ਗੋਬਿੰਦ ਸਰਵਰ ਸਕੂਲ ਸਰੀ ਵਿਚ ਲੱਗੀ ਪੰਜਾਬੀ ਬਾਲ ਪੁਸਤਕਾਂ ਦੀ ਪ੍ਰਦਰਸ਼ਨੀ

(ਸਰੀ) -ਗੋਬਿੰਦ ਸਰਵਰ ਸਕੂਲ ਸਰੀ ਦੇ ਪ੍ਰਿੰਸੀਪਲ ਡਾ. ਰਿਸ਼ੀ ਸਿੰਘ ਵੱਲੋਂ ਬਾਲ-ਮਨਾਂ ਵਿਚ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਤਹਿਤ ਗੁਲਾਟੀ ਪਬਲਿਸ਼ਰਜ਼ mਸਰੀ ਦੇ ਸਹਿਯੋਗ ਨਾਲ ਸਕੂਲ ਵਿਚ ਦੋ ਦਿਨ ਪੰਜਾਬੀ ਪੁਸਤਕ ਪ੍ਰਦਰਸ਼ਨੀ ਲਵਾਈ ਗਈ। ਇਸ ਪੁਸਤਕ ਪ੍ਰਦਰਸ਼ਨੀ ਵਿਚ ਬੱਚਿਆਂ ਨਾਲ ਸੰਬੰਧਿਤ ਪੰਜਾਬੀ ਕਹਾਣੀਆਂ, ਕਵਿਤਾਵਾਂ ਅਤੇ ਆਮ ਜਾਣਕਾਰੀ ਦੀਆਂ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਡਾ. ਰਿਸ਼ੀ ਸਿੰਘ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਇਹ ਪੁਸਤਕ ਪ੍ਰਦਰਸ਼ਨੀ ਵੇਖਣ ਲਈ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ। ਪ੍ਰਦਰਸ਼ਨੀ ਦਾ ਹਾਸਲ ਇਹ ਰਿਹਾ ਕਿ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਇਨ੍ਹਾਂ ਪੁਸਤਕਾਂ ਵਿਚ ਬੇਹੱਦ ਦਿਲਚਸਪੀ ਦਿਖਾਈ ਗਈ। ਮਾਪਿਆਂ ਵੱਲੋਂ ਬੱਚਿਆਂ ਨੂੰ ਪੰਜਾਬੀ ਨਾਲ ਜੋੜਣ ਲਈ ਸਕੂਲ ਦੇ ਪ੍ਰਿੰਸੀਪਲ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਬੱਚਿਆਂ ਨੂੰ ਉਨ੍ਹਾਂ ਦੀ ਰੁਚੀ ਮੁਤਾਬਿਕ ਕਿਤਾਬਾਂ ਲੈ ਕੇ ਦਿੱਤੀਆਂ। ਸਕੂਲ ਵਿਚ ਪਹਿਲੀ ਵਾਰ ਲੱਗੀ ਪੰਜਾਬੀ ਪੁਸਤਕਾਂ ਦੀ ਇਸ ਪ੍ਰਦਰਸ਼ਨੀ ਵਿਚ ਬੱਚਿਆਂ ਤੋਂ ਇਲਾਵਾ ਸਕੂਲ ਦੇ ਅਧਿਆਪਕਾਂ ਵੱਲੋਂ ਵੀ ਵਿਸ਼ੇਸ਼ ਦਿਲਚਸਪੀ ਪ੍ਰਗਟ ਕੀਤੀ ਗਈ।

ਪੁਸਤਕ ਪ੍ਰਦਰਸ਼ਨੀ ਦੀ ਸਮਾਪਤੀ ‘ਤੇ ਡਾ. ਰਿਸ਼ੀ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਭਵਿੱਖ ਵਿਚ ਵੀ ਲਵਾਈਆਂ ਜਾਣਗੀਆਂ ਤਾਂ ਜੋ ਬੱਚਿਆਂ ਵਿਚ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੱ ਪਰਪੱਕ ਕੀਤਾ ਜਾ ਸਕੇ। ਇਸ ਮੌਕੇ ਪੰਜਾਬੀ ਸ਼ਾਇਰ ਹਰਦਮ ਸਿੰਘ ਮਾਨ ਨੇ ਵੀ ਡਾ. ਰਿਸ਼ੀ ਸਿੰਘ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕੀਤੀ।

(ਹਰਦਮ ਮਾਨ)
+1 604 308 6663
maanbabushahi@gmail.com