ਮੋਦੀ ਸਰਕਾਰ ਵੱਲੋਂ ਕਾਰਪੋਰਟ ਘਰਾਣਿਆਂ ਨੂੰ ਦਿੱਤੀ ਖੁਲ੍ਹ ਸਦਕਾ ਮਹਿੰਗਾਈ ਵਧੀ- ਕਾ: ਸੇਖੋਂ

ਕਮਿਊਨਿਸਟ ਪਾਰਟੀ ਨੇਤਾ ਨਹੀਂ ਨੀਤੀ ਦੇ ਆਧਾਰ ਤੇ ਹੀ ਸਮਝੌਤਾ ਕਰ ਸਕਦੀ ਹੈ

ਬਠਿੰਡਾ -ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਲੁੱਟ ਕਰਨ ਦੀ ਖੁੱਲ੍ਹ ਸਦਕਾ ਡੀਜ਼ਲ, ਪੈਟਰੌਲ, ਗੈਸ ਤੇ ਪ੍ਰਚੂਨ ਵਸਤਾਂ ਮਹਿੰਗੀਆਂ ਹੋਈਆਂ ਹਨ, ਜਿਸ ਕਾਰਨ ਆਮ ਵਿਅਕਤੀ ਦਾ ਜੀਵਨ ਪ੍ਰਭਾਵਿਤ ਹੋ ਗਿਆ ਹੈ। ਇਹ ਦੋਸ਼ ਲਾਉਂਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਮਿਊਨਿਸਟ ਪਾਰਟੀ ਨੇਤਾ ਨਹੀਂ ਨੀਤੀ ਦੇ ਅਧਾਰ ਤੇ ਹੀ ਕਿਸੇ ਪਾਰਟੀ ਨਾਲ ਗੱਠਜੋੜ ਜਾਂ ਸਮਝੌਤਾ ਕਰ ਸਕਦੀ ਹੈ।
ਕਾ: ਸੇਖੋਂ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਕੇਂਦਰ ਸਰਕਾਰ ਹੋਂਦ ਵਿੱਚ ਆਈ ਹੈ, ਡੀਜ਼ਲ ਪੈਟਰੌਲ, ਗੈਸ ਪ੍ਰਚੂਨ ਚੀਜਾਂ ਵਿੱਚ ਭਾਰੀ ਵਾਧਾ ਹੋਇਆ ਹੈ। ਕਈ ਰਾਜ਼ਾਂ ਵਿੱਚ ਡੀਜ਼ਲ ਦੀ ਕੀਮਤ ਸੌ ਰੁਪਏ ਪ੍ਰਤੀ ਲੀਟਰ ਤੇ ਪਹੁੰਚ ਕੇ ਪੈਟਰੌਲ ਦੇ ਬਰਾਬਰ ਹੀ ਹੋ ਗਈ ਹੈ। ਇਸੇ ਤਰ੍ਹਾਂ ਰਸੋਈ ਗੈਸ ਤੇ ਪ੍ਰਚੂਨ ਦੀਆਂ ਚੀਜਾਂ ਜੋ ਹਰ ਘਰ ਵਿੱਚ ਜੀਵਨ ਜਿਉਣ ਲਈ ਜਰੂਰੀ ਹਨ, ਉਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ। ਉਹਨਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲੁੱਟ ਕਰਨ ਦੀ ਦਿੱਤੀ ਖੁਲ੍ਹ ਸਦਕਾ ਹੀ ਅਜਿਹਾ ਹੋ ਰਿਹਾ ਹੈ।
