ਆਜ਼ਾਦ ਉਮੀਦਵਾਰ ਇਸ ਵਾਰੀ ਕਰਨਗੇ ਅਗਲੀ ਸਰਕਾਰ ਦਾ ਫ਼ੈਸਲਾ -ਜੂਲੀ ਬਿਸ਼ਪ

ਲਿਬਰਲ ਪਾਰਟੀ ਦੀ ਸਾਬਕਾ ਬਾਹਰੀ ਰਾਜਾਂ ਦੀ ਮੰਤਰੀ -ਜੂਲੀ ਬਿਸ਼ਪ ਨੇ ਬੜੇ ਹੀ ਦਾਅਵੇ ਨਾਲ ਕਿਹਾ ਹੈ ਕਿ ਬੇਸ਼ੱਕ ਲਿਬਰਲ ਅਤੇ ਲੇਬਰ ਪਾਰਟੀਆਂ, ਵੋਟਰਾਂ ਨੂੰ ਆਪਣੀਆਂ ਨੀਤਆਂ ਅਤੇ ਭਵਿੱਖੀ ਪਲਾਨ ਸਮਝਾਉਣ ਪ੍ਰਤੀ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ ਪਰੰਤੂ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਸ ਵਾਰੀ, ਆਜ਼ਾਦ ਉਮੀਦਵਾਰ, ਕਾਫੀ ਚੁਣੌਤੀਆਂ ਖੜ੍ਹੀਆਂ ਕਰ ਰਹੇ ਹਨ ਅਤੇ ਹੋਣ ਵਾਲੀਆਂ ਚੋਣਾਂ ਵਿੱਚ ਜਿੱਤ ਪ੍ਰਤੀ ਕਾਫ਼ੀ ਪ੍ਰਭਾਵਸ਼ਾਲੀ ਵੀ ਰਹਿਣਗੇ। ਸਿੱਧੇ ਤੌਰ ਤੇ ਇਸ ਦਾ ਅਸਰ ਨਵੀਂ ਬਣਨ ਵਾਲੀ ਸਰਕਾਰ ਉਪਰ ਪਵੇਗਾ।
ਉਨ੍ਹਾਂ ਇਹ ਵੀ ਕਿਹਾ ਉਨ੍ਹਾਂ ਦਾ ਆਪਣਾ ਘਰ -ਪੱਛਮੀ ਆਸਟ੍ਰੇਲੀਆ ਦਾ ਵੋਟਰ ਵੀ ਕੱਲ੍ਹ ਹੋਣ ਵਾਲੀਆਂ ਵੋਟਾਂ ਉਪਰ ਭਾਰੀ ਅਸਰ ਪਾਵੇਗਾ ਅਤੇ ਨਵੀਂ ਸਰਕਾਰ ਬਣਾਉਣ ਵਿੱਚ ਪੂਰਾ ਯੋਗਦਾਨ ਪੱਛਮੀ ਆਸਟ੍ਰੇਲੀਆ ਦਾ ਹੀ ਰਹਿਣ ਵਾਲਾ ਹੈ। ਉਨ੍ਹਾਂ ਦਾ ਸਿੱਧਾ ਇਸ਼ਾਰਾ ਸਵੈਨ ਅਤੇ ਕਰਟਿਨ ਦੀਆਂ ਸੀਟਾਂ ਵੱਲ ਹੈ ਜਿੱਥੇ ਕਿ ਕੋਲੀਸ਼ਨ ਸਰਕਾਰ ਕਾਬਜ਼ ਹੈ।
ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਐਮ.ਪੀ. 50% ਵੋਟਾਂ ਹਾਸਿਲ ਨਹੀਂ ਕਰ ਪਾਵੇਗਾ ਤਾਂ ਸਾਫ਼ ਜ਼ਾਹਿਰ ਹੈ ਕਿ ਲੋਕਾਂ ਦੀ ਪਸੰਦ ਵੰਡੀ ਜਾ ਚੁਕੀ ਹੈ ਅਤੇ ਇਸ ਦਾ ਸਿੱਧੇ ਤੌਰ ਤੇ ਫ਼ਾਇਦਾ ਆਜ਼ਾਦ ਉਮੀਦਵਾਰਾਂ ਨੂੰ ਹੀ ਹੋਣ ਵਾਲਾ ਹੈ।