‘ਮਾਮਲਾ ਮੈਡੀਕਲ ਹਸਪਤਾਲ ਦੇ ਪ੍ਰਬੰਧਾਂ ਦਾ’ -ਜਨਤਕ ਜਥੇਬੰਦੀਆਂ ਨੇ 20 ਵਿਧਾਇਕਾਂ ਤੱਕ ਪਹੁੰਚ ਕਰਨ ਦਾ ਮਿੱਥਿਆ ਟੀਚਾ: ਚੰਦਬਾਜਾ

ਸਪੀਕਰ ਤੋਂ ਬਾਅਦ ਤਿੰਨ ਹੋਰ ਵਿਧਾਇਕਾਂ ਨੂੰ ਸੌਂਪਿਆ ਗਿਆ ਮੰਗ ਪੱਤਰ : ਲੂੰਬਾ

(ਫਰੀਦਕੋਟ):- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਰੂਰਲ ਐੱਨਜੀਓ ਮੋਗਾ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਪ੍ਰਬੰਧਾਂ ਨੂੰ ਸੁਧਾਰਨ ਲਈ ਨਰੇਸ਼ ਕਟਾਰੀਆ ਵਿਧਾਇਕ ਜੀਰਾ, ਦਵਿੰਦਰ ਸਿੰਘ ਢੋਸ ਵਿਧਾਇਕ ਧਰਮਕੋਟ, ਡਾ. ਅਮਨਦੀਪ ਕੌਰ ਵਿਧਾਇਕ ਮੋਗਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅਜਿਹੇ ਮੰਗ ਪੱਤਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਨੂੰ ਵੀ ਦਿੱਤੇ ਜਾ ਚੁੱਕੇ ਹਨ। ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਸਮੇਤ ਗੁਰਚਰਨ ਸਿੰਘ ਨੂਰਪੁਰ ਅਤੇ ਮਹਿੰਦਰਪਾਲ ਸਿੰਘ ਲੂੰਬਾ ਨੇ ਆਖਿਆ ਕਿ ਉਹਨਾ ਦੀ ਕੌਸ਼ਿਸ਼ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ‘ਚ ਇਲਾਜ ਕਰਵਾਉਣ ਆਉਂਦੇ 20 ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਸਾਹਿਬਾਨਾਂ ਤੱਕ ਹੋਕਾ ਦਿੱਤਾ ਜਾਵੇ, ਆਉਣ ਵਾਲੇ ਦਿਨਾਂ ‘ਚ ਬਾਕੀ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਉਹਨਾ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੇ ਮਾੜੇ ਪ੍ਰਬੰਧਾਂ, ਏ.ਸੀ., ਕੂਲਰਾਂ ਅਤੇ ਪੱਖਿਆਂ ਦੇ ਹੋਣ ਦੇ ਬਾਵਜੂਦ ਵੀ ਬੰਦ ਰਹਿਣ, ਮਰੀਜ਼ਾਂ ਦੀ ਖੱਜਲ ਖੁਆਰੀ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਪਿਛਲੇ ਦਿਨੀਂ ਜਨਤਕ ਜਥੇਬੰਦੀਆਂ ਨੇ ਬਕਾਇਦਾ ਸੰਘਰਸ਼ ਕਰਨ ਦਾ ਐਲਾਨ ਕਰਦਿਆਂ ਯੂਨੀਵਰਸਿਟੀ ਮੂਹਰੇ ਧਰਨਾ ਲਾ ਕੇ ਵਾਈਸ ਚਾਂਸਲਰ ਸਮੇਤ ਸਮੁੱਚੀ ਮੈਨੇਜਮੈਂਟ ਨੂੰ ਹਲੂਣਾ ਦੇਣ ਦੀ ਕੌਸ਼ਿਸ਼ ਵੀ ਕੀਤੀ ਸੀ। ਉਹਨਾਂ ਸਬੰਧਤ ਵਿਧਾਇਕਾਂ ਨੂੰ ਦੱਸਿਆ ਕਿ ਜਨਤਕ ਜਥੇਬੰਦੀਆਂ ਪਿਛਲੇ 10 ਸਾਲਾਂ ਤੋਂ ਮਰੀਜਾਂ ਦੇ ਹੱਕਾਂ ਅਤੇ ਹਸਪਤਾਲ ਦੇ ਸੁਚੱਜੇ ਪ੍ਰਬੰਧਾਂ ਲਈ ਸੰਘਰਸ਼ ਕਰ ਰਹੀਆਂ ਹਨ, ਜਿੱਥੇ ਹਸਪਤਾਲ ਦੇ ਦੁਰ ਪ੍ਰਬੰਧਾਂ ਜਿਵੇਂ ਕਿ ਵਾਰਡਾਂ ਦਾ ਬੁਰਾ ਹਾਲ ਹੈ, ਉੱਥੇ ਹੀ ਸਾਰੀਆਂ ਮਸ਼ੀਨਾਂ ਪੁਰਾਣੀਆਂ ਹੋਣ ਕਰਕੇ ਖਰਾਬ ਰਹਿੰਦੀਆਂ ਹਨ, ਪਿਛਲੇ ਦਿਨੀਂ ਚੋਰਾਂ ਵਲੋਂ 100 ਦੇ ਕਰੀਬ ਏ.ਸੀਆਂ ਦੀਆਂ ਪਾਈਪਾਂ ਚੋਰੀ ਕਰ ਲਈਆਂ ਗਈਆਂ ਸਨ ਪਰ ਮਹੀਨੇ ਤੋਂ ਵੱਧ ਸਮਾਂ ਬੀਤਣ ‘ਤੇ ਵੀ ਏ.ਸੀ. ਠੀਕ ਨਹੀਂ ਹੋਏ, ਜਿਸ ਕਰਕੇ ਮਰੀਜ਼, ਡਾਕਟਰ, ਟੈਕਨੀਸ਼ੀਅਨ ਬੇਹੋਸ਼ ਹੋ ਰਹੇ ਸਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਜਿੰਦਰ ਸਿੰਘ ਚੁਗਾਵਾਂ, ਗੁਰਸੇਵਕ ਸਿੰਘ, ਹਰਵਿੰਦਰ ਸਿੰਘ ਮਰਵਾਹ ਆਦਿ ਵੀ ਹਾਜਰ ਸਨ।