ਬੰਦ ਬੁੱਧੀਜੀਵੀਆਂ ਦੀ ਰਿਹਾਈ ਸਬੰਧੀ ਜਮਹੂਰੀ ਅਧਿਕਾਰ ਸਭਾ ਵੱਲੋਂ ਕਨਵੈੱਨਸ਼ਨ

ਬਠਿੰਡਾ -ਭੀਮਾ ਕੋਰੇਗਾਉਂ ਮਾਮਲੇ ਵਿੱਚ ਬਗੈਰ ਕਿਸੇ ਦੋਸ਼ ਦੇ ਗੈਰਕਾਨੂੰਨੀ ਤੌਰ ਤੇ ਗਿਰਫਤਾਰ ਕੀਤੇ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਲੈ ਕੇ ਜਮਹੂਰੀ ਅਧਿਕਾਰ ਸਭਾ ਵੱਲੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਟੀਚਰਜ ਹੋਮ ਵਿਖੇ ਇੱਕ ਭਰਵੀਂ ਕਨਵੈੱਨਸ਼ਨ ਕੀਤੀ ਗਈ ਅਤੇ ਬਾਅਦ ਵਿੱਚ ਸ਼ਹਿਰ ਵਿੱਚ ਰੋਸ ਵਿਖਾਵਾ ਕੀਤਾ ਗਿਆ।
ਕਨਵੈੱਨਸ਼ਨ ਦੀ ਸੁਰੂਆਤ ਵਿਛੜ ਚੁੱਕੇ ਆਗੂਆਂ, ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਉਪਰੰਤ ਕੀਤੀ ਗਈ। ਕਨਵੈੱਨਸ਼ਨ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਸ੍ਰ: ਜਗਮੋਹਨ ਸਿੰਘ ਨੇ ਕਿਹਾ ਕਿ ਭੀਮਾ ਕੋਰੇਗਾਉਂ ਮਾਮਲੇ ਵਿੱਚ ਬੁੱਧੀਜੀਵੀਆਂ ਜਿਹਨਾਂ ਵਿੱਚ ਪ੍ਰੋਫੈਸਰ, ਪੱਤਰਕਾਰ, ਡਾਕਟਰ, ਲੇਖਕ ਆਦਿ ਸ਼ਾਮਲ ਹਨ, ਨੂੰ ਜਾਣਬੁੱਝ ਕੇ ਬਗੈਰ ਦੋਸ਼ ਤੋਂ ਗਿਰਫਤਾਰ ਕੀਤਾ ਗਿਆ ਅਤੇ ਉਹ ਸਾਲਾਂ ਤੋਂ ਜੇਲ੍ਹਾਂ ਵਿੱਚ ਨਜਾਇਜ ਸਜਾ ਭੁਗਤ ਰਹੇ ਹਨ। ਉਹਨਾਂ ਕਿਹਾ ਕਿ ਫਾਸ਼ੀਵਾਦੀ ਤਾਕਤਾਂ ਹਮੇਸਾਂ ਜਾਗਰੂਕ ਬੁੱਧੀਜੀਵੀਆਂ ਤੋਂ ਖੌਫ ਖਾਂਦੀਆਂ ਹਨ, ਉਹਨਾਂ ਦੀ ਆਵਾਜ਼ ਬੰਦ ਕਰਨ ਲਈ ਹੀ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਂਦਾ ਹੈ। ਉਹਨਾਂ ਕਿਹਾ ਕਿ ਸੱਚ ਦੀ ਆਵਾਜ਼ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ।

ਉਹਨਾਂ ਸ਼ਹੀਦ ਭਗਤ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹਨਾਂ ਦੀ ਸਹਾਦਤ ਨੂੰ ਸਦੀ ਦਾ ਸਮਾਂ ਹੋਣ ਵਾਲਾ ਹੈ, ਪਰ ਉਹਨਾਂ ਦੀ ਸੋਚ ਅੱਜ ਵੀ ਹਰ ਨੌਜਵਾਨ ਦੀ ਸੋਚ ਬਣ ਉੱਚੀ ਉੱਠ ਰਹੀ ਹੈ ਅਤੇ ਉਹਨਾਂ ਦੀ ਆਵਾਜ਼ ਦੇਸੀ ਵਿਦੇਸ਼ੀ ਕਿਸੇ ਸਰਕਾਰ ਤੋਂ ਦਬਾਈ ਨਹੀਂ ਜਾ ਸਕੀ। ਉਹਨਾਂ ਗਿਰਫਤਾਰ ਕੀਤੇ ਬੁੱਧੀਜੀਵੀਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਸ੍ਰ: ਭਗਤ ਸਿੰਘ ਹੁਰਾਂ ਨੇ ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਲਾਇਆ ਸੀ, ਜੋ ਫਾਸ਼ੀਵਾਦੀ ਤਾਕਤਾਂ ਵੱਲੋਂ ਕੀਤੀ ਜਾਂਦੀ ਲੁੱਟ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਸੀ ਅਤੇ ਇਨਕਲਾਬ ਇਸਦਾ ਇੱਕੋ ਇੱਕ ਹੱਲ ਦੱਸਿਆ ਗਿਆ ਸੀ। ਉਹਨਾਂ ਕਿਹਾ ਕਿ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇ ਕੇ ਲੋਕਾਂ ਦੀ ਲੁੱਟ ਰੋਕੀ ਜਾ ਸਕਦੀ ਹੈ।
ਕਨਵੈੱਨਸ਼ਨ ਨੂੰ ਸੰਬੋਧਨ ਕਰਦਿਆਂ ਸੰਦੀਪ ਸਿੰਘ ਐਡਵੋਕੇਟ ਨੇ ਭੀਮਾ ਕੋਰੇਗਾਉਂ ਕੇਸ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਮੁਕੱਦਮਾ ਝੂਠ ਦੀ ਨੀਂਹ ਤੇ ਹੀ ਖੜਾ ਹੈ ਅਤੇ ਇੱਕ ਸਾਜਿਸ ਤਹਿਤ ਇਸ ਕੇਸ ਵਿੱਚ ਬੁੱਧੀਜੀਵੀਆਂ ਨੂੰ ਨਜਾਇਜ ਫਸਾਇਆ ਗਿਆ ਹੈ। ਉਹਨਾਂ ਦੱਸਿਆ ਕਿ ਰੋਨਾ ਵਿਲਸਨ ਦੇ ਲੈਪਟਾਪ ਵਿਚਲੇ ਜਿਸ ਪੱਤਰ ਨੂੰ ਇਸ ਮਾਮਲੇ ਦਾ ਧੁਰਾ ਬਣਾਇਆ ਗਿਆ ਹੈ, ਉਹ ਬਾਹਰੋ ਫਿੱਟ ਕੀਤਾ ਗਿਆ ਹੈ, ਜਿਸ ਬਾਰੇ ਅਮਰੀਕਾ ਦੀ ਇੱਕ ਸੰਸਥਾ ਨੇ ਸਪਸ਼ਟ ਕਰ ਦਿੱਤਾ ਹੈ।

ਇਸਤੋਂ ਪਹਿਲਾਂ ਇਕਾਈ ਬਠਿੰਡਾ ਦੇ ਪ੍ਰਧਾਨ ਸ੍ਰੀ ਬੱਗਾ ਸਿੰਘ ਨੇ ਸਰਕਾਰਾਂ ਵੱਲੋਂ ਬੋਲਣ ਤੇ ਹੱਕਾਂ ਲਈ ਸੰਘਰਸ ਕਰਨ ਦਾ ਹੱਕ ਖੋਹਣ ਦੀ ਨੀਤੀ ਦਾ ਸਖ਼ਤ ਵਿਰੋਧ ਕੀਤਾ ਅਤੇ ਗਿਰਫਤਾਰ ਬੁੱਧੀਜੀਵੀਆਂ ਦੀ ਰਿਹਾਈ ਤੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਕੇ ਕਿਸਾਨ ਅੰਦੋਲਨ ਖਤਮ ਕਰਾਉਣ ਦੀ ਮੰਗ ਕੀਤੀ। ਉਹਨਾਂ ਲੋਕਾਂ ਨੂੰ ਆਪਣੇ ਜਮਹੂਰੀ ਹੱਕਾਂ ਲਈ ਲੜਾਈ ਜਾਰੀ ਰੱਖਣ ਦਾ ਵੀ ਸੱਦਾ ਦਿੱਤਾ। ਕਨਵੈੱਨਸ਼ਨ ਨੂੰ ਫਰੀਦਕੋਟ ਇਕਾਈ ਦੇ ਪ੍ਰਧਾਨ ਸ੍ਰੀ ਰੇਸਮ ਸਿੰਘ ਬਰਗਾੜੀ ਤੇ ਪ੍ਰਚੰਡ ਦੇ ਸਾਬਕਾ ਸੰਪਾਦਕ ਜਗਦੇਵ ਸਿੰਘ ਜੱਗਾ ਨੇ ਵੀ ਸੰਬੋਧਨ ਕੀਤਾ।
ਇਸ ਦੌਰਾਨ ਡਾ: ਅਜੀਤਪਾਲ ਸਿੰਘ ਨੇ ਸਭਾ ਵੱਲੋਂ ਮਤੇ ਪੇਸ ਕੀਤੇ ਗਏ, ਜਿਹਨਾਂ ਨੂੰ ਹਾਜਰੀਨ ਨੇ ਹੱਥ ਖੜੇ ਕਰਕੇ ਪ੍ਰਵਾਨ ਕੀਤਾ। ਮਤਿਆਂ ਰਾਹੀਂ ਮੰਗ ਕੀਤੀ ਗਈ ਕਿ ਝੂਠੇ ਕੇਸਾਂ ਵਿੱਚ ਗਿਰਫਤਾਰ ਬੁੱਧੀਜੀਵੀਆਂ ਤੇ ਹੋਰ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣ, ਕਿਰਤ ਕਾਨੂੰਨਾਂ ਸਬੰਧੀ ਬਣਾਏ ਚਾਰ ਕੋਡ ਵਾਪਸ ਲਏ ਜਾਣ, ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਦੀ ਅਣਗਹਿਲੀ ਸਦਕਾ ਹੋਈਆਂ ਮੌਤ ਬਦਲੇ ਮੁਆਵਜਾ ਦਿੱਤਾ ਜਾਵੇ, ਸਿਹਤ ਦੇ ਖੇਤਰ ਵਿੱਚ ਨਿੱਜੀਕਰਨ ਦੀ ਨੀਤੀ ਵਾਪਸ ਲੈ ਕੇ ਜਨਤਕ ਖੇਤਰ ਦੇ ਸਿਹਤ ਪ੍ਰਬੰਧਾਂ ਨੂੰ ਮਜਬੂਤ ਕੀਤਾ ਜਾਵ ਅਤੇ ਭਗਵਾਂਕਰਨ ਕਰਨਾ ਬੰਦ ਕੀਤਾ ਜਾਵੇ। ਕਨਵੈੱਨਸ਼ਨ ਵਿੱਚ ਲੇਖਕਾਂ, ਪੱਤਰਕਾਰਾਂ, ਪੈਨਸਨਰਾਂ, ਕਿਸਾਨਾਂ ਮਜਦੂਰ ਜਥੇਬੰਦੀਆਂ, ਔਰਤ ਜਥੇਬੰਦੀਆਂ, ਸਾਹਿਤਕ ਸਭਾਵਾਂ, ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਨੇ ਸਿਰਕਤ ਕੀਤੀ। ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਅਤਰਜੀਤ ਕਹਾਣੀਕਾਰ, ਜਸਪਾਲ ਮਾਨਖੇੜਾ, ਜੇ ਸੀ ਪਰਿੰਦਾ, ਜਗਦੀਸ ਘਈ, ਖੁਸਵੰਤ ਬਰਗਾੜੀ, ਬਰਜਿੰਦਰ ਸਿੰਘ ਬਰਾੜ, ਕਰਤਾਰ ਸਿੰਘ ਬਰਾੜ, ਨਾਜਰ ਸਿੰਘ ਬੋਪਾਰਾਏ, ਦਰਸਨ ਸਿੰਘ ਮੌੜ, ਰਣਬੀਰ ਰਾਣਾ, ਲਛਮਣ ਸਿੰਘ ਮਲੂਕਾ ਆਦਿ ਵੀ ਹਾਜਰ ਸਨ। ਸ੍ਰੀ ਪ੍ਰਿਤਪਾਲ ਸਿਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।