ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਨੇ ਸਜਾਈ ਸ਼ਾਇਰੀ ਦੀ ਮਹਿਫ਼ਿਲ

ਸਰੀ -ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਨੇ ਬੀਸੀ ਵਿਚ ਕੋਰੋਨਾ ਪਾਬੰਦੀਆਂ ਵਿਚ ਦਿੱਤੀ ਕੁਝ ਢਿੱਲ ਨੁੰ ਖੁਸ਼-ਆਮਦੀਦ ਕਹਿੰਦਿਆਂ ਨੌਜਵਾਨ ਸ਼ਾਇਰ ਦਵਿੰਦਰ ਗੌਤਮ ਦੇ ਬੈਕ-ਯਾਰਡ ਵਿਚ ਸ਼ਾਇਰੀ ਦੀ ਮਹਿਫ਼ਿਲ ਸਜਾਈ ਅਤੇ ਲੱਗਭੱਗ ਸਵਾ ਸਾਲ ਬਾਅਦ ਇਕ ਦੂਜੇ ਦੇ ਰੂਬਰੂ ਹੋ ਕੇ ਪੰਜਾਬੀ ਸਾਹਿਤ ਅਤੇ ਪੰਜਾਬੀ ਸ਼ਾਇਰੀ ਬਾਰੇ ਚਰਚਾ ਕੀਤੀ।

ਇਸ ਮੌਕੇ ਰਾਜਵੰਤ ਰਾਜ ਦੇ ਤਾਜ਼ਾ ਗ਼ਜ਼ਲ ਸੰਗ੍ਰਹਿ ਟੁੱਟੇ ਸਿਤਾਰੇ ਚੁਗਦਿਆਂ ਨੂੰ ਜੀ ਆਇਆਂ ਆਖਦਿਆਂ ਰਾਜਵੰਤ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਆਉਣ ਵਾਲੇ ਦਿਨਾ ਵਿਚ ਇਸ ਗਜ਼ਲ ਸੰਗ੍ਰਹਿ ਤੋਂ ਇਲਾਵਾ ਦਵਿੰਦਰ ਗੌਤਮ ਦੇ ਗ਼ਜ਼ਲ ਸੰਗ੍ਰਹਿ ਅਤੇ ਪ੍ਰੀਤ ਮਨਪ੍ਰੀਤ ਦੇ ਗ਼ਜ਼ਲ ਸੰਗ੍ਰਹਿ ਰੁੱਤਾਂ, ਦਿਲ ਤੇ ਸੁਪਨੇ ਉਪਰ ਵਿਚਾਰ ਚਰਚਾ ਕਰਵਾਉਣ ਅਤੇ ਮੰਚ ਦਾ ਸਾਲਾਨਾ ਮੁਸ਼ਾਇਰਾ ਕਰਵਾਉਣ ਲਈ ਪ੍ਰੋਗਰਾਮ ਉਲੀਕਿਆ ਗਿਆ।

ਕਾਵਿਕ ਦੌਰ ਦਾ ਆਗਾਜ਼ ਇੰਦਰਜੀਤ ਧਾਮੀ ਦੀ ਖੂਬਸੂਰਤ ਕਵਿਤਾ “ਉਸ ਕੁੜੀ ਦੀ ਸ਼ਾਮ ਮੇਰੇ ਨਾਮ ਕਰਦੇ ਐ ਖ਼ੁਦਾ!” ਨਾਲ ਹੋਇਆ। ਫਿਰ ਕਵਿੰਦਰ ਚਾਂਦ ਨੇ ਬਹੁਤ ਹੀ ਪਿਆਰੀ ਗ਼ਜ਼ਲ ਕਹੀ, ਜਿਸ ਦਾ ਇਕ ਸ਼ਿਅਰ ਸੀ-

