ਨਿਊ ਸਾਊਥ ਵੇਲਜ਼ ਸਰਕਾਰ ਨੂੰ ਬੇਘਰਿਆਂ ਲਈ ਸਮਾਜਿਕ ਘਰ ਬਣਾਉਣ ਦੀ ਅਪੀਲ

ਦ ਇਕੁਇਟੀ ਇਕਨੋਮਿਕਸ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ, ਜਿਸਨੂੰ ਕਿ ਕਮਿਊਨਿਟੀ ਹਾਊਸਿੰਗ ਇੰਡਸਟ੍ਰੀ ਐਸੋਸਿਏਸ਼ਨ ਨੇ ਜਾਰੀ ਕੀਤਾ ਹੈ, ਵਿੱਚ ਰਾਜ ਸਰਕਾਰ ਨੂੰ 5,000 ਹੋਰ ਵਾਧੂ ਅਜਿਹੇ ਘਰ ਬਣਾਉਣ ਦੀ ਅਪੀਲ ਕੀਤੀ ਹੈ ਜਿੱਥੇ ਕਿ ਰਾਜ ਵਿੱਚਲੇ ਬੇਘਰੇ ਲੋਕਾਂ ਨੂੰ ਚਾਰ ਦਿਵਾਰੀ ਅਤੇ ਛੱਤ ਦੀ ਓਟ ਦਿੱਤੀ ਜਾ ਸਕੇ।
ਰਾਜ ਸਰਕਾਰ ਨੇ ਓ.ਈ.ਸੀ.ਡੀ. (The Organisation for Economic Co-operation and Development) ਨਾਲ ਮਿਲ ਕੇ ਉਕਤ ਮੁੱਦੇ ਉਪਰ ਕੰਮ ਕਰਨਾ ਪਰਵਾਨ ਕਰਦਿਆਂ ਆਪਣੇ ਬਜਟ ਵਿੱਚੋਂ 5.2 ਬਿਲੀਅਨ ਡਾਲਰਾਂ ਦਾ ਬਜਟ ਅਜਿਹੀਆਂ ਕਾਰਵਾਈਆਂ ਲਈ ਰਾਖਵਾਂ ਵੀ ਰੱਖ ਲਿਆ ਹੈ ਅਤੇ ਇਸ ਨਾਲ ਰਾਜ ਸਰਕਾਰ ਦਾ ਕਹਿਣਾ ਹੈ ਕਿ 16,200 ਰੌਜ਼ਗਾਰ ਵੀ ਮੁਹੱਈਆ ਹੋਣਗੇ।
ਕਮਿਊਨਿਟੀ ਹਾਊਸਿੰਗ ਇੰਡਸਟ੍ਰੀ ਐਸੋਸਿਏਸ਼ਨ ਦੇ ਮੁੱਖ ਕਾਰਜਕਾਰੀ ਮਾਰਕ ਡੈਗਟਰਡੀ ਦਾ ਕਹਿਣਾ ਹੈ ਕਿ ਆਂਕੜਿਆਂ ਮੁਤਾਬਿਕ, ਹਰ ਸਾਲ ਰਾਜ ਅੰਦਰ 750 ਦੇ ਕਰੀਬ ਲੋਕ ਬੇਘਰੇ ਹੋ ਜਾਂਦੇ ਹਨ ਅਤੇ ਹੁਣ ਤੱਕ 50,000 ਦੇ ਕਰੀਬ ਅਜਿਹੇ ਲੋਕ ਸਰਕਾਰ ਦੀ ‘ਵੇਟਿੰਗ ਲਿਸਟ’ ਵਿੱਚ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਨੇ ਬੀਤੇ 10 ਸਾਲਾਂ ਦੇ ਸਮੇਂ ਦੌਰਾਨ ਅਜਿਹੇ ਹਜ਼ਾਰਾਂ ਹੀ ਘਰ ਬਣਵਾਏ ਵੀ ਹਨ ਅਤੇ ਇਸ ਵਿੱਚ 1.2 ਬਿਲੀਅਨ ਡਾਲਰਾਂ ਦਾ ਨਿਵੇਸ਼ ਵੀ ਕੀਤਾ ਹੈ ਪਰੰਤੂ ਹਾਲੇ ਵੀ ਬਹੁਤ ਕੁੱਝ ਕਰਨ ਦੀ ਜ਼ਰੂਰਤ ਹੈ ਅਤੇ ਇਕੱਠਿਆਂ ਮਿਲ ਕੇ ਅਸੀਂ ਅਸੰਭਵ ਨੂੰ ਸੰਭਵ ਬਣਾ ਸਕਦੇ ਹਾਂ।