
ਬੀਤੇ ਐਤਵਾਰ ਇਕ ਪੰਜਾਬੀ ਚੈਨਲ ਨੇ ‘ਬੰਜਰ ਹੋ ਰਿਹਾ ਪੰਜਾਬ’ ਸਿਰਲੇਖ ਰੱਖ ਕੇ ਪੰਜਾਬ ਦੇ ਪਾਣੀ ਸੰਕਟ ਸਬੰਧੀ ਗੰਭੀਰ ਵਿਚਾਰ ਚਰਚਾ ਪੇਸ਼ ਕੀਤੀ। ਮੈਨੂੰ ਮਹਿਸੂਸ ਹੋਇਆ ਕਿ ਮੀਡੀਆ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਜਾ ਰਿਹਾ ਹੈ। ਪੱਤਰਕਾਰ ਆਪਣੀ ਜ਼ਿੰਮੇਵਾਰੀ ਨਿਭਾਈ ਜਾਂਦੇ ਹਨ। ਵਿਦਵਾਨ ਤੇ ਬੁੱਧੀਜੀਵੀ ਹੋਕਾ ਦੇਈ ਜਾ ਰਹੇ ਹਨ। ਮਾਹਿਰ ਤੇ ਵਿਗਿਆਨੀ ਤੱਥਾਂ ਅੰਕੜਿਆਂ ਸਹਿਤ ਆਪਣੀ ਗੱਲ ਕਹਿ ਰਹੇ ਹਨ। ਖੋਜੀ ਖੋਜ ਆਧਾਰਤ ਸਰਵੇ ਸਾਂਝੇ ਕਰ ਰਹੇ ਹਨ। ਦੋ ਧਿਰਾਂ ਦੀ ਅਣਗਹਿਲੀ ਨੇ ਪੰਜਾਬ ਨੂੰ ਇਸ ਮੁਕਾਮ ʼਤੇ ਲਿਆ ਖੜਾ ਕੀਤਾ ਹੈ। ਪੰਜਾਬ ਵਾਸੀ ਨਾ ਆਪਣੀ ਜ਼ਿੰਮੇਵਾਰੀ ਸਮਝ ਰਹੇ ਹਨ ਨਾ ਨਿਭਾ ਰਹੇ ਹਨ। ਸਰਕਾਰਾਂ ਨੇ ਨਿੱਤ ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਨੂੰ ਨਾ ਕਦੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਨਾ ਠੋਕ ਕੀਤੀ ਘੜਨ ਵੱਲ ਕੋਈ ਕਦਮ ਪੁੱਟਿਆ ਹੈ।
ਬੀਤੇ ਦਿਨੀਂ ਤਾਜ਼ਾ ਸਰਵੇ ਸਾਹਮਣੇ ਆਉਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪਾਣੀ-ਸੰਕਟ ਸਬੰਧੀ ਮੀਟਿੰਗ ਕਰਨ ਕਾਰਨ ਇਹ ਮੁੱਦਾ ਸੁਰਖੀਆਂ ਵਿਚ ਆਇਆ ਹੈ। ਸ਼ੋਸ਼ਲ ਮੀਡੀਆ ʼਤੇ ਸੋਚਸ਼ੀਲ ਲੋਕ ਇਸ ਮਸਲੇ ਨੂੰ ਆਪਣੇ-ਆਪਣੇ ਢੰਗ ਨਾਲ ਉਠਾਉਂਦੇ ਰਹਿੰਦੇ ਹਨ।
