ਮੈਂ ਨਾਟਕ ਕਿਉਂ ਕਰਦਾ ਹਾਂ…..

ਮੈਂ ਕਲਮਕਾਰੀ ਕਿਉਂ ਕਰਦਾ ਹਾਂ, ਮੈਂ ਬੁੱਤ-ਤਰਾਸ਼ੀ ਕਿਉਂ ਕਰਦਾ ਹਾਂ, ਮੈਂ ਚਿੱਤਰਕਾਰੀ ਕਿਉਂ ਕਰਦਾਂ ਹਾਂ, ਮੈਂ ਨਾਟਕ ਕਿਉਂ ਕਰਦਾ ਹਾਂ। ਇਸ ਸਵਾਲ ਦਾ ਜਵਾਬ ਦੇਣਾਂ ਉਨਾਂ ਹੀ ਮੁਸ਼ਕਿਲ ਹੈ ਜਿਨਾਂ, ਜੇ ਕੋਈ ਸੂਰਜ ਨੂੰ ਪੁੱਛੇ ਉਹ ਕਿਉਂ ਚਮਕਦਾ ਹੈ। ਕੋਈ ਚੰਦ ਨੂੰ ਪ੍ਰਸ਼ਨ ਕਰੇ, ਉਹ ਰਿਸ਼ਮਾਂ ਕਿਉਂ ਬਖੇਰਦਾ ਹੈ। ਫੁੱਲ ਨੂੰ ਸਵਾਲ ਕਰੇ ਉਹ ਮਹਿਕ ਕਿਉਂ ਵੰਡਦਾ ਹੈ।
ਫੇਰ ਵੀ ਇਸ ਸਵਾਲ ਦਾ ਜਵਾਬ ਦੇਣ ਦਾ ਯਤਨ ਜ਼ਰੂਰ ਕਰਾਂਗਾ,ਮੈਂ ਨਾਟਕ ਕਿਉਂ ਕਰਦਾ ਹਾਂ।ਇਕ ਤਾਂ ਬਹੁਤ ਹੀ ਆਮ ਅਤੇ ਸਧਾਰਣ ਜਿਹਾ ਹੈ ਜਵਾਬ ਹੈ, ” ਮੈਂ ਨਾਟਕਾਂ ਰਾਹੀਂ ਸਮਾਜ ਵਿਚ ਤਬਦੀਲੀ ਲਿਆਉਣ ਚਾਹੁੰਦਾ ਹਾਂ, ਮੈਂ ਨਾਟਕਾਂ ਰਾਹੀਂ ਸਮਾਜਿਕ ਬੁਰਾਈਆਂ ਜ਼ਾਤ-ਪਾਤ, ਦਾਜ-ਦਹੇਜ, ਮਾਦਾ ਭਰੂਣ ਹੱਤਿਆ, ਨਸ਼ਿਆਂ ਆਦਿ ਦਾ ਫਸਤਾ ਵੱਢਣਾ ਚਾਹੁੰਦਾ ਹਾਂ, ਦੂਰ ਕਰਨਾ ਲੋਚਦਾ ਹਾਂ। ਮੈਂ ਨਾਟਕਾਂ ਰਾਹੀਂ ਸਮਾਜ ਵਿਚ ਦੱਬੇ-ਕੁਚੱਲੇ, ਲਤਾੜੇ ਅਤੇ ਸ਼ੌਸ਼ਿਤ ਵਰਗ ਦੀ ਹਾਲਤ ਵਿਚ ਤਬਦੀਲੀ ਲਿਆਉਣ ਚਾਹੁੰਦਾ ਹਾਂ, ਸੁਧਾਰ ਲਿਆਉਣ ਚਾਹੁੰਦਾ ਹਾਂ।”
ਬੇਸ਼ਕ ਮੇਰੇ ਨਾਟਕ ਕਰਨ ਦੇ ਇਹ ਸਭ ਕਾਰਣ ਤਾਂ ਹਨ ਹੀ।ਪਰ ਮੇਰੇ ਨਾਟਕ ਕਰਨ ਦਾ ਭੇਦ ਅਤੇ ਇਕ ਕਾਰਣ ਇਹ ਹੈ ਕਿ ਮੈਂਨੂੰ ਨਾਟਕ ਕਰਨ ਤੋਂ ਇਲਾਵਾ ਹੋਰ ਕੁੱਝ ਕਰਨਾ ਆਉਂਦਾ ਹੀ ਨਹੀਂ।ਜੇ ਮੈਂ ਨਾਟਕ ਨਾ ਕਰ ਰਿਹਾ ਹੁੰਦਾ ਤਾਂ ਸ਼ਾਇਦ ਕੁੱਝ ਨਾ ਕਰ ਰਿਹਾ ਹੁੰਦਾ।ਜੋ ਕੁੱਝ ਨਹੀਂ ਕਰਦਾ ਉਸ ਨੂੰ ਵਿਹਲਾ ਕਿਹਾ ਜਾਂਦਾ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਕਿਹਾ ਜਾਂਦਾ ਹੈ। ਮੈਂ ਸ਼ਾਇਦ ਸ਼ੈਤਾਨ ਹੁੰਦਾ, ਮੈਂ ਸ਼ਇਦ ਵਿਗੜੈਲ ਹੁੰਦਾ, ਝਗੜੈਲ ਹੁੰਦਾ।ਵਿਗੜੈਲਾਂ, ਝਗੜੈਲਾਂ ਦੀ ਉਮਰ ਵੀ ਬਹੁੱਤੀ ਲੰਮੀ ਨਹੀਂ ਹੁੰਦੀ। ਮੈਂ ਵੀ ਸ਼ਾਇਦ ਕਤਲ ਕਰਕੇ ਜੇਲ ਵਿਚ ਹੁੰਦਾ ਜਾਂ ਖੁੱਦ ਕਤਲ ਹੋ ਗਿਆ ਹੁੰਦਾ।
ਦੂਜੇ ਮੇਰੇ ਤਾਇਆ ਜੀ ਸੰਤੋਖ ਸਿੰਘ ਧੀਰ ਅਤੇ ਡੈਡੀ ਰਿਪੁਦਮਨ ਸਿੰਘ ਰੂਪ ਨੇ ਪਹਿਲਾਂ ਹੀ ਸਾਹਿਤ ਦੀਆਂ ਹੋਰ ਵਿਧਾਵਾਂ ਨਾਵਲ, ਕਹਾਣੀ, ਕਵਿਤਾ ਅਤੇ ਵਾਰਤਿਕ ‘ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਲਈ ਮੇਰੇ ਕੋਲ ਨਾਟਕ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ।

ਤੀਸਰੇ ਨਾਟਕ ਦਾ ਡੰਗ ਤਿੱਖਾ ਹੁੰਦਾ ਹੈ।ਇਸ ਦਾ ਅਸਰ ਸਾਹਿਤ ਦੀਆਂ ਹੋਰ ਵਿਧਾਵਾਂ ਤੋਂ ਵਧੇਰੇ ਹੁੰਦਾ ਹੈ। ਕਿਤਾਬ ਨੂੰ ਤਾਂ ਇਕ ਵੇਲੇ ਇਕ ਹੀ ਪਾਠਕ ਮਾਣ ਸਕਦਾ ਹੈ, ਅਸਰ ਕਬੂਲ ਸਕਦਾ ਹੈ ਪਰ ਨਾਟਕ ਨੂੰ ਸੈਂਕੜਿਆਂ ਤੋਂ ਲੈ ਕੇ ਕਈ ਹਜ਼ਾਰਾਂ ਜਾਂ ਅਣਗਿਣਤ ਦਰਸ਼ਕ ਦੇਖ ਸਕਦੇ ਹਨ, ਪ੍ਰਭਾਵ ਕਬੂਲ ਸਕਦੇ ਹਨ।ਇਹ ਵਿਚਾਰ ਮੇਰਾ ਨਹੀਂ ਇਹ ਰਾਏ ਮਰਹੂਮ ਲੇਖਕ ਰਾਮ ਸਰੂਪ ਅਣਖੀ ਨੇ ਇਕ ਸਾਹਿੱਤਕ ਇੱਕਤਰਤਾਂ ਦੌਰਾਨ ਪ੍ਰਗਟ ਕੀਤੇ।
