਾਨ ਪ੍ਰਦਾਨ ਕਰਨ ਦੀ ਇਜਾਜ਼ਤ ਦਿੱਤੀ ਹੋਈ ਸੀ ਅਤੇ ਇਸ ਦੇ ਤਹਿਤ ਬਹੁਤ ਸਾਰੇ ਚੀਨੀ ਫੰਡਾਂ ਦਾ ਆਦਾਨ ਪ੍ਰਦਾਨ ਹੋਇਆ ਵੀ ਹੈ।
ਅਸਲ ਵਿੱਚ ਉਸ ਸਮੇਂ ਦੌਰਾਨ ਚੀਨੀ ਨਾਗਰਿਕਾਂ ਵਾਸਤੇ ਸਿਰਫ 69,500 ਡਾਲਰਾਂ ਤੱਕ ਦੀ ਇੱਕ ਸੀਮਿਤ ਰਾਸ਼ੀ ਦੇ ਅਦਾਨ-ਪ੍ਰਦਾਨ ਦੀ ਹੀ ਆਗਿਆ ਦਿੱਤੀ ਗਈ ਸੀ।
ਪੜਤਾਲ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਕਤ ਕਸੀਨੇ ਨੇ ਤਕਰੀਬਨ 164 ਮਿਲੀਅਨ ਡਾਲਰਾਂ ਦਾ ਅਦਾਨ-ਪ੍ਰਦਾਨ ਗ਼ੈਰ-ਕਾਨੂੰਨੀ ਢੰਗਾਂ ਨਾਲ ਕੀਤਾ ਅਤੇ 32 ਮਿਲੀਅਨ ਡਾਲਰਾਂ ਤੋਂ ਵੀ ਜ਼ਿਆਦਾ ਦਾ ਸਰਕਾਰੀ ਰੈਵਿਨਿਊ ਨੂੰ ਚੂਨਾ ਲਗਾਇਆ।
ਜ਼ਿਕਰਯੋਗ ਹੈ ਕਿ ਕੰਟਰੋਲ ਕਮਿਸ਼ਨ ਨੇ ਜਦੋਂ ਦਾ ਉਕਤ ਜੁਰਮਾਨਾ 1 ਮਿਲੀਅਨ ਤੋਂ ਵਧਾ ਕੇ 100 ਮਿਲੀਅਨ ਡਾਲਰ ਕੀਤਾ ਹੈ ਤਾਂ ਇਹ ਪਹਿਲੀ ਦਫ਼ਾ ਹੈ ਕਿ ਕਮਿਸ਼ਨ ਨੇ ਆਪਣੀਆਂ ਪੂਰੀਆਂ ਪਾਵਰਾਂ ਦਾ ਇਸਤੇਮਾਲ ਕੀਤਾ ਹੈ ਅਤੇ ਉਕਤ ਕਸੀਨੋ ਨੂੰ 80 ਮਿਲੀਅਨ ਡਾਲਰਾਂ ਦਾ ਜੁਰਮਾਨਾ ਠੋਕ ਦਿੱਤਾ ਹੈ।