ਰੋਜ਼ਾਨਾ ʻਅਜੀਤʼ ਦੇ ਮੁਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਸੰਪਾਦਕੀ ਨੋਟ ਰਾਹੀਂ ਪੰਜਾਬ ਦੇ ਭੱਖਦੇ ਮਸਲਿਆਂ ਤੇ ਸੰਜੀਦਾ ਸਮੱਸਿਆਵਾਂ ਦੀ ਗੱਲ ਅਕਸਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ 1986 ਤੋਂ 2021 ਤੱਕ ਪੰਜਾਬ ਦੇ ਪਾਣੀ ਸੰਕਟ ਸਬੰਧੀ ਲਿਖੇ ਸੰਪਾਦਕੀ ਨੋਟ ʻਪਹਿਲਾ ਪਾਣੀ ਜੀਉ ਹੈʼ ਪੁਸਤਕ ਵਿਚ ਪ੍ਰਕਾਸ਼ਿਤ ਕਰਵਾਏ ਹਨ। ਇਸ ਪੁਸਤਕ ਨੂੰ ਪੜ੍ਹਨ ਨਾਲ ਪੰਜਾਬ ਦੇ ਪਾਣੀਆਂ ਦਾ ਇਤਿਹਾਸ, ਪੰਜਾਬ ਦੇ ਪਾਣੀਆਂ ਦੇ ਵਿਵਾਦ, ਪੰਜਾਬ ਦੇ ਪਾਣੀਆਂ ʼਤੇ ਹੁੰਦੀ ਸਿਆਸਤ ਅਤੇ ਪੰਜਾਬ ਦਾ ਪਾਣੀ-ਸੰਕਟ ਸਹਿਜੇ ਹੀ ਸਮਝਿਆ ਜਾ ਸਕਦਾ ਹੈ। ਪੰਜਾਬ ਨੂੰ ਪਾਣੀ ਪੱਖੋਂ ਮਾਲਾਮਾਲ ਕਰਨ ਵਿਚ ਕੁਦਰਤ ਨੇ ਕੋਈ ਕਸਰ ਨਹੀਂ ਛੱਡੀ ਅਤੇ ਪੰਜਾਬ ਵਾਸੀਆਂ ਨੇ ਇਸ ਨੂੰ ਬੰਜਰ ਬਨਾਉਣ ਲਈ ਪੂਰੀ ਵਾਹ ਲਾ ਦਿੱਤੀ।
ਚੈਨਲ ਦੁਆਰਾ ਪੇਸ਼ ਚਰਚਾ ਵਿਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ʼਤੇ ਵਧੇਰੇ ਚਿੰਤਾ ਵਿਅਕਤ ਕੀਤੀ ਗਈ। ਹੁਣੇ-ਹੁਣੇ ਦੁਨੀਆਂ ਨੇ ʻਵਿਸ਼ਵ ਪਾਣੀ ਦਿਵਸʼ ਮਨਾਇਆ ਹੈ। ਦਰਅਸਲ ਇਸੇ ਪ੍ਰਸੰਗ ਵਿਚ ਪੰਜਾਬੀ ਮੀਡੀਆ ਨੇ ਪੰਜਾਬ ਦੇ ਪਾਣੀ-ਸੰਕਟ ਦੀ ਗੱਲ ਕੀਤੀ ਹੈ। ਐਡੀਟੋਰੀਅਲ ਲਿਖੇ ਗਏ ਹਨ। ਆਰਟੀਕਲ ਪ੍ਰਕਾਸ਼ਿਤ ਹੋਏ ਹਨ। ਸਰਵੇ ਅਤੇ ਤੱਥ ਅੰਕੜੇ ਪਾਠਕਾਂ ਦਰਸ਼ਕਾਂ ਸਨਮੁਖ ਪੇਸ਼ ਕੀਤੇ ਗਏ ਹਨ।
ਇਸੇ ਦੀ ਰੌਸ਼ਨੀ ਵਿਚ ਕਾਹਨ ਸਿੰਘ ਪੰਨੂੰ ਦੇ ਰੋਜ਼ਾਨਾ ਅਜੀਤ ਵਿਚ ਛਪੇ ਆਰਟੀਕਲ ਨੇ ਇਸ ਚਰਚਾ ਨੂੰ ਹੋਰ ਅੱਗੇ ਤੋਰਿਆ। ਪੰਜਾਬ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਅਜਿਹੀ ਸ਼ਖ਼ਸੀਅਤ ਹਨ ਜਿਹੜੇ ਲਗਾਤਾਰ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਨ। ਮੁਖ ਮੰਤਰੀ ਭਗਵੰਤ ਮਾਨ ਨਾਲ ਬੀਤੇ ਦਿਨੀਂ ਉਨ੍ਹਾਂ ਦੀ ਮੀਟਿੰਗ ਨੇ ਵੀ ਇਸ ਦਿਸ਼ਾ ਵਿਚ ਹਾਂ-ਪੱਖੀ ਸੰਦੇਸ਼ ਦਿੱਤਾ ਹੈ।