ਚੌਥੇ ਸਾਹਿੱਤਕ ਹਲਕੇ ਨਾਟਕ ਅਕਸਰ ਨੂੰ ਦੂਜੇ, ਤੀਜੇ, ਚੌਥੇ ਦਰਜੇ ਦੀ ਸਾਹਿੱਤਕ ਵਿਧਾ ਮੰਨਦੇ ਹਨ।ਉਨਾਂ ਨੂੰ ਸ਼ਾਇਦ ਇਹ ਨਹੀਂ ਪਤਾ, ਨਾਵਲ, ਕਹਾਣੀ, ਕਵਿਤਾ ਅਤੇ ਵਾਰਤਿਕ ਲਿਖਣ ਲਈ ਕਾਗਜ਼, ਕਲਮ ਬਹਤੀ ਗੱਲ ਇਕਾਂਤ ਲੋੜੀਂਦਾ ਹੈ। ਅਖ਼ਬਾਰ ਜਾਂ ਰਸਾਲੇ ਵਿਚ ਛਪੀ। ਕਿਤਾਬ ਛਪਵਾਈ, ਰਿਲੀਜ਼, ਗੌਸ਼ਟੀ ਚੱਲ ਮੇਰੇ ਭਾਈ। ਖੇਲ ਖਤਮ ਪੈਸਾ ਹਜ਼ਮ।
ਪਰ ਨਾਟਕ ਲਿਖ ਕੇ ਸ਼ੁਰੂ ਹੁੰਦਾ ਹੈ ਦੁਸ਼ਵਾਰੀਆਂ ਦਾ ਦੌਰ, ਖਜੱਲ-ਖੁਆਰੀਆਂ ਦਾ ਦੌਰ, ਕਲਾਕਾਰਾਂ ਦੀ ਭਾਲ, ਰਹਿਰਸਲ ਲਈ ਥਾਂ ਦੀ ਇੰਤਜ਼ਾਮ, ਨਾਟਕ ਕਰਨ ਲਈ ਮੰਚ ਅਤੇ ਵਿੱਤੀ ਸਾਧਨਾਂ ਦਾ ਬੰਦੋਬਸਤ। ਗੱਲ ਇਥੇ ਨਹੀਂ ਮੁੱਕਦੀ, ਨਾਟਕ ਲਈ ਦਰਸ਼ਕਾਂ ਅਤੇ ਨਾਟ-ਆਲੋਚਕਾਂ ਦਾ ਉਪਰਾਲਾ ਵੀ ਕਰਨਾ ਪੈਂਦਾ ਹੈ।ਕਿਉਂਕਿ ਨਾਟਕ ਦੀ ਸਹੀ ਪਰਖ ਦਰਸ਼ਕ ਅਤੇ ਨਾਟ-ਅਲੋਚਕ ਹੀ ਕਰਦਾ ਹੈ।ਕਿਉਂਕਿ ਮੈਂ ਦੁਸ਼ਵਾਰੀਆਂ ਅਤੇ ਖਜੱਲ-ਖੁਆਰੀਆਂ ਦਾ ਸ਼ੌਕੀਨ ਬੱਚਪਨ ਤੋਂ ਹੀ ਰਿਹਾਂ ਹਾਂ,ਇਸ ਲਈ ਮੇਰਾ ਨਾਟਕ ਕਰਨ ਦਾ ਇਕ ਕਾਰਣ ਇਹ ਵੀ ਕਿਹਾ ਜਾ ਸਕਦਾ ਹੈ।
ਜਿਨਾਂ ਅਹਿਮ ਸਵਾਲ ਮੈਂ ਨਾਟਕ ਕਿਉਂ ਕਰਦਾ ਹਾਂ ਹੈ? ਉਨਾਂ ਹੀ ਮੱਹਤਵਪੂਰਣ ਪ੍ਰਸ਼ਨ ਹੈ ਮੈਂ ਨਾਟਕ ਕਿਵੇਂ ਕਰਨ ਲੱਗਿਆ? ਦੋਵੇਂ ਸਵਾਲ ਇਕ ਦੂਜੇ ਬਿਨਾਂ ਅਧੂਰੇ ਹਨ।ਮੈਂ ਕਿਸੇ ਵਿਉਂਤਬੰਦੀ ਬੰਦੀ ਨਾਲ ਨਾਟਕ ਕਰਨਾ ਸ਼ੁਰੂ ਨਹੀਂ ਕੀਤਾ।ਸਕੂਲ ਤੋਂ ਕਾਲਜ ਦਾਖਿਲ ਹੋ ਗਿਆ। ਕਾਲਜ ਦੇ ਚਾਰ ਸਾਲਾਂ ਵਿਚੋਂ ਪਹਿਲੇ ਸਾਰ ਸਾਲ ਤੋਰੇ-ਫੇਰੇ ਵਿਚ ਹੀ ਲੰਘਗੇ। ਮਟਰ ਗਸ਼ਤੀ ਵਿਚ, ਅਵਾਰਾਗਰਦੀ ਵਿਚ।