ਫਲਾਇੰਗ ਸਿੱਖ ਮਿਲਖਾ ਸਿੰਘ ਦੀ ਮੌਤ ਨਾਲ ਭਾਰਤੀ ਖੇਡਾਂ ਦੇ ਸੁਨਹਿਰੀ ਅਧਿਆਏ ਦਾ ਅੰਤ

ਸਰੀ -ਫਲਾਇੰਗ ਸਿੱਖ ਵਜੋਂ ਜਾਣੇ ਜਾਂਦੇ ਭਾਰਤ ਦੇ ਮਹਾਨ ਖਿਡਾਰੀ ਮਿਲਖਾ ਸਿੰਘ ਅੱਜ ਸਦੀਵੀ ਵਿਛੋੜਾ ਦੇ ਗਏ। ਉਹ 91 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਤੋਂ ਪੀੜਤ ਸਨ। ਜ਼ਿਕਰਯੋਗ ਹੈ ਕਿ ਅਜੇ ਪੰਜ ਦਿਨ ਪਹਿਲਾਂ ਹੀ ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਵੀ ਕੋਰੋਨਾ ਵਾਇਰਸ ਕਾਰਨ ਮੌਤ ਦੇ ਹੱਥੋਂ ਹਾਰ ਗਏ ਸਨ।

 ਮਿਲਖਾ ਸਿੰਘ ਨੇ ਭਾਰਤੀ ਫੌਜ ਵਿਚ ਸੇਵਾ ਕਰਦਿਆਂ ਖੇਡ ਜਗਤ ਵਿਚ ਆਪਣੀ ਪਛਾਣ ਬਣਾਈ। ਉਹ ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ 400 ਮੀਟਰ ਦੌੜ ਵਿਚ ਸੋਨ ਤਮਗਾ ਜਿੱਤਣ ਵਾਲੇ ਇਕੱਲੇ ਖਿਡਾਰੀ ਸਨ। ਉਨ੍ਹਾਂ ਨੇ 1958 ਅਤੇ 1962 ਏਸ਼ੀਆਈ ਖੇਡਾਂ ਵਿੱਚ ਵੀ ਸੋਨੇ ਦੇ ਤਗਮੇ ਜਿੱਤੇ ਸਨ ਅਤੇ 1956 ਵਿਚ ਮੈਲਬਰਨ ਵਿਚ ਗਰਮੀਆਂ ਦੇ ਉਲੰਪਿਕ, 1960 ਵਿਚ ਰੋਮ ਸਮਰ ਉਲੰਪਿਕ ਅਤੇ 1964 ਦੇ ਟੋਕਿਓ ਸਮਰ ਉਲੰਪਿਕ ਖੇਡਾਂ ਵਿਚ ਭਾਰਤ ਦੀ ਅਗਵਾਈ ਕੀਤੀ। ਖੇਡ ਪ੍ਰਾਪਤੀਆਂ ਦੇ ਸਨਮਾਨ ਬਦਲੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਭਾਰਤ ਦਾ ਚੌਥਾ ਸਰਵਜਨਕ ਨਾਗਰਿਕ ਸਨਮਾਨ “ਪਦਮ ਸ੍ਰੀ” ਦਿੱਤਾ ਗਿਆ।

ਅੱਜ ਉਨ੍ਹਾਂ ਦੇ ਸਦੀਵੀ ਰੁਖ਼ਸਤ ਹੋ ਜਾਣ ਤੇ ਦੁਨੀਆਂ ਭਰ ਦੇ ਭਾਰਤੀਆਂ ਨੂੰ ਗਹਿਰਾ ਸਦਮਾ ਲੱਗਿਆ ਹੈ। ਕੈਨੇਡਾ ਦੇ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਬਾਨੀ ਜੈਤੇਗ ਸਿੰਘ ਅਨੰਤ, ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਫਾਊਂਡਰ ਪ੍ਰਧਾਨ ਗਿਆਨ ਸਿੰਘ ਸੰਧੂ, ਸਿੱਖ ਸੰਗਤ ਵੈਨਕੂਵਰ ਦੇ ਬੁਲਾਰੇ ਲਖਬੀਰ ਸਿੰਘ ਖੰਗੂਰਾ, ਗੁਰਦੁਆਰ ਦਸ਼ਮੇਸ਼ ਦਰਬਾਰ ਦੇ ਕਮੇਟੀ ਮੈਂਬਰ ਪਰਮਜੀਤ ਸਿੰਘ ਰੰਧਾਵਾ, ਸੁਰਜੀਤ ਸਿੰਘ ਨਿਆਮੀਵਾਲਾ ਨੇ ਆਪਣੇ ਸ਼ੋਕ ਸੁਨੇਹਿਆਂ ਵਿਚ ਕਿਹਾ ਹੈ ਕਿ ਮਿਲਖਾ ਸਿੰਘ ਦੇ ਚਲੇ ਜਾਣ ਨਾਲ ਭਾਰਤੀ ਖੇਡਾਂ ਦੇ ਸੁਨਹਿਰੀ ਅਧਿਆਏ ਦਾ ਅੰਤ ਹੋ ਗਿਆ ਹੈ ਅਤੇ ਸਮੂਹ ਭਾਰਤੀਆਂ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

(ਹਰਦਮ ਮਾਨ)  +1 604 308 6663
 maanbabushahi@gmail.com