“ਮੇਰੇ ਅੰਦਰ ਸੀ ਉੱਠਦੇ ਵਾ-ਵਰੋਲੇ, ਮੈਂ ਖ਼ੁਦ ਆਪਣੇ ਪੰਨੇ ਫਰੋਲੇ

ਬੜਾ ਕੁਝ ਨਿਕਲਿਆ ਹੈ ਮਾਣਮੱਤਾ, ਬੜਾ ਕੁਛ ਬੇ-ਜ਼ਮੀਰਾ ਨਿਕਲਿਆ ਹੈ”

ਫਿਰ ਗੁਰਮੀਤ ਸਿੱਧੂ ਨੇ ਆਪਣੀ ਗ਼ਜ਼ਲ ਰਾਹੀਂ ਸ਼ੁਕਰੀਆ ਦੇ ਵੱਖ ਵੱਖ ਪੱਖਾਂ ਨੂੰ ਉਜਾਗਰ ਕੀਤਾ। ਉਸ ਦਾ ਕਹਿਣਾ ਸੀ-

“ਸ਼ੁਕਰੀਆ ਜੇ ਰਮਜ਼ ਹੈ, ਇਕ ਸਮਝ ਹੈ ਤੇ ਰਸਮ ਨਹੀਂ

ਫੇਰ ਨਾ-ਸ਼ੁਕਰੇ ਤੋਂ ਕਿਉਂ ਹੈ ਤਿਲਮਲਾਂਦਾ ਸ਼ੁਕਰੀਆ।“

ਪ੍ਰੀਤ ਮਨਪ੍ਰੀਤ ਨੇ ਵੀ ਦਿਲ ਟੁੰਬਵੀਂ ਗ਼ਜ਼ਲ ਰਾਹੀਂ ਵਾਹਵਾ ਖੱਟੀ। ਉਸ ਦਾ ਪਿਆਰਾ ਅੰਦਾਜ਼ ਸੀ ਕਿ-

“ਅਜੇ ਤੱਕ ਔੜ ਨਾ ਮੁੱਕੀ ਦਿਲਾਂ ਚੋਂ, ਇਹ ਜੰਗਲ ਰਿਸ਼ਤਿਆਂ ਦਾ ਸੁੱਕ ਗਿਆ ਏ

ਝਨਾਂ ਦੇ ਪਾਣੀਆਂ ਤੇ ਆਸ਼ਕਾਂ ਦਾ ਜਿਵੇਂ ਜਨਮਾਂ ਦਾ ਰਿਸ਼ਤਾ ਮੁੱਕ ਗਿਆ ਏ”

ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਵੀ ਆਪਣੇ ਉਸਤਾਦੀ ਰੰਗ ਵਿਚ ਹਾਜਰ ਹੋਏ। ਉਨ੍ਹਾਂ ਦੇ ਬੋਲ ਸਨ-

“ਮੇਰਾ ਦਿਲ ਚਾਹ ਰਿਹਾ ਸੱਚੇ ਗੁਰੂ ਦੇ ਰੂਬਰੂ ਹੋਣਾ

ਗੁਰੂ ਦੇ ਅੱਗਿਓਂ ਥੋੜ੍ਹਾ ਕੁ ਚਿਰ ਗੋਲਕ ਉਠਾ ਲੈਂਦੇ।“

ਫਿਰ ਵਾਰੀ ਆਈ ਰਾਜਵੰਤ ਰਾਜ। ਰਾਜ ਨੇ ਬਹੁਤ ਹੀ ਪਿਆਰੀ ਗ਼ਜ਼ਲ ਰਾਹੀਂ ਇਸ ਮਹਿਫ਼ਿਲ ਨੂੰ ਸ਼ਿੰਗਾਰਿਆ। ਉਸ ਦਾ ਇਕ ਪਿਆਰਾ ਸ਼ਿਅਰ ਸੀ-

“ਕਿੰਨੀ ਸਿਰੇ ਦੀ ਤਰਕਬਾਜ਼ੀ ਕਰ ਗਿਆ, ਹਰ ਥਾਂ ਮਸੀਹਾ ਜ਼ਾਲਸਾਜ਼ੀ ਕਰ ਗਿਆ

ਜਿੱਥੇ ਕਿਤੇ ਵੀ ਪੈਰ ਪਾਏ ਓਸ ਨੇ, ਵਸਦੇ ਨਗਰ ਵੀਰਾਨ ਹੋ ਕੇ ਰਹਿ ਗਏ।”

