ਵਾਹ ਬਈ ਵਾਹ! 2021 ਰੈਜ਼ੀਡੈਂਟ ਵੀਜ਼ੇ ’ਚ ਭਾਰਤੀ ਮੂਹਰੇ

15 ਮਈ ਤੱਕ 33,544 ਭਾਰਤੀ ਪਾਸਪੋਰਟ ਧਾਰਕਾਂ ਨੂੰ ਮਿਲ ਚੁੱਕਾ ਹੈ ਨਿਊਜ਼ੀਲੈਂਡ ਰੈਜੀਡੈਂਟ ਵੀਜ਼ਾ

ਰੈਜ਼ੀਡੈਂਸੀ ਲੈਣ ਵਾਲੇ 2 ਲੱਖ ਤੱਕ ਪਹੁੰਚੇ

(ਔਕਲੈਂਡ) : ਨਿਊਜ਼ੀਲੈਂਡ ਇਮੀਗ੍ਰੇਸ਼ਨ ਮੈਨੇਜਮੈਂਟ ਟੀਮ (ਮਨਿਸਟਰੀ ਆਫ ਬਿਜ਼ਨਸ, ਇਨੋਵੇਸ਼ਨ ਐਂਡ ਇੰਪਲਾਇਮੈਂਟ) ਕੋਲੋਂ ‘ਪੰਜਾਬੀ ਹੈਰਲਡ’ ਨੂੰ ਪ੍ਰਾਪਤ ਵਿਸ਼ੇਸ਼ ਜਾਣਕਾਰੀ ਦੇ ਅਨੁਸਾਰ ਫੇਜ਼-1 ਅਧੀਨ 15 ਮਈ 2022 ਤੱਕ ਭਾਰਤੀ ਪਾਸਪੋਰਟ ਧਾਰਕਾਂ ਦੀਆਂ ਮਿਲੀਆਂ ਅਰਜ਼ੀਆਂ ਦੇ ਵਿਚੋਂ 13,104 ਦੇ ਉਤੇ ਫੈਸਲਾ ਹਾਂ ਪੱਖੀ ਆ ਚੁੱਕਾ ਹੈ ਅਤੇ ਇਨ੍ਹਾਂ ਅਰਜ਼ੀਆਂ ਦੇ ਵਿਚ ਸ਼ਾਮਿਲ 33,544 ਲੋਕ ਵੀ ਰੈਜ਼ੀਡੈਂਟ ਵੀਜ਼ਾ ਪ੍ਰਾਪਤ ਕਰ ਗਏ ਹਨ। ਜੇਕਰ 15 ਮਈ ਤੱਕ ਕੁੱਲ ਜਾਰੀ ਵੀਜ਼ਿਆਂ ਦੀ ਗਿਣਤੀ ਵੇਖੀ ਜਾਵੇ ਤਾਂ ਇਹ 48,327 ਸੀ। ਇਸ ਹਿਸਾਬ ਦੇ ਨਾਲ 69% ਵੀਜੇ ਭਾਰਤੀਆਂ ਦੇ ਹਿੱਸੇ ਹੀ ਆਏ ਹਨ। ਸੋ ਭਾਰਤੀ ਰੈਜ਼ੀਡੈਂਟ ਵੀਜ਼ਾ ਪ੍ਰਾਪਤ ਕਰਨ ਦੇ ਵਿਚ ਮੋਹਰੀ ਚੱਲ ਰਹੇ ਹਨ।
 ਫੇਜ-2 ਦਾ ਵੇਰਵਾ ਅਜੇ ਵਿਭਾਗ ਦੇ ਕੋਲ ਨਿਖੇੜਿਆ ਨਹੀਂ ਗਿਆ। ਫੇਜ਼-2 ਦੇ ਅੰਕੜੇ ਆਉਣੇ ਅਜੇ ਬਾਕੀ ਹਨ ਅਤੇ ਮਹਿਕਮੇ ਅਨੁਸਾਰ ਅਜੇ ਕਿਸੀ ਭਾਰਤੀ ਅਰਜ਼ੀ ਉਤੇ 15 ਮਈ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਵਰਨਣਯੋਗ ਹੈ ਕਿ ਹੁਣ ਤੱਕ 2 ਲੱਖ ਲੋਕ ਰੈਜ਼ੀਡੈਂਸੀ ਦੇ ਲਈ ਲਾਈਨ ਵਿਚ ਹਨ।