ਇਸ ਦਿਸ਼ਾ ਵਿਚ ਨਵੀਂ ਪੀੜ੍ਹੀ ਦੇ ਕੁਝ ਨੌਜਵਾਨ ਵੀ ਚੰਗਾ ਕੰਮ ਕਰ ਰਹੇ ਹਨ। ਇਸ ਕਾਰਜ ਨੂੰ ਕਾਫ਼ਲੇ ਦਾ, ਲਹਿਰ ਦਾ ਰੂਪ ਦੇਣ ਦੀ ਲੋੜ ਹੈ। ਭਾਵੇਂ ਬਹੁਤ ਦੇਰ ਹੋ ਚੁੱਕੀ ਹੈ ਪਰੰਤੂ ਚੇਤੰਨਤਾ ਅਤੇ ਨੀਤੀ ਹੀ ਇਸ ਸੰਕਟ ਵਿਚੋਂ ਨਿਕਲਣ ਦਾ ਹੱਲ ਹੈ।
ਪੰਜਾਬ ਨੂੰ 138 ਬਲਾਕ ਵਿਚ ਵੰਡਿਆ ਗਿਆ ਹੈ। ਇਨ੍ਹਾਂ ਵਿਚੋਂ 109 ਬਲਾਕ ਪਹਿਲਾਂ ਹੀ ʻਡਾਰਕ ਜ਼ੋਨʼ ਵਿਚ ਚਲੇ ਗਏ ਹਨ। ਇਸ ਮਕਸਦ ਲਈ ਬਣਾਈ ਗਈ ਪੰਜਾਬ ਵਿਧਾਨ ਸਭਾ ਕਮੇਟੀ ਨੇ ਕਿਹਾ ਹੈ ਕਿ ਪੰਜਾਬ ਆਉਣ ਵਾਲੇ 25 ਸਾਲਾਂ ਵਿਚ ਬੰਜਰ ਬਣ ਜਾਵੇਗਾ ਜੇ ਪਾਣੀ ਦੀ ਦੁਰਵਰਤੋਂ ਦਾ ਇਹੀ ਰੁਝਾਨ ਰਿਹਾ। ਇਹ ਦਾਅਵਾ ਦੋ ਦਹਾਕੇ ਪਹਿਲਾਂ ਕੀਤਾ ਗਿਆ ਹੈ।
109 ਵਿਚੋਂ 2 ਬਲਾਕ ਬੇਹੱਦ ਨਾਜ਼ੁਕ ਸਥਿਤੀ ਵਿਚ ਹਨ ਅਤੇ 5 ਨਾਜ਼ਕ ਹਾਲਤ ਵਿਚ ਹਨ। ਇਨ੍ਹਾਂ ਵਿਚ 70 ਤੋਂ 100 ਫ਼ੀਸਦੀ ਪਾਣੀ ਵਰਤਿਆ ਜਾ ਚੁੱਕਾ ਹੈ। ਦੱਖਣ ਪੱਛਮੀ ਪੰਜਾਬ ਅਤੇ ਕੰਡੀ ਇਲਾਕੇ ਦੇ 22 ਬਲਾਕ ਹਨ ਜਿਥੇ ਪਾਣੀ ਦੀ ਸਥਿਤੀ ਕੁਝ ਕੁ ਤਸੱਲੀਬਖਸ਼ ਹੈ ਪਰੰਤੂ ਪ੍ਰੇਸ਼ਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਇਹ ਪਾਣੀ ਨਾ ਪੀਣ ਯੋਗ ਹੈ ਨਾ ਵਾਹੀਯੋਗ।