1981 ਅਖੀਰਲੇ ਸਾਲ ਖ਼ਿਆਲ ਆਇਆ ਕਾਲਜ ਵਿਚ ਪੜਾਈ ਤੋਂ ਇਲਾਵਾ ਵੀ ਕੁੱਝ ਕਰੀਦਾ ਹੈ। ਹੁਣ ਸਵਾਲ ਪੈਦਾ ਹੋ ਗਿਆ ਕੀਤਾ ਕੀ ਜਾਵੇ। ਇਕ ਦਿਨ ਨੋਟਿਸ ਬੋਰਡ ‘ਤੇ ਸੂਚਨਾਂ ਪੜੀ, ਜਿਹੜੇ ਵਿਦਿਆਰਥੀ ਨਾਟਕ ਕਰਨਾ ਚਾਹੁੰਦੇ ਹਨ ਉਹ ਫਲਾਣੀ ਤਾਰੀਖ ਨੂੰ, ਫਲਾਣੀ ਥਾਂ, ਫਲਾਣੇ ਪ੍ਰੋਫੈਸਰ ਨੂੰ ਮਿਲਣ।ਮੈਂ ਸੋਚਿਆਂ ਆਹ ਠੀਕ ਐ।ਪੀਰੀਅਰਡ ਲਾਓਣ ਤੋਂ ਬਚਾ ਕੇ ਮਹੀਨਾਂ ਢੇਡ ਮਹੀਨਾਂ, ਚਾਹ ਸਮੋਸੇ ਮੁਫਤ ਸਭ ਤੋਂ ਬੜੀ ਗੱਲ ਨਾਲ ਕੁੜੀਆਂ ਵੀ ਹੋਣਗੀਆਂ।ਇਕ ਪੰਥ, ਕਈ ਕਾਜ।ਨਾਲੇ ਪੂੰਨ, ਨਾਲੇ ਫਲੀਆਂ।

ਬਚਪਨ ਵਿਚ ਰਾਮ ਲੀਲਾਂ ਦੇਖਣ ਦਾ ਸ਼ੌਕ ਸੀ।ਕਈ ਵਾਰ ਘਰ ਦੱਸਕੇ, ਕਈ ਵਾਰ ਸਰਹਾਣੇ ‘ਤੇ ਚਾਦਰ ਪਾਕੇ ਜਾਣਾ। ਗੋਬਿੰਦਗੜ ਕਿਉਂਕਿ ਅਮੀਰ ਸ਼ਹਿਰ ਸੀ ਇਸ ਲਈ ਰਾਮ ਲੀਲਾ ਦੇ ਕਲਾਕਾਰ ਮਥਰਾ ਤੋਂ ਸੱਦੇ ਜਾਂਦੇ।ਉਨਾਂ ਪਹਿਲਾਂ ਰਾਮ ਲੀਲਾ ਕਰਨੀ ਫੇਰ ਕ੍ਰਿਸ਼ਣ ਲੀਲਾ।ਦੋ ਤਿੰਨ ਮਹੀਨੇ ਕਲਾਕਾਰਾਂ ਨੇ ਮੰਦਰ ਵਿਚ ਹੀ ਠਹਿਰਨਾ। ਦਿਨੇ ਰਹਿਰਸਲ ਕਰਨੀ। ਮੈਂ ਦਿਨ ਵਿਚ ਰਹਿਰਸਲ ਵੀ ਦੇਖਣ ਚਲੇ ਜਾਣਾ।ਕਈ ਵਾਰ ਉਨਾਂ ਸਾਨੂੰ ਜੁਆਕਾਂ ਨੂੰ ਬਾਰਕ ਕੱਢਕੇ ਅੰਦਰੋ ਕੁੰਡੀ ਮਾਰ ਲੈਣੀ। ਬਾਕੀਆਂ ਨੇ ਤਾਂ ਚਲੇ ਜਾਣਾਂ ਪਰ ਮੈਂ ਰਹਿਰਸਲ ਫੇਰ ਵੀ ਦੇਖਣੀ, ਬਿਰਲਾਂ ਥਾਣੀ।ਮੁਹਾਲੀ ਆਕੇ ਵੀ ਇਹ ਰਾਮ ਲੀਲਾ ਦੇਖਣ ਦਾ ਝੱਸ ਰਿਹਾ ਸਗੋਂ ਸਟੇਜ ਦੇ ਪਿਛੇ ਵੀ ਜਾ ਵੜਨਾਂ। ਮੌਕਾ ਤਾੜ ਕੇ ਸਟੇਜ ਦਾ ਪਰਦਾ ਚੁੱਕ ਕੇ ਝਾਤੀ ਵੀ ਮਾਰ ਲੈਣੀ ਤਾਂਕੀ ਲੋਕ ਸਮਝਣ ਮੈਂ ਵੀ ਰਾਮ ਲੀਲਾ ਵਾਲਿਆਂ ਨਾਲ ਆਂ।
