ਪੰਜਾਬੀ ਪ੍ਰਵਾਸ ਦੀ ਤ੍ਰਾਸਦਿਕ ਪੇਸ਼ਕਾਰੀ— ਪ੍ਰੋ. ਸ਼ੇਰ ਸਿੰਘ ਕੰਵਲ ਰਚਿਤ ‘ਕਿੱਸਾ ਪ੍ਰਦੇਸੀ ਰਾਂਝਣ’

ਪ੍ਰੋ. ਸ਼ੇਰ ਸਿੰਘ ਕੰਵਲ ਅਤੇ ਉਸਦੀ ਰਚਨਾ “ਕਿੱਸਾ ਪ੍ਰਦੇਸੀ ਰਾਂਝਣ” ਬਾਰੇ ਚਰਚਾ ਕਰਨ ਤੋਂ ਪਹਿਲਾਂ ਕਿੱਸਾ ਕਾਵਿ ਦੇ ਸਿਧਾਂਤਕ ਪਹਿਲੂਆਂ ਬਾਰੇ ਸੰਖੇਪ ਵਿਚਾਰ ਕਰਨਾ ਉਚਿਤ ਹੋਵੇਗਾ। ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦੇ ਅਰਥ ਕਥਾ, ਕਹਾਣੀ, ਗਾਥਾ ਆਦਿ ਮੰਨੇ ਜਾਂਦੇ ਹਨ। ਕਿੱਸਾ ਪੰਜਾਬੀ ਦਾ ਇੱਕ ਵਿਸ਼ੇਸ਼ ਕਾਵਿ ਰੂਪ ਹੈ। ਵਾਰ ਅਤੇ ਜੰਗਨਾਮਿਆਂ ਨੂੰ ਕਿੱਸਿਆਂ ਦਾ ਨਾਮ ਦਿੱਤਾ ਜਾਂਦਾ ਹੈ। ਪੰਜਾਬੀ ਕਿੱਸੇ ਵਿੱਚ ਮਹਾਂਕਾਵਿ ਅਤੇ ਫਾਰਸੀ ਦੀ ਮਸਨਵੀ ਦੇ ਅੰਸ਼ ਮਿਲਦੇ ਹਨ। ਪਰ ਪੰਜਾਬੀ ਕਿੱਸਿਆਂ ਉੱਪਰ ਪੂਰਬੀ ਅਤੇ ਪੱਛਮੀ ਪ੍ਰਭਾਵ ਪੂਰੀ ਤਰ੍ਹਾਂ ਵਿਆਪਤ ਹੈ। ਦੁਖਾਂਤਕ ਕਿੱਸੇ ਯੂਨਾਨੀ ਮਿਥਿਹਾਸ ਤੋਂ ਪ੍ਰਭਾਵਤ ਹਨ, ਜਦਕਿ ਸੁਖਾਂਤਕ ਕਿੱਸਿਆਂ ਵਿੱਚ ਪੂਰਬੀ ਸਾਹਿਤ ਦਾ ਪ੍ਰਭਾਵ ਪ੍ਰਤੱਖ ਰੂਪ ਵਿੱਚ ਉਜਾਗਰ ਹੁੰਦਾ ਹੈ। ਵਿਦਵਾਨਾਂ ਦਾ ਮੱਤ ਹੈ ਕਿ ਪੰਜਾਬੀ ਕਿੱਸੇ ਨੂੰ ਰਾਧਾ ਤੇ ਕ੍ਰਿਸ਼ਨ ਦੀ ਕਹਾਣੀ ਤੋਂ ਜਰੂਰ ਪ੍ਰੇਰਣਾ ਮਿਲੀ ਹੋਵੇਗੀ। ‘ਸੱਸੀ ਪੁੰਨੂੰ* ਦੀ ਕਹਾਣੀ ਵੀ ਹੀਰ ਦੇ ਕਿੱਸੇ ਨਾਲੋਂ ਪਹਿਲਾਂ ਅਪਭ੍ਰੰਸ਼ ਸਾਹਿਤ ਵਿੱਚ ਮੌਜੂਦ ਸੀ। ਯੂਸੁਫ ਜੁਲੈਖਾਂ, ਸ਼ੀਰੀਂ—ਫਰਿਹਾਦ, ਲੈਲਾ ਮਜਨੂੰ, ਆਦਿ ਪ੍ਰੇਮ ਕਥਾਵਾਂ ਸਿੱਧੀਆਂ ਫਾਰਸੀ ਵਿੱਚੋਂ ਆਈਆਂ ਹਨ। ਹਿੰਦ ਦੇ ਮੂਲ ਕਿੱਸਿਆਂ ਵਿੱਚ ਪੂਰਣ, ਰਸਾਲੂ, ਰੂਪ ਬਸੰਤ ਤੇ ਲਵਕੁਸ਼ ਸ਼ਬਦ ਆਦਿ ਮਸ਼ਹੂਰ ਹਨ। ਪ੍ਰੰਤੂ ਪੰਜਾਬੀ ਕਿੱਸਾਕਾਰਾਂ ਨੂੰ ਸਭ ਤੋਂ ਪਿਆਰਾ ਵਿਸ਼ਾ ਝਣਾਂ ਦੇ ਕੰਢਿਆਂ ਨੇ ਪਰਦਾਨ ਕੀਤਾ। ਇਸ ਪ੍ਰੀਤ—ਅਗਨੀ ਲੱਗੇ ਦਰਿਆ ਦੇ ਪਤਣਾਂ ਨੇ ‘ਹੀਰ ਰਾਂਝੇ’ ‘ਸੋਹਣੀ ਮਹੀਵਾਲ’, ਤੇ ‘ਮਿਰਜ਼ਾ—ਸਾਹਿਬਾਂ’ ਦੇ ਸਾਕੇ ਹੁੰਦੇ ਵੇਖੇ। ਇਨ੍ਹਾਂ ਸਭ ਵਿੱਚੋਂ ਫੇਰ ‘ਹੀਰ ਰਾਂਝੇ’ ਦੀ ਵਿਥਿਆ ਪੰਜਾਬੀ ਕਿੱਸਾਕਾਰੀ ਦੀ ਜਾਨ ਬਣ ਗਈ। ਹੀਰ—ਰਾਂਝੇ ਦੀ ਕਹਾਣੀ ਨੂੰ ਕਈਆਂ ਨੇ ਯੂਨਾਨ ਦੇ Hero and Leander ਨਾਲ ਜੋੜਿਆ ਹੈ।
ਪੰਜਾਬੀ ਸਾਹਿਤ ਕੋਸ਼ ਅਨੁਸਾਰ ਮਾਲਵੇ ਵਿੱਚ ਕਿੱਸੇ ਨੂੰ ਚਿੱਠਾ ਆਖਦੇ ਹਨ, ਅਰਥਾਤ ਚਿੱਠਾ ਸਾਹਿਤਕ ਭਾਸ਼ਾ ਵਿੱਚ ਕਿੱਸਾ ਅਖਵਾਉਂਦਾ ਹੈ। ਇਸ ਵਿੱਚ ਆਮ ਤੌਰ ਤੇ ਕੋਈ ਕਹਾਣੀ ਹੁੰਦੀ ਹੈ, ਪਰ ਕਈ ਕਿੱਸੇ ਅਜਿਹੇ ਵੀ ਹਨ, ਜਿਨ੍ਹਾਂ ਵਿੱਚ ਕੋਈ ਕਹਾਣੀ ਨਹੀਂ, ਜਿਵੇਂ ਜਿੰਦਗੀ—ਬਿਲਾਸ (ਦਇਆ ਸਿੰਘ ਆਰਫ਼) ਆਦਿ। ਪੰਜਾਬੀ ਕਾਵਿ—ਜਗਤ ਵਿੱਚ ਕਾਵਿ— ਬੱਧ ਪ੍ਰੇਮ ਕਹਾਣੀ ਨੂੰ ਕਿੱਸਾ ਆਖਣ ਦੀ ਰੀਤ ਰਹੀ ਹੈ, ਪਰ ਕਿੱਸਾ ਪ੍ਰੀਤ ਬਿਨਾਂ ਹੋਰ ਵਿਸ਼ਿਆਂ ਨੂੰ ਵੀ ਅਪਣਾ ਸਕਦਾ ਹੈ। ਹੀਰ ਦਮੋਦਰ ਪੰਜਾਬੀ ਦਾ ਪਹਿਲਾ ਕਿੱਸਾ ਹੈ। ਇਹ ਇੱਕ ਪ੍ਰੀਤ ਕਹਾਣੀ ਹੈ, ਜਿਸ ਕਾਰਣ ਕਿੱਸੇ ਨੂੰ ਪ੍ਰੀਤ ਕਹਾਣੀ ਕਿਹਾ ਜਾਣ ਲੱਗ ਪਿਆ। ਕਿੱਸਾ ਉਹ ਬ੍ਰਿਤਾਂਤਕ ਤੇ ਬਾਹਰਮੁਖੀ ਕਾਵਿ—ਰਚਨਾ ਹੈ, ਜੋ ਕਿ ਇੱਕ ਲੰਮੀ ਕਥਾ ਨੂੰ ਨਾਟਕੀ ਢੰਗ ਨਾਲ ਬਿਆਨ ਕਰਦਾ ਹੋਇਆ, ਸ਼ਬਦ ਚਿਤ੍ਰਾਂ ਤੇ ਅਲੰਕਾਰਾਂ ਦਾ ਆਸਰਾ ਲੈਂਦਾ ਹੋਇਆ ਅਖੀਰ ਤੱਕ ਚੱਲਦਾ ਹੈ।
