ਸਰੀ ਵਿਖੇ ਪ੍ਰਸਿੱਧ ਪੱਤਰਕਾਰ ਜਸਪਾਲ ਸਿੰਘ ਸਿੱਧੂ ਨਾਲ ਵਿਸ਼ੇਸ਼ ਸੰਵਾਦ

ਸਰੀ -ਬੀਤੇ ਦਿਨੀਂ ਸਰੀ ਵਿਖੇ ਆਏ ਪ੍ਰਸਿੱਧ ਪੱਤਰਕਾਰ ਜਸਪਾਲ ਸਿੰਘ ਸਿੱਧੂ ਨਾਲ ਵਿਚਾਰ ਵਟਾਂਦਰਾ ਕਰਨ ਲਈ ਵੈਨਕੂਵਰ ਵਿਚਾਰ ਮੰਚ ਵੱਲੋਂ ਵਿਸ਼ੇਸ਼ ਸੰਵਾਦ ਰਚਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਇਸ ਸੰਖੇਪ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜਰਨੈਲ ਸਿੰਘ ਆਰਟਿਸਟ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਜਸਪਾਲ ਸਿੰਘ ਸਿੱਧੂ ਦੀ ਸੰਖੇਪ ਜਾਣ ਪਛਾਣ ਕਰਵਾਈ।

ਮੀਟਿੰਗ ਦਾ ਸੰਚਾਲਨ ਕਰ ਰਹੇ ਮੋਹਨ ਗਿੱਲ ਨੇ ਦੱਸਿਆ ਕਿ ਜਸਪਾਲ ਸਿੰਘ ਸਿੱਧੂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਵਿੱਚ ਪੋਸਟ ਗਰੈਜੂਏਟ ਡਿਪਲੋਮਾ ਹਾਸਲ ਕੀਤਾ ਅਤੇ ਫਿਰ ਇੰਡੀਅਨ ਐਕਸਪ੍ਰੈੱਸ ਰਾਹੀਂ ਪੱਤਰਕਾਰੀ ਸ਼ੁਰੂ ਕੀਤੀ। ਫਿਰ ਯੂਐੱਨਆਈ ਨਿਊਜ਼ ਏਜੰਸੀ ਵਿੱਚ ਬਤੌਰ ਰਿਪੋਰਟਰ ਕਾਰਜਸ਼ੀਲ ਹੋਏ ਅਤੇ ਅਕਾਲੀ ਮੋਰਚੇ ਤੇ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਦੀ ਰਿਪੋਰਟਿੰਗ ਕੀਤੀ। ਉਹ ਦਿੱਲੀ ਵਿੱਚ ਬਤੌਰ ਸਪੈਸ਼ਲ ਕੌਰਸਪੌਂਡੈਂਟ ਕਾਫੀ ਸਮਾਂ ਰਹੇ ਤੇ ਉਥੋਂ ਹੀ ਰਿਟਾਇਰਮੈਂਟ ਲਈ।  ਕਈ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਵੀ ਉਨ੍ਹਾਂ ਦੇ ਕਾਲਮ ਤੇ ਆਰਟੀਕਲ ਛਾਪਦੇ ਰਹੇ ਤੇ ਛਪ ਰਹੇ ਹਨ। 