1990 ਵਿਚ ਟੈਗੋਰ ਥੀਏਟਰ ਇਕ ਕੱਲਬ ਬਣਾਕੇ ਕਰਵਾਏ ਸਭਿਆਚਾਰਕ ਸਮਾਗਮ ਦੌਰਾਨ ਬੇਤਾਹਾਸ਼ਾ ਭੀੜ ਵੱਲੋਂ ਹੋ-ਹੱਲਾ ਅਤੇ ਭੰਨ ਤੋੜ ਤੋਂ ਬਾਦ ਤਾਇਆ ਜੀ ਅਤੇ ਡੈਡੀ ਵੱਲੋਂ ਹੋਈ ਰਾਤ ਦੇ ਬਾਰਾਂ-ਇਕ ਵਜੇ ਤੱਕ ਕੁੱਤੇ ਹੋਈ ਖਾਣੀ ਨੇ ਮੈਂਨੂੰ ਮੁੜ ਨਾਟਕਾਂ ਵੱਲ ਮੋੜਿਆਂ।”ਜਦ ਤੂੰ ਇਨੇ ਵਧੀਆ ਨਾਟਕਾਂ ‘ਚ ਰੋਲ ਕਰਦੈਂ, ਫੇਰ ਤੂੰ ਕਿਉਂਕਿ ਇਨਾਂ ਕੰਜਰਾਂ ਨੂੰ ਪੈਸੇ ‘ਕਠੇ ਕਰ ਕਰ ਦਈ ਜਾਨੈ।”
ਨਾਟਕ ਬਾਬਤ ਮੇਰਾ ਉਦੋਂ ਤੱਕ ਇਹ ਵਿਚਾਰ ਸੀ ਕਿ ਨਾਟਕ ਕਰਨਾ ਬਹੁਤਾ ਖ਼ਰਚੀਲਾ ਨਹੀਂ ਹੁੰਦਾ।ਇਕ ਮੰਜਾ ਰੱਖਿਆ, ਪੀੜੀ ਰੱਖੀ, ਛੋਟੀ ਮੋਟੀ ਰਸੋਈ ਦਾ ਪ੍ਰਭਾਵ। ਬੱਸ ਹੋ ਗਿਆ ਨਾਟਕ।ਟੈਗੋਰ ਥੀਏਟਰ ਡਾ. ਆਤਮਜੀਤ ਦਾ ਨਾਟਕ ‘ਮੁੱਸਲੀ’ ਨਾਟਕ ਦੇਖਣ ਦਾ ਸਬੱਬ ਬਣਿਆ। ਨਾਟਕ ਦੇਖਕ ਕੇ ਤਹਿ ਕਰ ਲਿਆ, ਜੇ ਨਾਟਕ ਕਰੁੰਗਾ ਤਾਂ ਇਹੋ ਜਿਹਾ। ਨਾਟਕ ਵਿਚ ਰੌਸ਼ਨੀ ਪ੍ਰਭਾਵ, ਸੰਗੀਤ, ਸੈਟ, ਪਹਿਰਾਵਾ ਸਭ ਕਮਾਲ।

ਨਾਟਕ ਕਰਨ ਲਈ ਇਕ ਨਾਟ-ਮੰਡਲੀ ਦੀ ਲੋੜ ਸੀ। 1991 ਵਿਚ ਸਰਘੀ ਕਲਾ ਕੇਂਦਰ ਬਣਾ ਲਿਆ।ਨਾਟਕ ਕਰਨ ਲਈ ਨਾਟਕ ਦੀ ਲੋੜ ਹੁੰਦੀ ਹੈ। ਕਹਾਣੀ ਚੁਣ ਲਈ ‘ਡੈਣ’।ਤਾਇਆ ਜੀ ਦੀ। ਕਹਾਣੀ ਨੂੰ ਨਾਟਕੀ ਰੂਪ ਦੇਣ ‘ਤੇ ਕੰਮ ਖੜ ਗਿਆ। ਤਾਇਆ ਜੀ ਨੇ ਇਕ ਨਾਟ-ਕਰਮੀ ਦੀ ਦੱਸ ਪਾਈ।ਮੈਂ 1991 ਦੇ ਜਨਵਰੀ ਕਿ ਫਰਵਰੀ ਮਹੀਨੇ ਉਸ ਨਾਟ-ਕਰਮੀ ਨੂੰ ਮਿਲਣ ਚਲਾ ਗਿਆ।