ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਵੱਲੋਂ ਇਕਬਾਲ ਮਾਹਲ ਦਾ ਸਨਮਾਨ

ਸਰੀ -ਕੈਨੇਡਾ ਦੇ ਸ਼ਹਿਰ ਟੋਰੰਟੋ ਦੇ ਵਸਨੀਕ ਪੰਜਾਬੀ ਰੇਡੀਓ ਅਤੇ ਟੀ ਵੀ ਮੀਡੀਆ ਦੇ ਮੋਢੀ ਇਕਬਾਲ ਮਾਹਲ ਨੂੰ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਵੱਲੋਂ ਬੀਤੇ ਦਿਨੀਂ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਸਨਮਾਨ ਵਿਚ ਉਨ੍ਹਾਂ ਨੂੰ 51 ਹਜਾਰ ਰੁਪਏ ਨਕਦ ਰਾਸ਼ੀ, ਪਲੈਕ ਅਤੇ ਲੋਈ ਨਾਲ ਨਿਵਾਜਿਆ ਗਿਆ। ਸਨਮਾਨ ਦੇਣ ਦੀ ਰਸਮ ਬਲਬੀਰ ਮਾਧੋਪੁਰੀ, ਡਾ. ਰੇਣੂਕਾ ਸਿੰਘ ਅਤੇ ਸਭਾ ਦੇ ਸਕੱਤਰ ਹਰਵਿੰਦਰ ਸਿੰਘ ਨੇ ਅਦਾ ਕੀਤੀ।

ਵਰਨਣਯੋਗ ਹੈ ਕਿ ਇਕਬਾਲ ਮਾਹਲ ਨੂੰ ਮਾਣ ਹਾਸਲ ਹੈ ਕਿ ਉਸ ਨੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ, ਗੁਰਦਾਸ ਮਾਨ, ਡਾ: ਸਤਿੰਦਰ ਸਰਤਾਜ, ਸੰਗੀਤ ਸਮਰਾਟ ਸ਼ੌਕਤ ਅਲੀ, ਗ਼ਜ਼ਲ ਸਮਰਾਟ ਜਗਜੀਤ ਸਿੰਘ ਚਿਤਰਾ ਸਿੰਘ ਅਤੇ ਨੂਰਾਂ ਸਿਸਟਰਜ਼ ਨੂੰ ਕੈਨੇਡਾ ਵਿਚ ਪਹਿਲੀ ਵਾਰ ਬੁਲਾ ਕੇ ਸਰੋਤਿਆਂ ਦੇ ਸਨਮੁਖ ਕੀਤਾ। ਉਨ੍ਹਾਂ ਪੰਜਾਬੀ ਕਲਾਕਾਰਾਂ ਨੂੰ ਸਰਪ੍ਰਸਤੀ ਦੇਣ ਤੋਂ ਇਲਾਵਾ ਬਾਬਾ ਨਜਮੀ ਤੇ ਹੋਰ ਕਈ ਸ਼ਾਇਰਾਂ ਨੂੰ ਸਰਪ੍ਰਸਤੀ ਦੇ ਕੇ ਵਿਦੇਸ਼ ਵਸਦੇ ਪੰਜਾਬੀਆਂ ਦਾ ਮਾਰਗ ਦਰਸ਼ਨ ਕੀਤਾ ਹੈ। 

ਉਨ੍ਹਾਂ ਨੂੰ ਇਹ ਸਨਮਾਨ ਮਿਲਣ ਤੇ ਵੈਨਕੂਵਰ ਵਿਚਾਰ ਦੇ ਆਗੂ ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ, ਨਾਮਵਰ ਸ਼ਾਇਰ ਜਸਵਿੰਦਰ, ਅੰਗਰੇਜ਼ ਬਰਾੜ, ਹਰਦਮ ਸਿੰਘ ਮਾਨ, ਪਰਮਜੀਤ ਸੰਘ ਸੇਖੋਂ, ਚਮਕੌਰ ਸਿੰਘ ਸੇਖੋਂ ਅਤੇ ਨਵਦੀਪ ਗਿੱਲ ਨੇ ਇਕਬਾਲ ਮਾਹਲ ਨੂੰ ਮੁਬਾਰਕਬਾਦ ਦਿੱਤੀ।

(ਹਰਦਮ ਮਾਨ)
+1 604 308 6663
maanbabushahi@gmail.com