ਆਸਟ੍ਰੇਲੀਆ ਨੇ ਪ੍ਰਾਪਤ ਕੀਤਾ 80% ਵਾਲਾ ‘ਡਬਲ ਡੋਜ਼’ ਵਾਲਾ ਆਂਕੜਾ; ਪ੍ਰਧਾਨ ਮੰਤਰੀ ਨੇ ਕੀਤਾ ਸਭ ਦਾ ਧੰਨਵਾਦ

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਦੇਸ਼ ਵਿੱਚ ਚੱਲ ਰਹੀ ਕਰੋਨਾ ਖ਼ਿਲਾਫ਼ ਜੰਗ ਲਈ ਵਰਤੀ ਜਾ ਰਹੀ ਕਰੋਨਾ ਵੈਕਸੀਨ ਦੀਆਂ ਦੋਨੋਂ ਡੋਜ਼ਾਂ ਵਾਲੇ ਆਂਕੜੇ ਦਾ ਟੀਚਾ 80% ਪ੍ਰਾਪਤ ਕਰਨ ਤੇ ਸਭ ਨੂੰ ਵਧਾਈ ਦਿੱਤੀ ਅਤੇ ਉਚੇਚੇ ਤੌਰ ਤੇ ਲੋਕਾਂ ਅਤੇ ਉਨ੍ਹਾਂ ਫਰੰਟ ਲਾਈਨ ਵਰਕਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਵੀ ਕਰੋਨਾ ਖ਼ਿਲਾਫ਼ ਲੜਾਈ ਲੜੀ ਅਤੇ ਲੋਕਾਂ ਦੀਆਂ ਜਾਨਾਂ ਬਚਾਈਆਂ।
ਉਨ੍ਹਾਂ ਕਿਹਾ ਕਿ ਹਾਲੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ ਅਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਅਸੀਂ 100% ਵਾਲਾ ਆਂਕੜਾ ਵੀ ਪ੍ਰਾਪਤ ਕਰ ਹੀ ਲਵਾਂਗੇ।
ਅਗਲਿਆਂ ਬਦਲਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਭਵਿੱਖ ਵਿੱਚ ਹੁਣ ਰਾਜਾਂ ਦੀਆਂ ਸਰਕਾਰਾਂ ਆਪਣੇ ਆਪਣੇ ਰਾਜਾਂ ਅੰਦਰ ਕੁਆਰਨਟੀਨ ਅਤੇ ਆਈਸੋਲੇਸ਼ਨ ਦੇ ਦਿਨਾਂ ਨੂੰ ਦੋਨੋਂ ਡੋਜ਼ਾਂ ਲਗਵਾ ਚੁਕੇ ਵਿਅਕਤੀਆਂ ਲਈ ਖ਼ਤਮ ਅਤੇ ਜਾਂ ਫੇਰ ਲੋੜ ਪੈਣ ਤੇ ਘਟਾ ਕੇ 7 ਦਿਨਾਂ ਦਾ ਕਰ ਸਕਣਗੀਆਂ।
ਦੂਰ ਦੇ ਸੰਪਰਕਾਂ ਆਦਿ ਵਾਲੀ ਸ਼੍ਰੇਣੀ ਵਿੱਚ ਆਉਂਦੇ ਲੋਕਾਂ ਲਈ ਕਰੋਨਾ ਟੈਸਟਿੰਗ ਅਤੇ ਜਾਂ ਫੇਰ ਆਈਸੋਲੇਸ਼ਨ ਦੀ ਜ਼ਰੂਰਤ ਤਾਂ ਹੀ ਹੋਵੇਗੀ ਜੇਕਰ ਉਨ੍ਹਾਂ ਨੂੰ ਕੋਈ ਪ੍ਰਭਾਵੀ ਸਰੀਰਕ ਲੱਛਣ ਦਿਖਾਈ ਦਿੰਦੇ ਹਨ ਪਰੰਤੂ ਜ਼ਿਆਦਾ ਜੋਖਮ ਆਦਿ ਸਮੇਂ ਤੇ ਉਨ੍ਹਾਂ ਦੇ ਨੈਗੇਟਿਵ ਰਿਪੋਰਟ ਦੀ ਇੰਤਜ਼ਾਰ ਵੀ ਕੀਤੀ ਜਾ ਸਕਦੀ ਹੈ।
ਵਿਕਟੌਰੀਆ ਅਤੇ ਨਿਊ ਸਾਊਥ ਵੇਲਜ਼ ਰਾਜਾਂ ਵਿੱਚ ਤਾਂ ਪਹਿਲਾਂ ਹੀ ਸਰਕਾਰਾਂ ਨੇ ਅਜਿਹੇ ਵਿਅਕਤੀਆਂ, ਜਿਨ੍ਹਾਂ ਨੂੰ ਕਿ ਕਰੋਨਾ ਤੋਂ ਬਚਾਉ ਵਾਲੀਆਂ ਦੋਨੋਂ ਵੈਕਸੀਨਾਂ ਲੱਗੀਆਂ ਹੋਈਆਂ ਹਨ, ਲਈ ਜ਼ਰੂਰਤ ਪੈਣ ਤੇ ਆਈਸੋਲੇਸ਼ਨ ਦੇ ਦਿਨਾਂ ਨੂੰ 7 ਦਿਨਾਂ ਤੱਕ ਸੀਮਿਤ ਕਰ ਦਿੱਤਾ ਗਿਆ ਹੈ।
ਫੈਡਰਲ ਸਰਕਾਰ ਹੁਣ 5 ਤੋਂ 11 ਸਾਲਾਂ ਦੇ ਬੱਚਿਆਂ ਲਈ ਵੈਕਸੀਨੇਸ਼ਨ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਵਾਸਤੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨਾਲ ਸਲਾਹ ਮਸ਼ਵਰੇ ਜਾਰੀ ਹਨ।