ਮੈਂ ਆਪਣੀ ਜਾਣ-ਪਹਿਚਾਣ ਸੰਤੋਖ ਸਿੰਘ ਧੀਰ ਦੇ ਭਤੀਜੇ ਵੱਜੋਂ ਕਰਵਾਈ। ਹੈ ਵੀ ਮੇਰੀ ਪਹਿਚਾਣ ਉਦੋਂ ਧੀਰ ਦਾ ਭਤੀਜਾ ਜਾਂ ਰੂਪ ਦਾ ਲੜਕਾ ਹੀ ਸੀ।ਚਾਹ ਪਾਣੀ ਦੌਰਾਨ ਮੈਂ ਆਪਣੇ ਆਉਣ ਦਾ ਮਕਸਦ ਦੱਸਿਆ।ਉਨਾਂ ਕਹਾਣੀ ਦੀ ਫੋਟੋ ਕਾਪੀ ਲੈ ਲਈ। ਮਹੀਨੇ ਦੋ ਮਹੀਨੇ ਤੱਕ ਕਹਾਣੀ ”ਡੈਣ” ਦਾ ਨਾਟਕੀ ਰੁਪਾਂਤਰ ਤਿਆਰ ਹੋ ਜਾਣ ਦਾ ਵਾਅਦਾ ਕੀਤਾ।ਮੈਂ ਦੋ ਮਹੀਨੇ ਬਾਦ ਗਿਆ। ਉਨਾਂ ਮਹੀਨੇ ਬਾਦ ਆਉਣ ਲਈ ਕਿਹਾ, ਮਹੀਨੇ ਬਾਅਦ ਗਿਆ। ਫੇਰ ਉਨਾਂ ਪੰਦਰਾ ਦਿਨ ਬਾਦ ਆਉਂਣ ਨੂੰ ਕਿਹਾ, ਪੰਦਰਾਂ ਦਿਨ ਬਾਅਦ ਗਿਆ।ਪੰਦਰਾਂ ਦਿਨ ਬਾਅਦ ਫੇਰ ਆਉਂਣ ਨੂੰ ਕਿਹਾ।ਕਰਦੇ ਕਰਦੇ ਨਾਟਕ ਦੇ ਮੰਚਣ ਦੀ ਤਾਰੀਖ ਨਜ਼ਦੀਕ ਆਉਣ ਲੱਗੀ। ਦੋ ਤਿੰਨ ਵਾਰ ਫੋਨ ਵੀ ਕੀਤੇ ਪਰ ਖੈਰ ਨੀ ਪਈ ਪੱਲੇ।ਮੈਂ ਸੋਚਿਆਂ, ਆਪੇ ਕਿਉਂ ਨਾ ਕਰਾਂ ਯਤਨ। ਪਰ ਲਿਖਾਂ ਕਿਵੇ ਇਹੀ ਸਮਝ ਨਾ ਆਵੇ। ਸਮਝ ਆਵੇ ਕਿਵੇਂ ਜੇ ਪਹਿਲਾਂ ਕੁੱਝ ਲਿਖਿਆ ਹੋਵੇ ਤਾਂਹੀ ਆਵੇ ਸਮਝ।ਇਕ ਦਿਨ ਆਈ.ਸੀ ਨੰਦਾ ਦਾ ਇਕ ਨਾਟਕ ਸਾਮਹਣੇ ਰੱਖ ਲਿਆ। ਨਾਲ ਰੱਖ ਲਈ ਕਹਾਣੀ ”ਡੈਣ”।ਜਿਵੇਂ ਜਿਵੇਂ ਨਾਟਕ ਵਿਚ ਲਿਖਿਆ ਹੋਇਆ ਸੀ ਲਿਖੀ ਗਿਆ। ਦ੍ਰਿਸ਼ ਪਹਿਲਾ, ਮੰਚ ‘ਤੇ ਰੌਸ਼ਨੀ ਹੁੰਦੀ ਹੈ ਆਦਿ ਆਦਿ।ਜਿੰਨੇ ਕਹਾਣੀ ਵਿਚ ਵਾਰਤਾਲਾਪ ਸਨ, ਜਿੰਨੇ ਦ੍ਰਿਸ਼ ਬਣਦੇ ਸਨ। ਉਨਾਂ ਕੁ ਹੀ ਕਹਾਣੀ ਨੂੰ ਨਾਟਕੀ ਰੂਪ ਦੇ ਦਿੱਤਾ।”ਭਾਪਾ ਜੀ ਮੈਂ ਨਾਟਕ ਲਿਖ ਲਿਆ।” ਮੈਂ ਤਾਇਆ ਜੀ ਨੂੰ ਜਾ ਕੇ ਕਿਹਾ। ”ਨਾਟਕ! ਕਿਹੜਾ ਨਾਟਕ ਲਿਖ ਲਿਆ ਤੂੰ!! ਦੇਖੀ ਕੋਈ ਘਰ ‘ਚ ਰਹਿ ਨਾ ਜਾਵੇ ਲਿਖੇ ਬਿਨਾਂ।” ਤਾਇਆ ਜੀ ਨੇ ਹੱਸਦੇ ਕਿਹਾ।