ਦਵਿੰਦਰ ਗੌਤਮ ਤਰੰਨਮ ਵਿਚ ਪੇਸ਼ ਹੋਇਆ। ਉਸ ਦੀ ਸ਼ਾਇਰੀ ਦਾ ਰੰਗ ਸੀ-

“ਕੀ ਹੋਇਆ ਜੇ ਮੋਹ ਦੇ ਰਿਸ਼ਤੇ ਮਰ ਚੁੱਕੇ, ਕੀ ਹੋਇਆ ਜੇ ਮੋਹ ਤੋਂ ਗਰਜ਼ਾਂ ਭਾਰੀ ਨੇ

ਹਾਲੇ ਵੀ ਜਗਦੇ ਨੇ ਦੀਪ ਉਮੀਦਾਂ ਦੇ, ਹਾਲੇ ਵੀ ਕੁਝ ਅੱਖਾਂ ਵਿਚ ਰੁਸ਼ਨਾਈ ਹੈ।“

ਦਸ਼ਮੇਸ਼ ਗਿੱਲ ਫਿਰੋਜ਼ ਆਪਣੇ ਵੱਖਰੇ ਅੰਦਾਜ਼ ਵਿਚ ਹਾਜਰ ਹੋਇਆ। ਉਸ ਦਾ ਸ਼ਿਅਰ ਸੀ ਕਿ-

“ਤੂੰ ਕਹਿੰਦਾ ਹੈਂ ਮਰ ਜਾਣਾ ਮੈਂ ਮਰ ਜਾਣਾ

ਮੌਤ ਨੇ ਜਦ ਸਾਹਵੇਂ ਆਉਣਾ ਤੂੰ ਡਰ ਜਾਣਾ”

ਹਰਦਮ ਸਿੰਘ ਮਾਨ ਨੇ ਕੋਰੋਨਾ ਦੌਰ ਦੀ ਉਦਾਸੀ ਨੂੰ ਆਪਣੇ ਸ਼ਿਅਰਾਂ ਰਾਹੀਂ ਪੇਸ਼ ਕੀਤਾ। ਉਸ ਦਾ ਕਹਿਣਾ ਸੀ ਕਿ-

“ਸਾਡੇ ਮਨਾਂ ਦੇ ਮੌਸਮ ਕਾਹਤੋਂ ਗਏ ਸਰਾਪੇ

ਧੁੱਪਾਂ ਉਦਾਸ ਹੋਈਆਂ, ਛਾਵਾਂ ਉਦਾਸ ਹੋਈਆਂ।“

ਜਸਵਿੰਦਰ ਨੇ ਆਪਣੀ ਬੇਹੱਦ ਖੂਬਸੂਰਤ ਗ਼ਜ਼ਲ ਰਾਹੀਂ ਮਹਿਫ਼ਿਲ ਦੇ ਕਾਵਿ ਮਾਹੌਲ ਨੂੰ ਸਿਖਰਾਂ ਤੇ ਪੁਚਾਇਆ। ਉਸ ਨੇ ਕਿਹਾ-

“ਉਡੀਕਾਂ ‘ਚ ਜੀਣਾ ਵੀ ਕਾਹਦਾ ਹੈ ਜੀਣਾ, ਕਦੇ ਮੀਲ ਪੱਥਰ ਕਦੇ ਰੇਤ ਹੋਣਾ

ਪਲਾਂ ਵਿਚ ਬਿਖਰਨਾ ਤੇ ਗਰਦਸ਼ ‘ਚ ਉੱਡਣਾ, ਮੇਰੀ ਹੋਂਦ ਇਉਂ ਪਾਰਾ ਪਾਰਾ ਨਾ ਹੋਵੇ”

(ਹਰਦਮ ਮਾਨ) +1 604 308 6663
maanbabushahi@gmail.com