ਫੌਜ ਨਿਊਜ਼ੀਲੈਂਡ ਦੀ: ਸੋਂਹਦੀਆਂ ਦਸਤਾਰਾਂ ’ਚ ਇਕ ਹੋਰ ਦਸਤਾਰ

ਨਿਊਜ਼ੀਲੈਂਡ ਆਰਮੀ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਿਲ

(ਨਿਊਜ਼ੀਲੈਂਡ ਆਰਮੀ ਦੇ ਨਵਾਂ ਭਰਤੀ ਹੋਇਆ ਸਿੱਖ ਨੌਜਵਾਨ ਮਨਸਿਮਰਤ ਸਿੰਘ)

ਔਕਲੈਂਡ :-ਨਿਊਜ਼ੀਲੈਂਡ ਦੇ ਵਿਚ 176 ਸਾਲ ਪਹਿਲਾਂ ਹੋਂਦ ਦੇ ਵਿਚ ਆਈ ਦੇਸ਼ ਦੀ ਧਰਾਤਲ ਫੌਜ ਦਾ ਸਫਰ ਬੜਾ ਲੰਬਾ ਹੈ ਅਤੇ ਇਸ ਵੇਲੇ ਇਸ ਨੂੰ ‘ਨਿਊਜ਼ੀਲੈਂਡ ਆਰਮੀ’ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਫੌਜ ਦੇ ਵਿਚ ਦੇਸ਼ ਦੀ ਆਬਾਦੀ ਦੇ ਮੁਤਾਬਿਕ ਕਾਫੀ ਫੌਜ ਹੈ ਅਤੇ ਪੂਰੀ ਤਰ੍ਹਾਂ ਆਧੁਨਿਕ ਹੈ। ਨਿਊਜ਼ੀਲੈਂਡ ਫੌਜ ਦੇ ਵਿਚ 2009 ਦੇ ਵਿਚ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਚਰਨਜੀਤ ਸਿੰਘ (ਨੀਲੋਖੇੜੀ ਨੇੜੇ ਕਰਨਾਲ) ਦੀ ਆਮਦ ਹੋਈ ਸੀ। ਇਸ ਵੇਲੇ ਉਹ ਕਾਫੀ ਵੱਡੇ ਰੈਂਕ ਉਤੇ ਹਨ। ਇਸ ਤੋਂ ਬਾਅਦ ਕੁਝ ਹੋਰ ਨੌਜਵਾਨ ਵੀ ਆਏ ਅਤੇ ਇਕ ਪੰਜਾਬੀ ਕੁੜੀ ਵੀ ਸ਼ਾਮਿਲ ਹੋਈ। ਪਿਛਲੇ ਸਾਲ ਜੁਲਾਈ ਮਹੀਨੇ ਇਕ ਅੰਮਿ੍ਰਤਧਾਰੀ ਗੋਰਾ ਨੌਜਵਾਨ ਲੂਈਸ ਸਿੰਘ ਖਾਲਸਾ ਵੀ ਫੌਜ ਵਿਚ ਸ਼ਾਮਿਲ ਹੋਇਆ ਸੀ।
ਇਕ ਹੋਰ ਦਸਤਾਰ: ਬੀਤੇ ਕੱਲ੍ਹ ਨਿਊਜ਼ੀਲੈਂਡ ਆਰਮੀ ਦੀ ਫੌਜ ਨੇ ਨਵੀਂ ਭਰਤੀ ਹੋਈ ਟੁਕੜੀ ਨੰਬਰ 401 ਦੀ ਪਾਸਿੰਗ ਪ੍ਰੇਡ ਦੀ ਫੋਟੋ ਆਪਣੇ ਫੇਸ ਬੁੱਕ ਸਫੇ ਉਤੇ ਪਾਈ। ਕੱਲ੍ਹ ਹੀ ਮਿਲਟ੍ਰੀ ਕੈਂਪ ਦੇ ਟ੍ਰੇਨਿੰਗ ਸੈਂਟਰ ‘ਵਾਇਊਰੂ’ ਵਿਖੇ ਇਸ ਟੁਕੜੀ ਦੀ ਪਾਸਿੰਗ ਪ੍ਰੇਡ ਹੋਈ ਹੈ ਅਤੇ ਇਕ ਹੋਰ ਸਿੱਖ ਨੌਜਵਾਨ ਮਨਸਿਮਰਤ ਸਿੰਘ ਸਲਾਮੀ ਦਿੰਦਾ ਹੋਇਆ ਅਤੇ ਇਕ ਫੋਟੋ ਦੇ ਵਿਚ ਟੁਕੜੀ ਦੀ ਅਗਵਾਈ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ। ਇਹ ਨੌਜਵਾਨ ਹੁਣ ਆਪਣੀ ਡਿਊਟੀ ਲਈ ਤਿਆਰ ਹੋ ਗਿਆ ਹੈ।