ਸੂਬਾ ਸਕੱਤਰ ਨੇ ਦੋਸ਼ ਲਾਇਆ ਕਿ ਦੇਸ਼ ਦਾ ਅਰਬਾਂ ਖਰਬਾਂ ਰੁਪਏ ਦਾ ਧਨ ਲੁੱਟ ਕੇ ਵਿਦੇਸ਼ਾਂ ਵਿੱਚ ਭੱਜੇ ਅਮੀਰ ਲੋਕਾਂ ਤੋਂ ਧਨ ਵਾਪਸ ਲਿਆਉਣ ਲਈ ਸੰਜੀਦਾ ਨਹੀਂ ਹੈ ਅਤੇ ਨਾ ਹੀ ਭਗੌੜੇ ਵਿਅਕਤੀਆਂ ਨੂੰ ਦੇਸ਼ ‘ਚ ਵਾਪਸ ਲਿਆਉਣਾ ਸਰਕਾਰ ਦਾ ਏਜੰਡਾ ਹੈ। ਇਸੇ ਕਾਰਨ ਲੁੱਟ ਕਰਕੇ ਭੱਜਣ ਦਾ ਹੋਰ ਲੋਕਾਂ ਦਾ ਹੌਂਸਲਾ ਵਧ ਰਿਹਾ ਹੈ। ਪੰਜਾਬ ਕਾਂਗਰਸ ਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਰਾਜ ਦੇ ਲੋਕਾਂ ਦੇ ਹੱਕ ਵਿੱਦਿਆ ਸਿਹਤ ਰੋਜਗਾਰ ਦੇ ਸੁਆਲਾਂ ਨੂੰ ਦਰ ਕਿਨਾਰ ਕਰ ਰਹੀ ਹੈ। ਕਾਂਗਰਸ ਵਿਚਲਾ ਕਾਟੋਕਲੇਸ ਲੋਕਾਂ ਦਾ ਧਿਆਨ ਲਾਂਭੇ ਕਰਨ ਅਤੇ ਰੇਤਾ ਬਜਰੀ, ਸ਼ਰਾਬ, ਟਰਾਂਸਪੋਰਟ ਆਦਿ ਦੇ ਕੰਟਰੌਲ ਤੇ ਹਿੱਸੇਦਾਰੀ ਦਾ ਹੀ ਮਾਮਲਾ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਨੂੰ ਆਪਣੀ ਬਣਦੀ ਜੁਮੇਵਾਰੀ ਨਿਭਾਉਂਦਿਆਂ ਆਪਣਾ ਧਿਆਨ ਲੋਕ ਮੁੱਦਿਆਂ ਤੇ ਕੇਂਦਰਤ ਕਰਨਾ ਚਾਹੀਦਾ ਹੈ। ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਮਝੌਤੇ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਾ: ਸੇਖੋਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਬਹੁਤ ਉਤਸਾਹਿਤ ਦਿਖਾਈ ਦਿੰਦੀਆਂ ਹਨ, ਪਰ ਹਕੀਕਤ ਕੁੱਝ ਹੋਰ ਹੈ। ਅਕਾਲੀ ਨਾਲੋਂ ਅਕਾਲੀ ਦਲ ਸੰਯੁਕਤ ਅਤੇ ਭਾਰਤੀ ਜਨਤਾ ਪਾਰਟੀ ਦੇ ਟੁੱਟਣ ਨਾਲ ਅਕਾਲੀ ਵੋਟ ਨੂੰ ਵੱਡਾ ਖੋਰਾ ਲੱਗਿਆ ਹੈ।
ਸੀ ਪੀ ਆਈ ਐੱਮ ਦੇ ਅਕਾਲੀ ਦਲ ਨਾਲ ਸਮਝੌਤੇ ਦੀ ਲੋਕਾਂ ‘ਚ ਹੋ ਰਹੀ ਚਰਚਾ ਬਾਰੇ ਪੁੱਛਣ ਤੇ ਸੂਬਾ ਸਕੱਤਰ ਨੇ ਸਪਸ਼ਟ ਕੀਤਾ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਜੇਕਰ ਅਕਾਲੀ ਦਲ ਵੱਲੋਂ ਫਿਰਕੂ ਫਾਸ਼ੀਵਾਦ, ਧਰਮ ਨਿਰਪੱਖਤਾ, ਖਾਲਿਸਤਾਨੀ ਸਬੰਧਾਂ ਬਾਰੇ ਅਤੇ ਭਾਜਪਾ ਨੇ ਉਦਾਰੀਕਰਨ ਤੇ ਸੰਸਾਰੀਕਰਨ ਦੀ ਨੀਤੀ ਰਾਹੀਂ ਜੋ ਦੇਸ਼ ‘ਚ ਤਬਾਹੀ ਮਚਾਈ ਹੈ ਉਸ ਬਾਰੇ ਨੀਤੀ ਸਪਸ਼ਟ ਕਰਨ ਤੇ ਹੀ ਸਮਝੌਤੇ ਦੀ ਗੱਲਬਾਤ ਤੋਰਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਫਿਰ ਵੀ ਚਰਚਾਵਾਂ ਹੋ ਸਕਦੀਆਂ ਹਨ, ਪਰ ਇਹ ਨਤੀਜਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਸੀ ਪੀ ਆਈ ਐੱਮ ਵੱਲੋਂ ਨੀਤੀਆਂ ਤੇ ਲੜਾਈ ਲੜੀ ਜਾ ਰਹੀ ਹੈ, ਲੜਾਈ ਵਿਅਕਤੀਗਤ ਨਹੀਂ। ਉਹਨਾਂ ਕਿਹਾ ਕਿ ਨੇਤਾ ਬਦਲਣ ਦੀ ਨਹੀਂ ਨੀਤੀ ਬਦਲਣ ਦਾ ਸੁਆਲ ਹੈ। ਕਮਿਊਨਿਸਟ ਪਾਰਟੀਆਂ ਨੀਤੀਆਂ ਦੇ ਆਧਾਰ ਤੇ ਹੀ ਸਮਝੌਤਾ ਕਰ ਸਕਦੀਆਂ ਹਨ।
ਕਾਂਗਰਸੀ ਆਗੂਆਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੇ ਸੁਆਲ ਤੇ ਕਾ: ਸੇਖੋਂ ਨੇ ਕਿਹਾ ਕਿ ਇਹ ਸਿਆਸੀ ਚਾਲ ਸੀ, ਜਿਸਦੀ ਹੁਣ ਹਵਾ ਨਿਕਲ ਗਈ ਹੈ। ਸ਼ਹੀਦ ਪਰਿਵਾਰਾਂ ‘ਚ ਨੌਕਰੀ ਦੇਣ ਦੇ ਮਾਮਲੇ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਦੌਰਾਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸਿਆਸੀ ਪਾਰਟੀਆਂ ਚੋਂ ਸਭ ਤੋਂ ਵੱਧ ਸ਼ਹਾਦਤਾਂ ਕਮਿਊਨਿਸਟਾਂ ਨੇ ਦਿੱਤੀਆਂ। ਚਾਰ ਕਮਿਊਨਿਸਟ ਵਿਧਾਇਕ ਤੇ ਦਰਜਨਾਂ ਸੁਬਾਈ ਪੱਧਰ ਦੇ ਆਗੂ ਮਾਰੇ ਗਏ, ਉਹਨਾਂ ਦੇ ਪਰਿਵਾਰ ਚੋਂ ਤਾਂ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਨੌਕਰੀਆਂ ਪਿੱਛੇ ਸ਼ਹਾਦਤਾਂ ਦਾ ਪੈਮਾਨਾ ਨਹੀਂ ਬਲਕਿ ਕਾਂਗਰਸ ਅੰਦਰਲੇ ਕਾਟੋ ਕਲੇਸ ਦੌਰਾਨ ਆਪਣੇ ਨਾਲ ਬੰਨ੍ਹ ਕੇ ਰੱਖਣ ਦਾ ਮਾਮਲਾ ਹੈ। ਇਸ ਮੌਕੇ ਕਾ: ਮੇਘ ਨਾਥ, ਕਾ: ਗਰਦੇਵ ਸਿੰਘ ਬਾਂਡੀ ਐਡਵੋਕੇਟ, ਕਾ: ਕੁਲਜੀਤਪਾਲ ਭੁੱਲਰ ਵੀ ਮੌਜੂਦ ਸਨ।