ਸਿਡਨੀ ਗੈਂਗਵਾਰ ਨੂੰ ਨੱਥ ਪਾਉਣ ਲਈ ਨਵਾਂ ਪੁਲਿਸ ਸਕੁਐਡ

ਬੀਤੇ 18 ਮਹੀਨਿਆਂ ਵਿੱਚ 13 ਕਤਲ

ਸਿਡਨੀ ਵਿੱਚ ਗੈਂਗਵਾਰ ਦਾ ਅੱਜਕੱਲ ਕਾਫੀ ਖੋਫ਼ ਪੈਦਾ ਹੋ ਰਿਹਾ ਹੈ ਅਤੇ ਬੀਤੇ 18 ਮਹੀਨਿਆਂ ਦੌਰਾਨ ਗੈਂਗਸਟਰਾਂ ਦੀ ਆਪਸੀ ਲੜਾਈ ਕਾਰਨ ਸਿਡਨੀਖ ਦੇ ਪੱਛਮੀ ਅਤੇ ਦੱਖਣ-ਪੱਛਮੀ ਖੇਤਰ ਵਿੱਚ 13 ਲੋਕ ਮਾਰੇ ਜਾ ਚੁਕੇ ਹਨ ਅਤੇ ਇਨ੍ਹਾਂ ਵਿੱਚ ਕਈ ਗੈਂਗਸਟਰ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਜਾਂ ਹੋਰ ਸਕੇ ਸੰਬੰਧੀ ਵੀ ਸ਼ਾਮਿਲ ਹਨ।
ਤਾਜ਼ਾ ਘਟਨਾ ਵਿੱਚ ਬੀਤੇ ਸ਼ਨਿਚਰਵਾਰ ਨੂੰ ਇੱਕ ਵੱਡੇ ਗੈਂਗਸਟਰ ਦੇ ਭਤੀਜੇ ਮਹਿਮੂਦ ਬਰਾਉਨੀ ਅਹਮਦ ਨੂੰ ਪੱਛਮੀ ਸਿਡਨੀ ਵਿੱਚ ਉਸਦੇ ਘਰ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ।
ਗੈਂਗਵਾਰ ਨੂੰ ਨੱਥ ਪਾਉਣ ਵਾਸਤੇ ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਰਾਜ ਦੇ ਕਰਾਇਮ ਕਮਾਂਡ ਦੀ ਕਰਗੁਜ਼ਾਰੀ ਅਧੀਨ ਇੱਕ ਨਵੀਂ ਪੁਲਿਸ ਟਾਸਕਫੋਰਸ ਦਾ ਗਠਨ ਕੀਤਾ ਗਿਆ ਹੈ ਜੋ ਕਿ ਨੈਸ਼ਨਲ ਆਰਗੇਨਾਈਜ਼ਨ ਕਰਾਇਮ ਰਿਸਪਾਂਸ ਪਲਾਨ ਦੇ ਤਹਿਤ ਕੰਮ ਕਰੇਗੀ ਅਤੇ ਗੈਂਗਵਾਰ ਨੂੰ ਠੱਲ੍ਹ ਪਾਉਣ ਵਾਸਤੇ ਨਵੇਂ ਅਜੰਡੇ ਬਣਾਏਗੀ ਅਤੇ ਉਨ੍ਹਾਂ ਦੀ ਨਿਗਰਾਨ ਵੀ ਰਹੇਗੀ।
ਟਾਸਕਫੋਰਸ -ਗੈਂਗਸਟਰਾਂ ਆਦਿ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਜਿਵੇਂ ਕਿ ਨਸ਼ਿਆਂ ਆਦਿ ਦੀਆਂ ਸਪਲਾਈਆਂ, ਗ਼ੈਰ-ਕਾਨੂੰਨੀ ਹਥਿਆਰਾਂ ਦਾ ਲੈਣ ਦੇਣ, ਗੱਡੀਆਂ ਆਦਿ ਦੀ ਚੋਰੀ ਅਤੇ ਅਜਿਹੀਆਂ ਹੋਰ ਵੀ ਕਈ ਤਰ੍ਹਾਂ ਦੇ ਜਰਾਇਮ ਪੇਸ਼ਾ ਕੰਮਾਂ ਦੀ ਘੋਖ ਪੜਤਾਲ ਕਰੇਗੀ। ਇਸ ਟਾਸਕਫੋਰਸ ਵਿੱਚ ਆਸਟ੍ਰੇਲੀਆਈ ਫੈਡਰਲ ਪੁਲਿਸ, ਦੱਖਣ-ਪੱਛਮੀ ਸਿਡਨੀ ਦੇ ਜਾਸੂਸ, ਨਿਊ ਸਾਊਥ ਵੇਲਜ਼ ਕਰਾਇਮ ਕਮਿਸ਼ਨ ਅਤੇ ਆਸਟ੍ਰੇਲੀਆਈ ਕਰਿਮਿਨਲ ਇੰਟੈਲੀਜੈਂਸ ਕਮਿਸ਼ਨ ਆਦਿ ਸ਼ਾਮਿਲ ਹਨ।