ਪੰਜਾਬ ਦੇ 84 ਫ਼ੀਸਦੀ ਹਿੱਸੇ ਵਿਚ ਧਰਤੀ ਹੇਠਲਾ ਪਾਣੀ ਬਹੁਤ ਹੇਠਾਂ ਜਾ ਚੁੱਕਾ ਹੈ। ਕਿਸਾਨ ਧਰਤੀ ਹੇਠੋਂ ਪਾਣੀ ਖਿੱਚਣ ਲਈ ਟਿਊਬਵੈਲ ਅਤੇ ਸਬਮਰਸੀਬਲ ਪੰਪਾਂ ਦੀ ਡੂੰਘਾਈ ਲਗਾਤਾਰ ਵਧਾਉਂਦੇ ਜਾ ਰਹੇ ਹਨ। ਇਸ ਸਬੰਧ ਵਿਚ ਨਾ ਕਿਸਾਨਾਂ ਵਿਚ ਸਵੈ-ਜ਼ਾਬਤਾ ਹੈ ਅਤੇ ਨਾ ਸਰਕਾਰਾਂ ਵੱਲੋਂ ਕੋਈ ਸਪਸ਼ਟ ਨਿਯਮ ਕਾਨੂੰਨ ਘੜੇ ਗਏ ਹਨ। ਦੁਨੀਆਂ ਵਿਚ ਵਧੇਰੇ ਮੁਲਕ ਅਜਿਹੇ ਹਨ ਜਿੱਥੇ ਸਰਕਾਰ ਦੀ ਆਗਿਆ ਬਿਨ੍ਹਾਂ ਧਰਤੀ ਹੇਠੋਂ ਤੁਪਕਾ ਪਾਣੀ ਨਹੀਂ ਕੱਢਿਆ ਜਾ ਸਕਦਾ।
ਇਹ ਸਭ ਗ਼ਲਤ ਫਸਲੀ-ਚੱਕਰ ਕਾਰਨ ਹੋ ਰਿਹਾ ਹੈ। 1967 ਵਿਚ ਮੁਖ ਫ਼ਸਲਾਂ ਲਈ 3 ਲੱਖ ਹੈਕਟੇਅਰ ਰਕਬਾ ਵਰਤਿਆ ਜਾਂਦਾ ਸੀ। ਪਰ 2020 ਤੱਕ ਪਹੁੰਚਦਿਆਂ ਚੌਲਾਂ ਹੇਠਲਾ ਇਹ ਰਕਬਾ ਵਧ ਕੇ 31.50 ਲੱਖ ਹੈਕਟੇਅਰ ਤੱਕ ਪਹੁੰਚ ਗਿਆ।
ਪੰਜਾਬ ਅਤੇ ਪੰਜਾਬੀ ਹਰੇਕ ਕੰਮ ਵਿਚ ਬੱਲੇ ਬੱਲੇ ਚਾਹੁੰਦੇ ਹਨ। ਨਾ ਕੋਈ ਨਿਯਮ ਕਾਨੂੰਨ ਮੰਨਦੇ ਹਨ ਨਾ ਕਿਸੇ ਕੰਮ ਵਿਚ ਸੰਜੀਦਗੀ ਵਿਖਾਉਂਦੇ ਹਨ। ਬਾਰਸ਼ ਦੇ ਪਾਣੀ ਨੂੰ ਸਾਂਭਣ, ਵਰਤਣ ਅਤੇ ਧਰਤੀ ਹੇਠ ਭੇਜਣ ਦੀ ਦਿਸ਼ਾ ਵਿਚ ਨਾ ਕੋਈ ਕਦਮ ਪੁੱਟਿਆ ਗਿਆ ਹੈ ਨਾ ਲੋਕਾਂ ਨੂੰ ਜਾਗ੍ਰਿਤ ਕੀਤਾ ਗਿਆ ਹੈ। ਪੰਜਾਬ ਵਿਚ ਮਵਾਂ-ਮੂੰਹੀਂ ਪਾਣੀ ਹਰ ਰੋਜ਼ ਸਵੇਰੇ ਕਾਰਾਂ ਧੋਣ ਲਈ ਰੋੜ੍ਹ ਦਿੱਤਾ ਜਾਂਦਾ ਹੈ। ਪ੍ਰਸ਼ਾਸਨ ਸਾਲ ਛਮਾਹੀ ਦਬਕਾ ਮਾਰ ਦਿੰਦਾ ਹੈ ਪਰ ਹੁੰਦਾ ਕੁਝ ਨਹੀਂ।
ਮਾਹਿਰ ਮੰਨਦੇ ਹਨ ਕਿ ਬਹੁਤ ਡੂੰਘਾਈ ਤੋਂ ਖਿੱਚਿਆ ਪਾਣੀ ਮਨੁੱਖ ਦੇ ਪੀਣ ਯੋਗ ਨਹੀਂ ਹੈ। ਪੰਜਾਬ ਦੇ ਦੂਸਰਾ ਰਾਜਸਥਾਨ ਬਣਨ ਵਿਚ ਹੁਣ ਬਹੁਤਾ ਸਮਾਂ ਨਹੀਂ ਹੈ। ਤੁਪਕਾ-ਤੁਪਕਾ ਪਾਣੀ ਦਾ ਮਹੱਤਵ ਸਮਝਣ, ਪਾਣੀ ਦੀ ਦੁਰਵਰਤੋਂ ਰੋਕਣ ਅਤੇ ਸਖ਼ਤ ਨਿਯਮ ਕਾਨੂੰਨ ਲਾਗੂ ਕਰਨ ਬਿਨ੍ਹਾਂ ਹੁਣ ਹੋਰ ਕੋਈ ਰਾਹ ਰਸਤਾ ਨਹੀਂ ਬਚਿਆ। ਕਿਸਾਨਾਂ ਨੂੰ ਫਸਲੀ ਚੱਕਰ ਬਦਲਣਾ ਹੋਵੇਗਾ। ਉਨ੍ਹਾਂ ਫਸਲਾਂ ʼਤੇ ਆਉਣਾ ਪਵੇਗਾ ਜਿਨ੍ਹਾਂ ਲਈ ਬਹੁਤ ਘੱਟ ਪਾਣੀ ਲੋੜੀਂਦਾ ਹੈ। ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿਚ ਵਰਤੀ ਜਾ ਰਹੀ ʻਡਰਿੱਪ ਖੇਤੀʼ ਤਕਨੀਕ ਅਪਨਾਉਣੀ ਹੋਵੇਗੀ। ਅਜਿਹਾ ਕਰਕੇ ਹੀ ਪੰਜਾਬ ਧਰਤੀ ਹੇਠ ਬਚੇ ਪਾਣੀ ਨੂੰ ਬਚਾ ਸਕਦਾ ਹੈ।
ਇਕ ਵਾਰ ਸਰਦਾਰਾ ਸਿੰਘ ਜੌਹਲ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਜੇ ਪੰਜਾਬ ਦਾ ਪਾਣੀ ਬਚਾਉਣਾ ਹੈ ਤਾਂ ਝੋਨੇ ਦੀ ਖੇਤੀ ਬੰਦ ਕਰ ਦਿਓ। ਕਿਸਾਨਾਂ ਨੇ ਪੁੱਛਿਆ ਦੱਸੋ ਫੇਰ ਕਿਹੜੀ ਖੇਤੀ ਕਰੀਏ? ਉਨ੍ਹਾਂ ਜਵਾਬ ਦਿੱਤਾ ਜਿਹੜੀ ਪਾਣੀ ਮੁੱਕਣ ਤੋਂ ਬਾਅਦ ਕਰੋਗੇ।
ਅਫ਼ਸੋਸ ਕਿ ਠੋਸ ਤੇ ਦਲੀਲਮਈ ਢੰਗ ਨਾਲ ਸਮਝਾਉਣ ਦੇ ਬਾਵਜੂਦ ਵੀ ਕਿਸਾਨ ਸਮਝ ਨਹੀਂ ਰਹੇ। ਪੰਜਾਬ ਨੂੰ ਬੰਜਰ ਬਣਦਾ ਅਸੀਂ ਵੇਖ ਰਹੇ ਹਾਂ ਪਰ ਕਰ ਕੁਝ ਨਹੀਂ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਰਿਆਂ ਦੇ ਸਹਿਯੋਗ ਨਾਲ ਇਸ ਦਿਸ਼ਾ ਵਿਚ ਕਾਰਗਰ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਵਿਚ 1980 ਤੋਂ ਬਾਅਦ ਖੂਹ ਸੁੱਕ ਗਏ, 1990-95 ਵਿਚ ਨਲਕੇ, 2000 ਵਿਚ ਪੰਪ। ਪੰਜਾਬ ਦੇ ਲੋਕ ਹੁਣ ਸਮਰਸੀਬਲ ਦਾ ਪਾਣੀ ਪੀ ਰਹੇ ਹਨ ਪਰ ਇਸਤੋਂ ਅੱਗੇ ਅਜੇ ਕੋਈ ਤਕਨੀਕ ਨਹੀਂ ਆਈ। ਜਿਹੜਾ ਵੀ ਪਾਣੀ ਦੀ ਬਰਬਾਦੀ ਕਰਦਾ ਹੈ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ।
(ਪ੍ਰੋ. ਕੁਲਬੀਰ ਸਿੰਘ) +91 9417153513