ਨਾਟਕ ਪੜ੍ਹ ਕੇ ਕਹਿਣ ਲੱਗੇ, ”ਹੈ ਤਾਂ ਠੀਕ, ਪਰ ਛੋਟੇ, ਕੁੱਝ ਵੱਡਾ ਚਾਹੀਦੈ, ਇਹ ਤਾਂ ਤੀਹ-ਪੈਤੀ ਮਿੰਟ ਦਾ ਹੋਊ ਮਸਾਂ ।” ”ਹੁਣ ਫੇਰ ਕੀ ਕਰਾਂ।” ਮੈਂ ਕਿਹਾ। ”ਇਹ ਦੇਖਣਾਂ ਤੇਰਾ ਕੰਮ ਐਂ। ਮੈਂ ਤਾਂ ਆਪਣੀ ਕਹਾਣੀ ਦੇ ‘ਤੀ।ਇਕ ਗੱਲ ਹੋਰ, ਮੇਰੀ ਕਹਾਣੀ ਮੇਰੀ ਹੀ ਰਹਿਣ ਚਾਹੀਦੀ ਹੈ। ਕਿਤੇ ਉਈਂ ਸੁਆਹ ਉਡਾ ਕੇ ਰੱਖ ਦਮੇਂ।” ਤਾਇਆ ਜੀ ਨੇ ਉਂਗਲੀ ਖੜੀ ਕਰਕੇ ਕਿਹਾ। ਨਾਟਕ ਵਿਚ ਜ਼ਰੂਰੀ ਵਾਧਾ ਅਤੇ ਤਬਦੀਲੀਆਂ ਕਰਕੇ ਰਹਿਰਸਲ ਸ਼ੁਰੂ ਕਰ ਦਿੱਤੀ।ਨਾਟਕ ਡੈਣ ਨੂੰ ਖਚਾ-ਖਚ ਭਰੇ ਟੈਗੋਰ ਥੀਏਟਰ ਵਿਚ ਦਰਸ਼ਕਾਂ ਅਤੇ ਨਾਟ-ਆਲੋਚਕਾਂ ਦੀ ਭਰਵੀਂ ਦਾਦ ਮਿਲੀ।ਇਸ ਤਰਾਂ ਸਰਘੀ ਕਲਾ ਕੇਂਦਰ ਦੀ ਨਾਟ-ਮੰਡਲੀ ਦੇ ਤੌਰ ‘ਤੇ ਅਤੇ ਮੇਰੀ ਰੁਪਾਂਤਰਕਾਰ ਅਤੇ ਨਾਟਕਕਾਰ ਵੱਜੋ ਪਹਿਚਾਣ ਬਣੀ।
ਨਾਟ-ਕਰਮੀ ਤੋਂ ਇਲਾਵਾ, ਜਿਸ ਤਰਾਂ ਮੈਂ ਨਾਟਕਕਾਰ ਮਜ਼ਬੂਰੀ ਵਿਚ ਬਣਿਆਂ, ਉਵੇਂ ਹੀ ਨਾਟ-ਨਿਰਦੇਸ਼ਕ ਵੀ ਮੱਲੋ-ਜ਼ੋਰੀ ਹੀ ਬਣਨਾ ਪਿਆ। ਮੇਰੇ ਰੁਪਾਂਤਰ ਨਾਟਕ ਡੈਣ, ਮੇਰਾ ਉਜੜਿਆ ਗੁਆਂਢੀ ਅਤੇ ਭਾਬੀ ਮੈਨਾ ਦੇ ਨਿਰਦੇਸ਼ਕ ਹੋਰ ਸਨ। ਭਾਬੀ ਮੈਨਾ ਨਾਟਕ ਦੇ ਹੋਰ ਮੰਚਣ ਕਰਨ ਦਾ ਸਬੱਬ ਬਣਿਆਂ। ਨਿਰਦੇਸ਼ਕ ਨੂੰ ਪੁੱਛ ਕੇ ਸਾਰੇ ਮੰਚਣਾਂ ਦੀਆਂ ਤਾਰੀਖਾਂ ਤਹਿ ਕਰ ਦਿੱਤੀਆਂ।ਨਾਟਕ ਦੀ ਰਹਿਰਸਲ ਵੀ ਸ਼ੁਰੂ ਕਰ ਦਿੱਤੀ।ਨਿਰਦੇਸ਼ਕ ਸਾਹਿਬ ਨੇ ਦੋ ਚਾਰ ਦਿਨ ਰਹਿਰਸਲ ਸਾਂਭਣ ਲਈ ਕਿਹਾ।