ਕੌਣ ਹੈ ਮਨਸਿਮਰਤ ਸਿੰਘ? 18 ਸਾਲਾ ਮਨਸਿਮਰਤ ਸਿੰਘ ਦੇ ਮਾਤਾ ਪਿਤਾ ਬੱਕਲੈਂਡ ਬੀਚ ਵਿਖੇ ਰਹਿੰਦੇ ਹਨ। ਇਸ ਪਰਿਵਾਰ ਦਾ ਜੱਦੀ ਪਿੰਡ ਬੌੜ ਤਹਿਸੀਲ ਖਮਾਣੋ ਜਿਲ੍ਹਾ ਫਤਹਿਗੜ੍ਹ ਸਾਹਿਬ ਹੈ। 1998 ਦੇ ਵਿਚ ਇਹ ਪਰਿਵਾਰ ਇਥੇ ਆਇਆ ਸੀ। ਇਸ ਨੌਜਵਾਨ ਨੇ ਮੌਕਲੀਨ ਕਾਲਜ ਦੇ ਵਿਚ ਪੜ੍ਹਾਈ ਸ਼ੁਰੂ ਕੀਤੀ ਅਤੇ ਫਿਰ ਸਕਾਲਰਸ਼ਿੱਪ ਦੇ ਨਾਲ ਇਕ ਵਕਾਰੀ ਕਾਲਜ ਸੇਂਟ ਕੇਂਟੀਗਰਨ ਪਾਕੂਰੰਗਾ ਵਿਖੇ ਬਾਕੀ ਦੀ ਪੜ੍ਹਾਈ ਪੂਰੀ ਕੀਤੀ। ਮਨਸਿਮਰਤ ਸਿੰਘ ਨੇ 5 ਸਾਲ ਦੀ ਉਮਰ ਦੇ ਵਿਚ ਹੀ ਅੰਮਿ੍ਰਤ ਛੱਕ ਲਿਆ ਸੀ। ਉਹ ਅੰਡਰ 18 ਦੇ ਵਿਚ ਔਕਲੈਂਡ ਲਈ ਖੇਡ ਚੁੱਕਿਆ ਹੈ। ਉਹ ਪ੍ਰੀਮੀਅਰ ਹਾਕੀ ਟੀਮ ਹੌਵਿਕ-ਪਾਕੂਰੰਗਾ ਅਤੇ ਸੇਂਟ ਕੇਂਟਸ  ਦੀ ਹਾਕੀ ਟੀਮ ਦਾ ਹਿੱਸਾ ਰਿਹਾ। ਇਹ ਨੌਜਵਾਨ ਗਤਕਾ ਵੀ ਸੋਹਣਾ ਖੇਡਦਾ ਹੈ ਤੇ ਨਿਊਜ਼ੀਲੈਂਡ ਦੀ ਗਤਕਾ ਟੀਮ ਦੇ ਵਿਚ ਕੈਨੇਡਾ, ਆਸਟਰੇਲੀਆ, ਇੰਡੀਆ ਗਿਆ ਸੀ। ਇਹ ਨੌਜਵਾਨ ਗੁਰਬਾਣੀ ਕੀਰਤਨ ਵੀ ਕਰ ਲੈਂਦਾ ਹੈ। ਨਿਊਜ਼ੀਲੈਂਡ ਫੌਜ ਦੇ ਵਿਚ ਭਰਤੀ ਹੋਣ ਬਾਅਦ ਇਸਦੀ ਡਿਉਟੀ ਸਿਸਟਮ ਇੰਜੀਨੀਅਰ ਵਜੋਂ ਲਗਾਈ ਜਾਣੀ ਹੈ ਜੋ ਕਿ ਨੌਕਰੀ ਦੌਰਾਨ ਤਕਨੀਕੀ ਪੜ੍ਹਾਈ ਪੂਰੀ ਕਰਨ ਬਾਅਦ ਸ਼ੁਰੂ ਹੋਵੇਗੀ। ਫੌਜ ਦੀ ਟ੍ਰੇਨਿੰਗ ਦੇ ਵਿਚ ਇਹ ਅੱਵਲ ਆਇਆ ਹੈ ਅਤੇ ਇਸਨੇ ਕਈ ਹੋਰ ਇਨਾਮ ਹਾਸਿਲ ਕੀਤੇ। ਫੌਜ ਦੇ ਅਫਸਰ ਵਿਸ਼ੇਸ਼ ਤੌਰ ਉਤੇ ਇਸਦੇ ਮਾਪਿਆਂ ਨੂੰ ਪਾਸਿੰਗ ਪ੍ਰੇਡ ਵੇਲੇ ਇਸ ਗੱਲ ਦੀ ਵਧਾਈ ਦੇਣ ਸਾਹਮਣੇ ਆਏ।
ਇਸ ਨੌਜਵਾਨ ਨੂੰ ਆਪਣੇ ਜੀਵਨ ਦਾ ਪੇਸ਼ੇਵਾਰਾਨਾ ਸਫਰ ਨਿਊਜ਼ੀਲੈਂਡ ਆਰਮੀ ਦੇ ਵਿਚ ਸ਼ੁਰੂ ਕਰਨ ਉਤੇ ਮੁਬਾਰਕਬਾਦ। ਇਸਦੇ ਜਾਣ ਨਾਲ ਨਿਊਜ਼ੀਲੈਂਡ ਫੌਜ ’ਚ ਸੋਂਹਦੀਆਂ ਦਸਤਾਰਾਂ ਦੇ ਵਿਚ ਇਕ ਹੋਰ ਦਸਤਾਰ ਸ਼ਾਮਿਲ ਹੋਈ ਹੈ, ਇਹ ਨੌਜਵਾਨ ਵੀ ਦਸਤਾਰ ਦੀ ਸ਼ਾਨ ਵਧਾਈ ਰੱਖੇ, ਉਸਦੀ ਚੜ੍ਹਦੀ ਕਲਾ ਲਈ ਅਰਦਾਸ।
ਵਧਾਈਆਂ: ਪਰਿਵਾਰ ਨੂੰ ਸਮੁੱਚੇ ਭਾਈਚਾਰੇ ਦੀ ਤਰਫ਼ ਤੋਂ ਵਧਾਈਆਂ ਮਿਲ ਰਹੀਆਂ ਹਨ।