ਸਰੀ ਵਿਚ ਬਲਦੇਵ ਗਰੇਵਾਲ ਦਾ ਕਹਾਣੀ ਸੰਗ੍ਰਹਿ ‘ਸੀਤੇ ਬੁੱਲ੍ਹਾਂ ਦਾ ਸੁਨੇਹਾ” ਲੋਕ ਅਰਪਣ

(ਸਰੀ) -ਅਮਰੀਕਾ ਵਸਦੇ ਪ੍ਰਸਿੱਧ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਬਲਦੇਵ ਗਰੇਵਾਲ ਦਾ ਕਹਾਣੀ ਸੰਗ੍ਰਹਿ ‘ਸੀਤੇ ਬੁੱਲ੍ਹਾਂ ਦਾ ਸੁਨੇਹਾ’ ਸਰੀ ਵਿਖੇ ਗੁਲਾਟੀ ਪਬਲਿਸ਼ਰਜ਼ ਵੱਲੋਂ ਵੈਨਕੂਵਰ ਵਿਚਾਰ ਮੰਚ ਦੇ ਸਹਿਯੋਗ ਨਾਲ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਬਲਦੇਵ ਗਰੇਵਾਲ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸ਼ੁਰੂਆਤ ਵਿਚ ਗੁਲਾਟੀ ਪਬਲਿਸ਼ਰਜ਼ ਸਰੀ ਵੱਲੋਂ ਸਤੀਸ਼ ਗੁਲਾਟੀ ਨੇ ਸਭਨਾਂ ਦਾ ਸਵਾਗਤ ਕੀਤਾ।

ਬਲਦੇਵ ਗਰੇਵਾਲ ਦੇ ਪਰਮ ਮਿੱਤਰ ਪ੍ਰੋ. ਕਿਰਪਾਲ ਬੈਂਸ ਨੇ ਬਲਦੇਵ ਗਰੇਵਾਲ ਦੀ ਜਾਣ ਪਛਾਣ ਕਰਵਾਈ ਅਤੇ ਉਨ੍ਹਾਂ ਨਾਲ ਆਪਣੀ ਕਾਲਜ ਵੇਲੇ ਦੀ ਸਾਂਝ ਬਾਰੇ ਦੱਸਿਆ। ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਨੇ ਬਲਦੇਵ ਗਰੇਵਾਲ ਨੂੰ ਇਸ ਕਹਾਣੀ ਸੰਗ੍ਰਹਿ ਦੀ ਮੁਬਾਰਕਬਾਦ ਦਿੰਦਿਆਂ ਟਾਈਟਲ ਕਹਾਣੀ ‘ਸੀਤੇ ਬੁੱਲ੍ਹਾਂ ਦਾ ਸੁਨੇਹਾ’ ਬਾਰੇ ਵਿਸਥਾਰ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਉੱਘੇ ਵਿਦਵਾਨ ਡਾ. ਰਘਬੀਰ ਸਿੰਘ ਸਿਰਜਣਾ ਨੇ ਪੁਸਤਕ ਵਿਚਲੀਆਂ ਕੁਝ ਕਹਾਣੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਬਲਦੇਵ ਗਰੇਵਾਲ ਨੇ ਇਸ ਪੁਸਤਕ ਬਾਰੇ ਗੱਲਬਾਤ ਕਰਨ ਦੇ ਨਾਲ ਨਾਲ ਪੰਜਾਬੀ ਦੇ ਪ੍ਰਸਿੱਧ ਅਖਬਾਰ ‘ਰੋਜ਼ਾਨਾ ਅਜੀਤ’ ਵਿਚ ਬਤੌਰ ਮੈਗਜ਼ੀਨ ਐਡੀਟਰ ਹੁੰਦਿਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ। ਬਚਪਨ ਸਮੇਂ ਦੁਸਹਿਰਾ ਦੇਖਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਉਹ ਬੇਹੱਦ ਭਾਵੁਕ ਹੋ ਗਏ ਅਤੇ ਕਿਹਾ ਕਿ ਉਸ ਸਮੇਂ ਦਾ ਬੱਚਾ ਅਜੇ ਵੀ ਮੇਰੇ ਮਨ ਵਿਚ ਵਸਦਾ ਹੈ ਅਤੇ ਮੇਰੀਆਂ ਬਹੁਤ ਸਾਰੀਆਂ ਕਹਾਣੀਆਂ ਵੀ ਉਸ ਬੱਚੇ ਤੋਂ ਪ੍ਰਭਾਵਿਤ ਹਨ।

ਬਲਦੇਵ ਗਰੇਵਾਲ ਨੂੰ ਲੰਮੇਂ ਸਮੇਂ ਬਾਅਦ ਮਿਲੇ ਉਨ੍ਹਾਂ ਦੇ ਮਿੱਤਰ ਰਾਜਵੰਤ ਗਰੇਵਾਲ ਨੇ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਹਰਦਮ ਮਾਨ, ਕਾਮਰੇਡ ਨਵਰੂਪ ਸਿੰਘ, ਇਕਬਾਲ ਪੁਰੇਵਾਲ ਅਤੇ ਮਿਸਟਰ ਭੱਟੀ ਨੇ ਵੀ ਬਲਦੇਵ ਗਰੇਵਾਲ ਨੁੰ ਕਹਾਣੀਆਂ ਦੀ ਚੰਗੀ ਸੁਗਾਤ ਲਈ ਵਧਾਈ ਦਿੱਤੀ।

(ਹਰਦਮ ਮਾਨ)
+1 604 308 6663
maanbabushahi@gmail.com