ਪਰ ਆਇਆ ਦਸ ਦਿਨ ਨੀ।ਨਾਟਕ ਦੇ ਮੰਚਣ ਵਿਚ ਸਿਰਫ਼ ਚਾਰ ਦਿਨ ਬਾਕੀ ਸਨ। ਨਿਰਦੇਸ਼ਕ ਦੇ ਘਰ ਜਾਣਾ। ਘਰੇ ਨਾ ਮਿਲਣਾਂ। ਫੋਨ ਕਰਨਾ। ਕੋਈ ਜਵਾਬ ਨਾ।ਥੱਕ-ਹੰਭ ਕੇ ਨਾਟਕ ਦੇ ਨਿਰਦੇਸ਼ਨ ਦੀ ਜ਼ੁੰਮੇਵਾਰੀ ਵੀ ਸਾਂਭਣੀ ਪਈ।ਉਸ ਤੋਂ ਬਾਅਦ ਮੈਂ ਨਾਟਕ ਲਿਖਣ ਦੇ ਨਾਲ ਨਾਲ ਨਿਰਦੇਸ਼ਨ ਦੀ ਜ਼ੁੰਮੇਵਾਰੀ ਵੀ ਸੰਭਾਲ ਲਈ।ਫੇਰ ਚੱਲ ਸੋ ਚੱਲ।
ਆਪਣੇ ਨਾਟ-ਲੇਖਣੀ ਦੇ 30 ਸਾਲਾਂ ਦੇ ਸਫਰ ਦੌਰਾਨ ਡੈਣ, ਮੇਰਾ ਉਜੜਿਆ ਗੁਆਂਢੀ, ਕਹਾਣੀ ਇਕ ਪਿੰਡ ਦੀ (ਸੰਤੋਖ ਸਿੰਘ ਧੀਰ ਕਹਾਣੀਆਂ ਡੈਣ, ਮੇਰਾ ਉਜੜਿਆ ਗੁਆਂਢੀ ਅਤੇ ਕੋਈ ਇਕ ਸਵਾਰ, ਸਾਂਝੀ ਕੰਧ, ਭੇਤ ਆਲੀ ਗੱਲ, ਸਵੇਰ ਹੋਣ ਤੱਕ, ਗੱਲਾਂ ਲਈ ਗੱਲਾਂ ‘ਤੇ ਅਧਾਰਿਤ), ਭਾਬੀ ਮੈਨਾ (ਸਰਦਾਰ ਗੁਬਖਸ ਸਿੰਘ ਪ੍ਰੀਤਲੜੀ ਦੀ ਕਹਾਣੀ ਭਾਬੀ ਮੈਨਾ ‘ਤੇ ਅਧਾਰਿਤ) ਮੁੱਖ ਮਹਿਮਾਨ, ਫ਼ਰੀਡਮ ਫ਼ਾਇਟਰ, ਸੌਰੀ, ਮਸਤਾਨੇ, ਸਿਰ ਦੀਜੈ ਕਾਣਿ ਨਾ ਕੀਜੈ, ਸੁੰਨਾ ਵਿਹੜਾ, ਬਲਖ਼ ਨਾ ਬੁਖ਼ਾਰੇ, ਖੁਸਰੇ, ਦਫਤਰ, ਬੇਰੀਆਂ, ਸਰਦਾਰ, ਜਹਾਜ਼, ਕੱਫਣ, ਦੇਸੀ ਅਤੇ ਜ਼ੋਰ ਲਗਾ ਕੇ ਹਈ ਸ਼ਾਅ ਡੇਢ ਦਰਜਨ ਦੇ ਕਰੀਬ ਮੌਲਿਕ ਅਤੇ ਰੁਪਾਂਤਰਤ ਨਾਟਕ ਲਿਖੇ ਅਤੇ ਪੰਜਾਬ ਅਤੇ ਪੰਜਾਬੋਂ ਬਾਹਰ ਮੰਚਣ ਵੀ ਕੀਤੇ। ਫ਼ਰੀਡਮ ਫ਼ਾਇਟਰ ਨੂੰ ਗੁਰੁ ਨਾਨਕ ਦੇਵ ਯੂਨੀਵਰਸਟੀ ਤੋਂ ਆਈ. ਸੀ. ਨੰਦਾ ਐਵਾਰਡ ਵੀ ਪ੍ਰਾਪਤ ਹੋਇਆ ਅਤੇ ਇਸ ਨਾਟਕ ਦੇ ਕਨੈਡਾ ਵਿਚ ਵੀ ਮੰਚਣ ਹੋਏ ।

(ਸੰਜੀਵਨ ਸਿੰਘ) +91 94174-60656