ਵਿਕਟੌਰੀਆ ਰਾਜ ਅੰਦਰ ਕਰੋਨਾ ਦਾ ਇੱਕ ਹੋਰ ਨਵਾਂ ਮਾਮਲਾ ਦਰਜ -ਪਾਬੰਧੀਆਂ ਵਿੱਚ ਛੋਟਾਂ ਵੀ ਜਾਰੀ

ਚੌਥੇ ਲਾਕਡਾਊਨ ਤੋਂ ਬਾਅਦ, ਵਿਕਟੌਰੀਆ ਰਾਜ ਕਰੋਨਾ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਆਂਕੜਿਆਂ ਮੁਤਾਬਿਕ, ਬੀਤੇ 24 ਘੰਟਿਆਂ ਦੌਰਾਨ ਕਰੋਨਾ ਦਾ ਇੱਕ ਹੋਰ ਮਾਮਲਾ ਵੀ ਦਰਜ ਕੀਤਾ ਗਿਆ ਹੈ। ਉਕਤ ਵਿਅਕਤੀ ਨੂੰ ਵੀ ਕੁਆਰਨਟੀਨ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਸਬੰਧ ਵੀ ਹਾਲ ਵਿੱਚ ਮਿਲੇ ਮਾਮਲਿਆਂ ਨਾਲ ਹੀ ਹੈ।
ਇਸ ਤੋਂ ਇਲਾਵਾ ਰਾਜ ਅੰਦਰ ਇਸੇ ਸਮੇਂ ਦੌਰਾਨ, ਦੋ ਹੋਟਲ ਕੁਆਰਨਟੀਨ ਦੇ ਮਾਮਲੇ ਵੀ ਦਰਜ ਹੋਏ ਹਨ ਅਤੇ ਹੁਣ ਰਾਜ ਅੰਦਰ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 51 ਹੋ ਗਈ ਹੈ।
ਸਨੋਅਫੀਲਡਾਂ ਵਿੱਚ ਜਾਣ ਵਾਲੇ ਲੋਕਾਂ ਤੋਂ ਇਲਾਵਾ ਹੁਣ ਰਾਜ ਅੰਦਰ ਯਾਤਰਾਵਾਂ ਸਬੰਧੀ ਪਾਬੰਧੀਆਂ ਹਟਾ ਲਈਆਂ ਗਈਆਂ ਹਨ ਅਤੇ ਚਾਰ ਦਿਵਾਰੀ ਦੇ ਬਾਹਰਵਾਰ ਮਾਸਕ ਨਾ ਪਾਉਣ ਦੀ ਵੀ ਖੁੱਲ੍ਹ ਦਿੱਤੀ ਗਈ ਹੈ ਹਾਲਾਂਕਿ ਸਿਡਨੀ ਖੇਤਰ ਦੇ ਜਨਤਕ ਪਰਿਵਹਨਾਂ ਆਦਿ ਵਿੱਚ ਮਾਸਕ ਪਾਉਣ ਲਈ ਹਦਾਇਤਾਂ ਲਾਗੂ ਹਨ।
ਕਾਰਜਕਾਰੀ ਪ੍ਰੀਮੀਅਰ ਜੇਮਜ਼ ਮਰਲੀਨੋ ਨੇ ਇਸ ਨਵੇਂ ਆਉਟ ਬ੍ਰੇਕ ਤੋਂ ਬਾਅਦ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਹਾਲੇ ਵੀ ਚੇਤੰਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇਹ ਕਰੋਨਾ ਨਾਮੀ ਸੱਪ ਕਿਤੋਂ ਨਾ ਕਿਤੋਂ ਨਿਕਲ ਕੇ ਆਪਣਾ ਫਨ ਫੈਲਾ ਹੀ ਲੈਂਦਾ ਹੈ।