ਕਿੱਸਾ ਕਾਵਿ ਦੇ ਪਿਛੋਕੜ ਨੂੰ ਸਮਝਣ ਲਈ ਪੰਜਾਬੀ ਮਾਨਸਿਕਤਾ ਨੂੰ ਜਾਨਣਾ ਜਰੂਰੀ ਹੈ, ਜਿਨ੍ਹਾਂ ਕਾਰਣ ਕਿੱਸਾ ਕਾਵਿ ਉਤਪੰਨ ਹੋਇਆ। ਪੰਜਾਬੀ, ਕਿਰਤ ਨਾਲ ਜੁੜੇ ਹੋਏ ਖੁੱਲੇ ਖੁਲਾਸੇ, ਦਲੇਰ ਅਤੇ ਜੀਵਨ ਮੁਖੀ ਹਨ। ਉਹ ਉਸਾਰੂ ਜੀਵਨ ਜਿਉਂਦੇ ਹਨ। ਪੰਜਾਬੀਆਂ ਨੇ ਪਿਛਲੇ ਸਮੇਂ ਵਿੱਚ ਅਨੇਕਾਂ ਹਮਲਾਵਰਾਂ ਨਾਲ ਟੱਕਰ ਲੈ ਕੇ ਉਨ੍ਹਾਂ ਦੇ ਦੰਦ ਖੱਟੇ ਕੀਤੇ ਸਨ। ਅਜਿਹੀ ਜੁਝਾਰੂ ਪ੍ਰਕਿਤਕ ਭੂਮੀ  ਕਿੱਸਾ ਕਾਵਿ ਲਈ ਬਹੁਤ ਉਪਜਾਊ ਹੈ। ਇਸ ਦੇ ਅਨੇਕਾਂ ਕਾਰਣਾਂ ਤੋਂ ਅਤਿਰਿਕਤ ਇਹ ਚਾਰ ਪ੍ਰਭਾਵ ਪ੍ਰਮੁੱਖ ਰੂਪ ਵਿੱਚ ਕੰਮ ਕਰ ਰਹੇ ਹਨ:
1. ਸੰਸਕ੍ਰਿਤ ਦਾ ਪ੍ਰਭਾਵ, 2. ਯੂਨਾਨੀਆਂ ਦਾ ਪ੍ਰਭਾਵ, 3. ਅਰਬੀ ਫਾਰਸੀ ਦਾ ਪ੍ਰਭਾਵ, 4. ਪੰਜਾਬੀ ਸਾਹਿਤ ਤੇ ਪੰਜਾਬੀਅਤ ਦਾ ਪ੍ਰਭਾਵ
ਪ੍ਰੋ. ਸ਼ੇਰ ਸਿੰਘ ਕੰਵਲ ਪਿਛਲੇ ਚਾਰ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ। ਉਹ ਪੰਜਾਬੀ ਦਾ ਬਹੁਪੱਖੀ ਸਾਹਿਤਕਾਰ ਹੈ। ਉਸਨੇ ਕਵਿਤਾ, ਗਜ਼ਲ ਗੀਤ, ਕਿੱਸਾ, ਰੇਖਾ ਚਿਤ੍ਰ, ਸੱਭਿਆਚਾਰਕ ਖੋਜ, ਨਿਬੰਧ ਅਤੇ ਲੇਖਾਂ ਦੀ ਰਚਨਾ ਕੀਤੀ ਹੈ। ਉਸਦੀਆਂ ਦੋ ਦਰਜਨ ਦੇ ਕਰੀਬ ਪੁਸਤਕਾਂ ਹਨ। ਉਸਨੇ ਆਪਣੀ ਪਲੇਠੀ ਪੁਸਤਕ ਪੱਥਰ ਦੀ ਅੱਖ (1970) ਨਾਲ ਕਾਵਿ ਸਫਰ ਆਰੰਭ ਕੀਤਾ। ਲੰਮਾਂ ਸਮਾਂ ਅਮਰੀਕਾ ਤੋਂ “ਜਾਗੋ ਇੰਟਰਨੈਸ਼ਨਲ” ਦੀ ਸੰਪਾਦਨਾ ਕੀਤੀ। ਪਰਵਾਸ ਚ ਜਾਣ ਤੋਂ ਪਹਿਨਾ ਉਹ ਅਧਿਆਪਨ ਕਾਰਜ ਨਾਲ ਜੁੜਿਆ ਹੋਇਆ ਸੀ। ਉਸਨੇ ਕਈ ਕਾਲਜਾਂ ਵਿੱਚ ਪੜ੍ਹਾਇਆ ਹੈ। ਪਰਵਾਸ ਹੰਢਾ ਕੇ ਵੀ ਪੰਜਾਬੀ ਵਿਰਸੇ ਨੂੰ ਉਜਾਗਰ ਕਰਦੀਆਂ ਰਚਨਾਵਾਂ ਰਚੀਆਂ। ਉਹ ਪਰਵਾਸ ਵਿੱਚ ਰਹਿਕੇ ਵੀ ਪਿੰਡ ਦੀ ਮਿੱਟੀ, ਪੰਜਾਬੀ ਰਹਿਤਲ, ਸੱਭਿਆਚਾਰਕ ਵਿੱਲਖਣਤਾ ਅਤੇ ਪੰਜਾਬ ਦੇ ਦਰਦ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਇੰਨੀ ਦੂਰ ਬੈਠਾ ਵੀ ਪੰਜਾਬੀ ਸਮਾਜ ਵਿੱਚ ਵਾਪਰ ਰਹੀਆਂ ਬਹੁਤ ਸੂਖ਼ਮ ਘਟਨਾਵਾਂ ਬਾਰੇ ਪੂਰੀ ਸੋਝੀ ਰੱਖਦਾ ਹੈ। ਉਸਨੂੰ ਪੰਜਾਬ ਦੇ ਵਿਨਾਸ਼ ਵੱਲ ਵਧਣ ਦੇ ਕਾਰਣਾਂ ਦੀ ਵੀ ਜਾਣਕਾਰੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬੀ ਰਾਜ ਦੀ ਚੜ੍ਹਤ ਅਤੇ ਪੰਜਾਬ ਦੀ ਸੱਭਿਆਚਾਰਕ ਤੇ ਆਰਥਿਕ ਤਰੱਕੀ ਉਪਰ ਪੂਰਾ ਨਾਜ਼ ਹੈ। ਉਸਦਾ ਮੰਨਣਾ ਹੈ ਕਿ ਸਾਮਰਾਜੀ ਸ਼ਕਤੀਆਂ ਨੇ ਪੰਜਾਬ ਦੇ ਸੋਮਿਆਂ ਨੂੰ ਲੁੱਟ ਕੇ ਪੰਜਾਬੀਆਂ ਨੂੰ ਹੀਣ ਭਾਵਨਾ ਦੀਆਂ ਖਾਈਆਂ ਵੱਲ ਧੱਕਿਆ ਹੈ।
ਉਹ ਦੁਨੀਆਂ ਦੇ ਸਭ ਤੋਂ ਵੱਡੇ ਮਹਾਨਗਰਾਂ ਨਿਊਯਾਰਕ, ਫੀਨਿਕਸ ਵਿੱਚ ਵਿਚਰਦਿਆਂ ਹੋਇਆਂ ਕੌਮੀਅਤ ਦੀ ਉਸਾਰੀ ਤੇ ਨਿਘਾਰ ਦੇ ਸੰਕਲਪਾਂ ਨੂੰ ਸਮਝਕੇ ਆਪਣੀਆਂ ਕਿਰਤਾਂ ਵਿੱਚ ਅਭਿਵਿਅਕਤ ਕਰਦਾ ਹੈ। 1849 ਦੀ ਚੇਲਿਆਂਵਾਲੀ ਦੀ ਲੜਾਈ ਵਿੱਚ ਸਿੱਖ ਫੌਜਾਂ ਹੱਥੋਂ ਅੰਗਰੇਜੀ ਫੌਜ਼ ਦੀ ਬਹੁਤ ਵੱਡੀ ਹਾਰ ਹੋਈ। ਅਸਲ ਵਿੱਚ ਇਸ ਲੜਾਈ ਵਿੱਚ ਪੰਜਾਬੀ, ਹਿੰਦੂ, ਸਿੱਖ, ਮੁਸਲਮਾਨ ਸਭ ਇੱਕਜੁਟ ਹੋ ਕੇ ਅੰਗ੍ਰੇਜਾਂ ਦੇ ਵਿਰੁੱਧ ਲੜੇ ਤੇ ਉਨ੍ਹਾਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ ਸਨ। ਇਸ ਲੜਾਈ ਦੀ ਨਮੋਸ਼ੀ ਦੇ ਸਬੂਤ ਉਸ ਸਮੇਂ ਦੇ ਸਰਕਾਰੀ ਦਸਤਾਵੇਜ਼ਾਂ ਵਿੱਚ ਉਪਲਬਧ ਹਨ। ਇਸ ਕਾਰਣ ਹੀ ਲੰਡਨ ਤੋਂ ਉਸ ਸਮੇਂ ਦੇ ਕਮਾਂਡਰ—ਇਨ—ਚੀਫ ਨੂੰ ਹਟਾਏ ਜਾਣ ਦੇ ਹੁਕਮ ਜਾਰੀ ਹੋਏ ਸਨ। ਅੰਗਰੇਜਾਂ ਨੇ ਪੰਜਾਬੀਆਂ ਦੇ ਜੰਗਜੂ ਜਜ਼ਬੇ ਨੂੰ ਖੁੰਢਾ ਕਰਨ ਲਈ ਲੰਮੇ ਸਮੇਂ ਦੀ ਯੋਜਨਾ ਤਿਆਰ ਕੀਤੀ। ਪੰਜਾਬ ਨੂੰ ਕੂਟਨੀਤੀ ਨਾਲ ਹੜੱਪਣ ਉਪਰੰਤ ਪੰਜਾਬੀਆਂ ਵਿੱਚ ਹੀਣ ਭਾਵਨਾ ਉਤਪੰਨ ਕਰਨ ਲਈ ਪੰਜਾਬ ਦੇ ਵਿਦਿਅਕ ਸਿਸਟਮ ਨੂੰ ਤਬਾਹ ਕਰਨ ਲਈ ਉਸ ਸਮੇਂ ਲੋਕਾਂ ਨੂੰ ਪੜਾਏ ਜਾਂਦੇ ਕਾਇਦੇ ਇੱਕਤਰ ਕਰਕੇ ਸਾੜੇ ਗਏ। ਪੰਜਾਬ ਦੇ ਟੋਟੇ ਕੀਤੇ ਗਏ। ਇਸਦਾ ਸਿਖਰ 1947 ਦੀ ਵੰਡ ਸੀ। ਨਿਰਸੰਦੇਹ ਹਿੰਦੋਸਤਾਨ ਅਜ਼ਾਦ ਹੋ ਗਿਆ। ਪਰ ਪਰੋਖ ਰੂਪ ਵਿੱਚ ਅੰਗਰੇਜ਼ੀ ਸਾਮਰਾਜਵਾਦ ਦੀਆਂ ਨੀਤੀਆਂ ਨੂੰ ਹੀ ਨਵੇਂ ਰੂਪ ਵਿੱਚ ਲਾਗੂ ਕੀਤਾ ਗਿਆ। ਪੰਜਾਬ ਨੂੰ ਪ੍ਰਮੁੱਖ ਤੌਰ ਤੇ ਚੁਣਿਆ। ਇੱਥੇ ਹਰੇ ਇਨਕਲਾਬ ਦੇ ਤਹਿਤ ਪੰਜਾਬ ਨੂੰ ਇੱਕ ਮਾਡਲ ਬਣਾਇਆ, ਜਿਸਦਾ ਅਸਰ ਹੋਇਆ ਕਿ ਦੇਖਣ ਨੂੰ ਤਾਂ ਪੰਜਾਬ ਦੀ ਕਿਸਾਨੀ ਬਹੁਤ ਅਮੀਰ ਹੋ ਗਈ, ਪੰਜਾਬੀਆਂ ਦਾ ਰਹਿਣ ਸਹਿਣ, ਬਦਲ ਗਿਆ, ਉਨ੍ਹਾਂ ਦੇ ਸੋਚਣ ਦੇ ਢੰਗ ਤਰੀਕੇ ਬਦਲ ਗਏ, ਪਰ ਅਸਲ ਵਿੱਚ ਇਹ ਪੰਜਾਬ ਨੂੰ ਬਰਬਾਦੀ ਦੇ ਰਾਹ ਧੱਕਣਾ ਸੀ। ਇਸਨੇ ਪੰਜਾਬ ਦੇ ਪਾਣੀ, ਮਿੱਟੀ, ਵਾਤਾਵਰਣ ਨੂੰ ਦੂਸ਼ਿਤ ਕਰ ਦਿੱਤਾ। ਪੰਜਾਬੀਆਂ ਵਿੱਚ ਨਿਰਾਸ਼ਤਾ ਉਤਪੰਨ ਹੋਣ ਲੱਗ ਪਈ। ਅਤੇ ਉਹ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾਣ ਲੱਗੇ। ਪਹਿਲਾਂ ਤਾਂ ਸਹਿਜ ਰੂਪ ਵਿੱਚ ਪਰਵਾਸ ਹੋ ਰਿਹਾ ਸੀ, ਪਰ ਪਿਛਲੇ 10 ਪੰਦਰਾਂ ਸਾਲਾਂ ਤੋਂ ਪੰਜਾਬ ਵਿੱਚ ਮਸਨੂਈ ਪਰਵਾਸ ਆਰੰਭ ਹੋ ਗਿਆ। ਹੁਣ ਪੰਜਾਬ ਦੀ ਜਵਾਨੀ ਪੈਸਾ ਅਤੇ ਗਿਆਨ ਬਾਹਰ ਵੱਲ ਭੱਜ ਰਿਹਾ ਹੈ ਅਤੇ ਪੰਜਾਬ ਦੇ ਨਿਰਾਸ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅੱਜ ਪੰਜਾਬ ਉਪਰਾਮਤਾ ਵਿੱਚ ਉਜਾੜੇ ਦੀ ਸਥਿਤੀ ਹੰਢਾਅ ਰਿਹਾ ਹੈ। ਪੰਜਾਬ ਵਿੱਚ ਡੈਮੋਗ੍ਰਾਫਿਕ ਤਬਦੀਲੀ ਆ ਰਹੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਬਹੁਤ ਮਾਰੂ ਸ਼ਕਲ ਅਖਤਿਆਰ ਕਰੇਗੀ। ਪੰਜਾਬ ਦੀ ਅਜਿਹੀ ਤ੍ਰਾਸਦਿਕ ਹਾਲਤ ਨੂੰ ਪ੍ਰੋ. ਸ਼ੇਰ ਸਿੰਘ ਕੰਵਲ ਨੇ ਬਹੁਤ ਪਹਿਲਾਂ ਅਨੁਭਵ ਕਰ ਲਿਆ ਸੀ। ਉਸਨੇ ‘ਕਿੱਸਾ ਪ੍ਰਦੇਸੀ ਰਾਂਝਣ(2013)* ਵਿੱਚ ਇਨ੍ਹਾਂ ਜ਼ਮੀਨੀ ਹਕੀਕਤਾਂ ਨੂੰ ਬਹੁਤ ਮਾਰਮਿਕ ਢੰਗ ਨਾਲ ਪ੍ਰਸਤੁਤ ਕੀਤਾ ਹੈ। ਅਜੋਕੀਆਂ ਪ੍ਰਸਿਥਤੀਆਂ ਇਹ ਕਿੱਸਾ ਪੂਰੀ ਤਰ੍ਹਾਂ ਪ੍ਰਸੰਗਕ ਹੈ। ਇਹ ਪੰਜਾਬ ਦੇ ਗੌਰਵ ਨੂੰ ਉਭਾਰਨ ਦੇ ਨਾਲ ਨਾਲ ਪਰਵਾਸ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਯਥਾਰਥਕ ਚਿੱਤਰ ਪੇੇਸ਼ ਕਰਦਾ ਹੈ। ਕਿੱਸੇ ਦਾ ਨਾਇਕ ਲਹਿੰਬਰ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਤ ਉਸ ਸਮੇਂ ਮੁਤਾਬਿਕ ਪੜਿਆ ਲਿਖਿਆ ਬੇਰੁਜ਼ਗਾਰ ਨੌਜਵਾਨ ਹੈ ਉਹ ਬੇਰੁਜ਼ਗਾਰੀ ਤੋਂ ਤੰਗ ਆ ਕੇ ਏਜੰਟਾਂ ਨੂੰ ਪੈਸੇ ਦੇ ਕੇ ਅਮਰੀਕਾ ਜਾਂਦਾ ਹੈ, ਜਿੱਥੇ ਉਸਨੂੰ ਬਹੁਤ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਜਾਅਲੀ ਵਿਆਹ ਕਰਾਕੇ ਉਥੇ ਪੱਕਾ ਹੁੰਦਾ ਹੈ, ਫਿਰ ਇੱਧਰੋਂ ਆਪਣੀ ਘਰਵਾਲੀ ਪਰਮ ਨੂੰ ਬੁਲਾਉਂਦਾ ਹੈ, ਜੋ ਉਸ ਨਾਲ ਹੱਡ ਭੰਨਵੀਂ ਮਿਹਨਤ ਕਰਦੀ ਹੈ।  ਆਪਣੇ ਮਾਪਿਆਂ ਜਾਗਰ ਤੇ ਤੇਜੋ ਨੂੰ ਵੀ ਬੁਲਾਉਂਦਾ ਹੈ, ਪਰ ਉਨ੍ਹਾਂ ਦਾ ਦਿਲ ਨਹੀਂ ਲੱਗਾ, ਉਹ ਵਾਪਸ ਪਰਤ ਆਉਂਦੇ ਹਨ। ਉੱਧਰ ਲਹਿੰਬਰ ਸਟੋਰਾਂ, ਗੈਸ ਸਟੇਸ਼ਨ ਦਾ ਕਾਰੋਬਾਰ ਕਰਦਾ ਹੈ ਤੇ ਪੈਸੇ ਦੀ ਦੌੜ *ਚ ਭੱਜਦਾ ਹੈ। ਪਰ ਉਸਦੀ ਔਲਾਦ ਹੱਥੋਂ ਨਿੱਕਲ ਜਾਂਦੀ ਹੈ। ਇੱਧਰ ਉਸਦੇ ਮਾਪੇ ਉਦਾਸੀ ਵਿੱਚ ਦੁਨੀਆਂ ਛੱਡ ਜਾਂਦੇ ਹਨ ਤੇ ਫਿਰ ਲਹਿੰਬਰ ਦਾ ਲੁਟੇਰੇ ਹੱਥੋਂ ਕਤਲ ਹੋ ਜਾਂਦਾ ਹੈ। ਉਸਦੀ ਘਰਵਾਲੀ ਪਰਮ ਉੱਪਰ ਬਿੱਪਤਾ ਦੇ ਪਹਾੜ ਟੁਟਦੇ ਹਨ। ਇਹ ਕਿੱਸਾ ਇਸ ਕਦਰ ਦੁਖਾਂਤਕ ਹੋ ਨਿਬੜਦਾ ਹੈ ਕਿ ਪਾਠਕ ਸੋਚਣ ਲਈ ਮਜਬੂਰ ਜਾਂਦਾ ਹੈ ਕਿ ਲਹਿੰਬਰ ਨੇ ਕੀ ਖੱਟਿਆ ? ਲਹਿੰਬਰ ਅਜੋਕੀਆਂ ਪ੍ਰਸਥਿਤੀਆਂ ਦਾ ਸ਼ਿਕਾਰ ਹੋ ਰਹੇ ਨੌਜਵਾਨਾਂ ਦਾ ਇੱਕ ਪ੍ਰਤੀਕ ਹੈ। ਪੰਜਾਬੀਆਂ ਦੇ ਸ਼ੋਸ਼ਣ ਤੇ ਤ੍ਰਾਸਦੀ ਦੀਆਂ ਵਿਭਿੰਨ ਪਰਤਾਂ ਨੂੰ ਉਧੇੜਦਾ ‘ਕਿੱਸਾ ਪ੍ਰਦੇਸੀ ਰਾਂਝਣ’ ਲੜੀਵਾਰ ਪੇਸ਼ ਹੈ।

(ਡਾ. ਭਗਵੰਤ ਸਿੰਘ)

+91 9814851500
E-mail:jagointernational@yahoo.com