ਉਘੇ ਗਜਲਗੋ ਰਣਬੀਰ ਰਾਣਾ ਦਾ ਗ਼ਜ਼ਲ ਸੰਗ੍ਰਹਿ ” ਦਰਦ ਦਾ ਦਰਿਆ ” ਲੋਕ ਅਰਪਣ

(ਬਠਿੰਡਾ) -ਸਾਹਿਤ ਅਕਾਦਮੀ  ਅਤੇ ਪੰਜਾਬੀ ਸਾਹਿਤ ਸਭਾ ( ਰਜਿ) ਬਠਿੰਡਾ ਵੱਲੋਂ ਸਥਾਨਕ ਟੀਚਰਜ ਹੋਮ ਬਠਿੰਡਾ ਵਿਖੇ ਪੁਸਤਕ ਲੋਕ ਅਰਪਣ ਅਤੇ ਗ਼ਜ਼ਲ ਦਰਬਾਰ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ  ਡਾ: ਲਾਭ ਸਿੰਘ ਖੀਵਾ, ਗੁਰਦੇਵ ਖੋਖਰ, ਜਸਪਾਲ ਮਾਨਖੇੜਾ, ਰਣਬੀਰ ਰਾਣਾ ਅਤੇ ਜਗਮੀਤ ਹਰਫ਼  ਸ਼ਾਮਲ ਸਨ। ਸਭ ਤੋਂ ਪਹਿਲਾਂ ਸਾਹਿਤ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਹੀ ਲੇਖਕਾਂ ਅਤੇ ਸਰੋਤਿਆਂ ਨੂੰ  ਵਧਾਈ ਦਿੰਦੀਆਂ ਕਿਹਾ ਕਿ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਕੁਝ ਸਮਾਂ  ਸਾਹਿਤਕ ਸਮਾਗਮ ਲਈ ਕੱਢਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਸਟੇਜ ਦੀ ਕਾਰਵਾਈ ਅੱਗੇ ਤੋਰਦਿਆਂ ਸਾਹਿਤ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਪਿਛਲੇ ਸਮਿਆਂ ਵਿੱਚ ਦੁਨੀਆਂ ਤੋਂ ਵਿਦਾ ਹੋਏ ਲੇਖਕਾਂ ਦੀ ਯਾਦ ਤਾਜ਼ਾ ਕਰਵਾਈ  ਤੇ ਦੋ ਮਿੰਟ ਮੋਨ ਧਾਰਣ ਦੀ ਅਪੀਲ ਕੀਤੀ । ਇਸ ਉਪਰੰਤ ਪ੍ਰਧਾਨਗੀ ਮੰਡਲ ਨੇ ਗ਼ਜ਼ਲਗੋ ਰਣਬੀਰ ਰਾਣਾ ਦਾ ਗ਼ਜ਼ਲ ਸੰਗ੍ਰਹਿ ” ਦਰਦ ਦਾ ਦਰਿਆ ” ਲੋਕ ਅਰਪਣ ਕੀਤਾ।  
           ਗ਼ਜ਼ਲ ਸੰਗ੍ਰਹਿ ਤੇ ਪੇਪਰ ਪੜਦਿਆਂ ਨੌਜਵਾਨ ਆਲੋਚਕ ਜਗਮੀਤ ਹਰਫ਼ ਨੇ ਕਿਹਾ ਕਿ ਉਕਤ ਕਿਤਾਬ ਵਿੱਚ  ਵਿਸ਼ਵੀਕਰਣ ਦੇ ਦੌਰ ਦੀਆਂ ਚੁਣੌਤੀਆਂ ਨੂੰ ਤਗ਼ਜ਼ਲੀ ਚੇਤਨਾ ਵਿੱਚ ਉਲੀਕਿਆ ਗਿਆ ਹੈ। ਲੇਖਕ ਦੇ ਸ਼ਿਅਰਾਂ ਵਿੱਚ ਬੌਧਿਕ ਸੱਚਾਈ ਹੈ। ਕਿਤਾਬ ਵਾਰੇ ਬੋਲਦਿਆਂ ਗੁਰਦੇਵ ਖੋਖਰ ਨੇ ਕਿਹਾ ਕਿ ਲੇਖਕ ਨੇ ਆਪਣੇ ਮਨ ਦੀ ਪੀੜਾ ਨੂੰ ਲੋਕਾਂ ਦੀ ਪੀੜਾ ਬਣਾ ਕੇ ਬਾਖੂਬੀ ਸ਼ਿਅਰ ਕਹੇ ਨੇ। ਲਛਮਣ ਮਲੂਕਾ ਨੇ ਕਿਹਾ ਕਿ ਲੇਖਕ ਨੇ ਆਪਣੀ ਕਿਤਾਬ ਵਿੱਚ ਲੋਕ ਮੁੱਦਿਆਂ ਨੂੰ ਉਠਾਇਆ ਹੈ। ਡਾ ਰਵਿੰਦਰ ਸੰਧੂ ਨੇ ਕਿਹਾ ਕਿ ਬੰਦਾ ਚਾਹੇ ਸਵੈ ਕੇਂਦਰਿਤ ਹੋ ਗਿਆ ਹੈ ਪ੍ਰੰਤੂ ਸ਼ਾਇਰ ਦੀ ਗਜ਼ਲਕਾਰੀ ਲੋਕ ਮਨਾਂ ਦੀ ਬਾਤ ਪਾਉਂਦੀ ।  