ਜਸਪਾਲ ਸਿੰਘ ਸਿੱਧੂ ਨੇ ਪੰਜਾਬ ਦੇ ਕਾਲੇ ਦੌਰ ਸਮੇਂ ਪ੍ਰਸ਼ਾਸਨ, ਪੁਲਸ ਤੇ ਰਾਜਨੀਤੀ ਵੱਲੋਂ ਪੰਜਾਬ ਦੇ ਲੋਕਾਂ ਉਪਰ ਵਰਤਾਏ ਕਹਿਰ ਦਾ ਵਰਨਣ ਕੀਤਾ ਅਤੇ ਕਿਹਾ ਕਿ ਉਸ ਸਮੇਂ ਪ੍ਰੈੱਸ ਤੇ ਅਖ਼ਬਾਰਾਂ ਨੇ ਵੀ ਸਰਕਾਰੀ ਮਸ਼ੀਨਰੀ ਦੀ “ਸਿੱਖ-ਅਤਿਵਾਦ ਵਿਰੋਧੀ ਮੁਹਿੰਮ” ਦਾ ਪੂਰਾ ਪੂਰਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਇੰਡੀਆ ਸਟੇਟ ਨੇ ਨੰਗੀ ਚਿੱਟੀ ਧੱਕੇਸ਼ਾਹੀ ਤੇ ਮਾਰ ਮਰਾਈ ਕਰਕੇ ਸਿੱਖ ਖਾੜਕੂਵਾਦ ਨੂੰ ਦਬਾ ਦਿੱਤਾ ਹੈ ਪਰ ਇਸ ਦੇ ਨਾਲ ਸਟੇਟ ਦੇ ਉੱਪਰੋਂ ਥੋਪੇ ਸਤਹੀ ਪੱਧਰ ਦੇ ਲੋਕਤੰਤਰਿਕ  ਸਿਸਟਮ ਨੂੰ ਢਾਹ ਲੱਗੀ ਹੈ। ਸਰਕਾਰ ਨੇ ਅਤਿਵਾਦ ਨੂੰ ਕੁਚਲਣ ਦੇ ਨਾਮ ਥੱਲੇ ਹਰ ਗ਼ੈਰ ਇਖ਼ਲਾਕੀ ਅਸੱਭਿਆ ਘਿਨਾਉਣਾ ਤੇ ਗ਼ੈਰ ਇਨਸਾਨੀ ਹਰਬਾ ਵਰਤਿਆ।  ਉਨ੍ਹਾਂ ਕਿਹਾ ਕਿ ਬੇਸ਼ੱਕ ਅਜੇ ਤੱਕ ਮਜ਼ਬੂਤ ਕੇਂਦਰੀ ਰਾਜ ਸੱਤਾ ਸਿੱਖਾਂ ਵਿਚੋਂ ਹੀ ਤਿਆਰ ਕੀਤੇ ਆਪਣੇ ਸਿਆਸੀ ਏਜੰਟਾਂ ਰਾਹੀਂ ਅਤੇ ਸਿੱਖ ਤੇ ਗੈਰ ਸਿੱਖ ਆਬਾਦੀਆਂ ਦੀ ਡੂੰਘੀ ਤਵਾਰੀਖ਼ੀ ਤੇ ਮਾਨਸਿਕ ਵੰਡ ਦਾ  ਲਾਭ ਉਠਾ ਕੇ ਪੰਜਾਬ ਵਿਚ ਆਪਣੀ ਮਨਮਰਜ਼ੀ ਦੇ ਨਿਜ਼ਾਮ ਖੜ੍ਹੇ ਕਰਦੀ ਆ ਰਹੀ ਹੈ ਪਰ ਨਵੀਂ ਸਿੱਖ ਪੀੜ੍ਹੀ ਖ਼ਾਸ ਕਰਕੇ ਪੜ੍ਹੇ ਲਿਖੇ ਸਿੱਖ, ਕੇਂਦਰਵਾਦੀ ਤੇ ਹਿੰਦੂਵਾਦੀ ਸਿਆਸਤ ਦੀਆਂ ਬਰੀਕੀਆਂ ਨੂੰ ਜ਼ਿਆਦਾ  ਚੰਗੀ ਤਰ੍ਹਾਂ ਸਮਝਣ ਲੱਗ ਪਏ ਹਨ ਅਤੇ ਧਾਕੜ ਹਿੰਦੂਤਵ ਸਗੋਂ ਸਿੱਖ ਪਛਾਣ ਨੂੰ ਹੋਰ ਤਕੜਾ ਕਰ ਰਿਹਾ ਹੈ।  ਸ. ਸਿੱਧੂ ਅਨੁਸਾਰ ਦਿਨ ਬ ਦਿਨ ਬਦਲ ਰਹੇ ਕੌਮੀ ਅਤੇ ਕੌਮਾਂਤਰੀ ਤਵਾਜ਼ਨ ਨੇ ਸਿੱਖ ਸਿਆਸਤ ਨੂੰ ਭਵਿੱਖ ਵਿੱਚ ਜ਼ਿਆਦਾ ਕਿਰਿਆਸ਼ੀਲ ਕਰਨਾ ਹੈ ਅਤੇ ਇਸ ਨੇ ਭਾਰਤ ਦੀਆਂ ਅੰਦਰਲੀਆਂ  ਤਬਦੀਲੀਆਂ ਵਿੱਚ ਚੋਖਾ ਹਿੱਸਾ ਪਾਉਣਾ ਹੈ।  

ਇਸ ਵਿਸ਼ੇਸ਼ ਮਿਲਣੀ ਸਮੇਂ ਹੋਰਨਾਂ ਤੋਂ ਇਲਾਵਾ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਡਾ. ਗੁਰਬਖ਼ਸ਼ ਸਿੰਘ ਭੰਡਾਲ, ਜਰਨੈਲ ਸਿੰਘ ਆਰਟਿਸਟ, ਜਰਨੈਲ  ਸਿੰਘ ਸੇਖਾ, ਬਖ਼ਸ਼ਿੰਦਰ, ਜਸਵੰਤ ਬਰਾੜ, ਹਰਦਮ ਮਾਨ ਵੀ ਹਾਜ਼ਰ ਸਨ 

(ਹਰਦਮ ਮਾਨ)
+1 604 308 6663
maanbabushahi@gmail.com