ਮੈਲਬੋਰਨ ਦੇ ਡਿਟੈਂਸ਼ਨ ਸੈਂਟਰ ਵਿਖੇ ਸ਼ਰਣਾਰਥੀਆਂ ਦੀ ਭੁੱਖ ਹੜਤਾਲ ਦਾ ਚੌਥਾ ਦਿਨ

14 ਅਜਿਹੇ ਸ਼ਰਣਾਰਥੀ ਜੋ ਕਿ ਮੈਲਬੋਰਨ ਦੇ ਡਿਟੈਂਸ਼ਨ ਸੈਂਟਰ ਵਿਖੇ ਰੱਖੇ ਗਏ ਹਨ ਅਤੇ ਹਾਲ ਵਿੱਚ ਹੀ ਮੈਡਵਾਕ ਕਾਨੂੰਨਾਂ ਤਹਿਤ ਉਨ੍ਹਾਂ ਨੂੰ ਮੈਡੀਕਲ ਉਪਚਾਰ ਆਦਿ ਲਈ, ਮਾਨਸ ਆਈਲੈਂਡ ਤੋਂ ਉਕਤ ਸੈਂਟਰ ਵਿੱਚ ਲਿਆਂਦਾ ਗਿਆ ਸੀ, ਅੱਜ ਲਗਾਤਾਰ ਚੌਥੇ ਦਿਨ ਵੀ ਭੁੱਖ ਹੜਤਾਲ ਤੇ ਬੈਠੇ ਹਨ ਅਤੇ ਉਨ੍ਹਾਂ ਦੀ ਇੱਕੋ ਇੱਕ ਮਨਸ਼ਾ ਇਹੋ ਹੈ ਕਿ ਮੀਡੀਆ ਉਨ੍ਹਾਂ ਵੱਲ ਕੇਂਦਰਤ ਹੋਵੇ ਅਤੇ ਉਨ੍ਹਾਂ ਵੱਲੋਂ ਝੇਲੀਆਂ ਜਾਂਦੀਆਂ ਪ੍ਰੇਸ਼ਾਨੀਆਂ ਨੂੰ ਜੱਗ ਜਾਹਿਰ ਕਰੇ।
ਇਨ੍ਹਾਂ ਵਿੱਚ ਅਜਿਹੇ ਸ਼ਰਣਾਰਥੀ ਵੀ ਸ਼ਾਮਿਲ ਹਨ ਜੋ ਕਿ ਬੀਤੇ ਕਰੀਬ 9 ਸਾਲਾਂ ਤੋਂ ਅਜਿਹੀ ਕੈਦ ਭੁਗਤ ਰਹੇ ਹਨ ਅਤੇ ਹੁਣ ਆਪਣੀ ਜ਼ਿੰਦਗੀ ਲਈ ਸਕਾਰਾਤਮਕ ਫੈਸਲਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕੈਦ ਵਿੱਚ ਰੱਖਣ ਦਾ ਮਤਲੱਭ ਕੀ ਹੈ….? ਜੇਕਰ ਤੁਸੀਂ ਸਾਨੂੰ ਆਪਣੇ ਦੇਸ਼ ਵਿੱਚ ਵੜਨ ਨਹੀਂ ਦੇਣਾ ਚਾਹੁੰਦੇ ਤਾਂ ਸਾਨੂੰ ਵਾਪਸ ਭੇਜ ਦਿਉ… ਤਾਂ ਕਿ ਅਸੀਂ ਆਪਣੀ ਬਾਕੀ ਦੀ ਬਚੀ ਖੁਚੀ ਜ਼ਿੰਦਗੀ ਨੂੰ ਕਿਸੇ ਹੋਰ ਲੇਖੇ ਲਗਾ ਸਕੀਏ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਡਿਟੈਂਸ਼ਨ ਸੈਂਟਰਾਂ ਵਿਖੇ ਰੱਖੇ ਗਏ ਕੈਦੀਆਂ ਨਾਲ ਬਹੁਤ ਮਾੜਾ ਸਲੂਕ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਖਾਣ-ਪੀਣ ਜਾਂ ਸਿਹਤ ਸੰਭਾਲ, ਸੁਰੱਖਿਆ ਅਤੇ ਜਾਂ ਫੇਰ ਕਿਸੇ ਕਿਸਮ ਦੇ ਭਲੇ ਦੀ ਕਿਸੇ ਨੂੰ ਵੀ ਕੋਈ ਚਿੰਤਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਸੇ ਸਾਲ ਦੇ ਸ਼ੁਰੂ ਵਿੱਚ ਹੀ ਦਰਜਨਾਂ ਅਜਿਹੇ ਸ਼ਰਣਾਰਥੀ ਉਕਤ ਕਾਨੂੰਨ ਤਹਿਤ ਆਸਟ੍ਰੇਲੀਆ ਦੀ ਸਰ-ਜ਼ਮੀਨ ਉਪਰ ਲਿਆਂਦੇ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ 6 ਮਹੀਨੇ ਦਾ ਬ੍ਰਿਜਿੰਗ ਵੀਜ਼ਾ ਪ੍ਰਦਾਨ ਕਰ ਦਿੱਤਾ ਗਿਆ ਸੀ।