         ਸਮਾਗਮ ਦੇ ਦੂਜੇ ਪੜਾਅ ‘ ਗ਼ਜ਼ਲ ਦਰਬਾਰ ‘ ਦਾ ਆਗਾਜ਼ ਕਰਦਿਆਂ ਅਮਨ ਦਾਤੇਵਾਸੀਆ ਨੇ ਆਪਣੀਆਂ ਗ਼ਜ਼ਲਾਂ ਦੇ ਸ਼ਿਅਰ ਤਰੰਨਮ ਵਿੱਚ ਪੇਸ਼ ਕੀਤੇ। ਇਸ ਤੋਂ ਇਲਾਵਾ ਕੁਲਦੀਪ ਬੰਗੀ, ਮਨਜੀਤ ਬਠਿੰਡਾ , ਅੰਮ੍ਰਿਤਪਾਲ ਬੰਗੇ, ਕੰਵਲਜੀਤ ਕੁਟੀ, ਦਮਜੀਤ ਦਰਸ਼ਨ, ਅਮਰਜੀਤ ਜੀਤ ਦਰਸ਼ਨ ਭੰਮੇ ਅਤੇ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਆਪਣੇ ਕਲਾਮ ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟੀ।  
       ਡਾ: ਲਾਭ ਸਿੰਘ ਖੀਵਾ ਨੇ ਆਪਣੀ ਪ੍ਰਧਾਨਗੀ ਭਾਸ਼ਣ ਵਿੱਚ ਲੇਖਕ ਵਾਰੇ ਕਿਹਾ ਕਿ ਉਸਨੇ ਆਪਣੇ ਸਾਹਿਤਕ ਸਫਰ ਗਜ਼ਲਗੋਈ ਵਿੱਚ ਵਿਕਾਸ ਕੀਤਾ ਹੈ ਤੇ ਆਪਣੀ ਪੀੜਾ ਨੂੰ ਉਲਾਰ ਨਹੀ ਹੋਣ ਦਿੱਤਾ। ਪੜ੍ਹੀਆਂ ਗਈਆਂ ਰਚਨਾਵਾਂ ਤੇ ਵਿਸ਼ੇਸ਼ ਟਿੱਪਣੀ ਕਰਦਿਆਂ ਕਿਹਾ ਕਿ ਲੇਖਕ ਸ਼ਬਦਾਂ ਦਾ ਘਾੜਾ ਹੋਣਾ ਚਾਹੀਦਾ। ਉਸਨੂੰ ਸ਼ਿਅਰਾਂ ਵਿਚਲੀ ਸ਼ਬਦ ਜੜਤ, ਖਿਆਲਾਂ ਦੀ ਮੌਲਿਕਤਾ ਅਤੇ ਕਾਵਿਕਤਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।        

ਸਮਾਗਮ ਦੇ ਆਖਰੀ ਦੌਰ ਵਿੱਚ ਸਾਹਿਤ ਸਭਾ ਦੇ ਅਹੁਦੇਦਾਰਾਂ ਕਾਮਰੇਡ ਜਰਨੈਲ ਸਿੰਘ, ਭੋਲਾ ਸਿੰਘ ਸ਼ਮੀਰੀਆ, ਸੇਵਕ ਸਿੰਘ ਸ਼ਮੀਰੀਆ, ਵਿਕਾਸ ਕੌਂਸਲ, ਧਰਮਪਾਲ, ਨਿਰੰਜਣ ਪ੍ਰੇਮੀ, ਸੁਖਮੰਦਰ ਸਿੰਘ ਭਾਗੀਵਾਂਦਰ, ਨੇ ਸਮੂਹ ਪ੍ਰਧਾਨਗੀ ਮੰਡਲ ਨੂੰ ਕਿਤਾਬਾਂ ਦੇ ਸੈਂਟ ਦੇ ਕੇ ਸਨਮਾਨਿਤ ਕੀਤਾ। ਆਖੀਰ ਵਿੱਚ ਸਾਹਿਤ ਸਭਾ ਦੇ ਮੀਤ ਪ੍ਰਧਾਨ ਦਿਲਬਾਗ ਸਿੰਘ ਨੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਵਿੱਚ ਇਲਾਕੇ ਦੇ ਲੇਖਕ ਜਸਪਾਲ ਜੱਸੀ, ਭੋਲਾ ਸਿੰਘ ਗਿੱਲਪੱਤੀ, ਡਾ ਅਜੀਤਪਾਲ ਸਿੰਘ, ਭੁਪਿੰਦਰ ਸੰਧੂ, ਪੋਰਿੰਦਰ ਸਿੰਗਲਾ, ਸੱਚਪ੍ਰੀਤ ਕੌਰ, ਰਣਜੀਤ ਕੋਰ, ਅਗਾਜਬੀਰ, ਸਰੂਪ ਚੰਦ ਸ਼ਰਮਾ, ਜਗਮੇਲ ਸਿੰਘ, ਆਦਿ ਸ਼ਾਮਲ ਸਨ।