ਫਾਦਰ ਡੇ ‘ਤੇ ਵਿਸ਼ੇਸ਼ -“… ਜਨ ਨਾਨਕ ਵਿਰਲੇ ਕੋਈ“ / ਜੈਤੇਗ ਸਿੰਘ ਅਨੰਤ

(ਸ. ਹਰਿਚਰਨ ਸਿੰਘ ਜੀ)

ਅੱਜ ਆਲਮੀ ਜਗਤ ਵਿਚ ‘ਫਾਦਰ ਡੇ’ ਮਨਾਇਆ ਜਾ ਰਿਹਾ ਹੈ। ਅੱਜ ਮੈਂ ਜੋ ਕੁਛ ਵੀ ਹਾਂ ਉਸ ਦੀ ਸਫਲਤਾ ਦੇ ਪਿੱਛੇ ਮੇਰੇ ਸਤਿਕਾਰਯੋਗ ਪਿਤਾ ਸ. ਹਰਿਚਰਨ ਸਿੰਘ ਜੀ ਦਾ ਬੜਾ ਵੱਡਾ ਹੱਥ ਹੈ। ਉਨ੍ਹਾਂ ਨੂੰ ਲੋਕ ‘ਭਾਈ ਸਾਹਿਬ’ ਆਖ ਕੇ ਸੰਬੋਧਨ ਕਰਦੇ ਸਨ। ਉਹ ਇਕ ਅਦੁੱਤੀ ਪ੍ਰਤਿਭਾ ਦੇ ਮਾਲਕ, ਸਿਦਕ ਸਿਰੜ ਦੀ ਮੂਰਤ, ਨਿਰਮਲ, ਨਿਰਛਲ, ਪੰਥ ਦਰਦੀ, ਪਰਉਪਕਾਰੀ, ਨਿਮਰਤਾ ਦੇ ਪੁੰਜ, ਨਾਮ ਅਭਿਆਸੀ ਤੇ ਗੁਣਾਂ ਦੀ ਤ੍ਰਿਵੈਣੀ ਸਨ। ਉਨ੍ਹਾਂ ਦਾ ਸਮੁੱਚਾ ਜੀਵਨ ਗੁਰੂ ਗਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਸੀ। ਉਹ ਗੁਰਮਤਿ ਦੀ ਚਲਦੀ ਫਿਰਦੀ ਟਕਸਾਲ ਸਨ। ਕੀਰਤਨ ਦੇ ਬੜੇ ਵੱਡੇ ਰਸੀਏ ਸਨ। ਚੰਗੇ ਕੀਰਤਨੀਆਂ, ਢਾਡੀਆਂ ਦੀ ਮਧੁਰ ਆਵਾਜ਼ ਨੂੰ ਰਿਕਾਰਡ ਕਰਨ ਦਾ ਸ਼ੌਕ ਰੱਖਦੇ ਸਨ। ਉਹ ਸਮੁੱਚੀ ਜ਼ਿੰਦਗੀ ਵਿਚ ਸੱਚ ਤੇ ਹੱਕ ਦਾ ਪੱਲਾ ਫੜ ਕੇ ਗਿਆਨ ਦੀਆਂ ਕਣੀਆਂ ਵੰਡਦੇ ਰਹੇ।

ਆਪ ਵੱਲੋਂ ਸੰਨ 1953 ਵਿਚ ਤਿਆਰ ਅਤੇ ਸੰਪਦਿਤ ਕੀਤੀ ਗੁਰਬਾਣੀ ਸੰਗ੍ਰਹਿ ਦੀ ਅਨੁਪਮ ਪੋਥੀ “ਅੰਮ੍ਰਿਤ ਕੀਰਤਨ” ਅਜਿਹੀ ਪਹਿਲੀ ਪੋਥੀ ਸੀ ਜਿਸ ਨੂੰ ਜਗਤ ਪ੍ਰਸਿੱਧੀ ਪ੍ਰਾਪਤ ਹੋਈ। ਕੋਈ ਘਰ ਅਜਿਹਾ ਨਹੀਂ ਜਿਹੜਾ ਇਸ ਪੋਥੀ ਤੋਂ ਵਾਂਝਾ ਰਿਹਾ ਹੋਵੇ। ਇਸ ਪੋਥੀ ਵਿਚ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਜੀ , ਸ੍ਰੀ ਦਸਮ ਗਰੰਥ, ਭਾਈ ਗੁਰਦਾਸ ਸਾਹਿਬ ਤੇ ਭਾਈ ਨੰਦ ਲਾਲ ਸਾਹਿਬ ਜੀ ਦੀਆਂ ਬਾਣੀਆਂ ਵਿੱਚੋਂ ਚੋਣਵੀ ਬਾਣੀ ਦਾ ਸੰਗ੍ਰਹਿ ਕਰਕੇ, ਕੀਰਤਨ ਕਰਨ-ਹਾਰਿਆਂ ਤੇ ਸੁਣਨ-ਹਾਰਿਆਂ ਦੀ ਵੱਡਮੁੱਲੀ ਸੇਵਾ ਕੀਤੀ। “ਅੰਮ੍ਰਿਤ ਕੀਰਤਨ” ਵਿਚ ਉਨ੍ਹਾਂ ਆਪਣੇ ਨਾਂ ਦੀ ਥਾਂ “ਕੂਕਰ ਰਾਮ ਕਉ” ਲਿਖਿਆ ਹੈ ਅਤੇ ਹੁਣ ਤੱਕ ਇਸ ਦੇ 20 ਤੋਂ ਵੱਧ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਸ ਦੀ ਉਨ੍ਹਾਂ ਕਦੇ ਰਾਇਲਟੀ ਵੀ ਨਹੀਂ ਲਈ।

ਮੇਰੇ ਪਿਤਾ ਦਾ ਜਨਮ 1 ਨਵੰਬਰ 1913 ਨੂੰ ਪਿੰਡ ਬੁਟਾਹਰੀ ਨੇੜੇ ਅਹਿਮਦਗੜ੍ਹ ਮੰਡੀ ਜ਼ਿਲਾ ਲੁਧਿਆਣਾ (ਪੰਜਾਬ) ਵਿਚ ਹੋਇਆ। ਪ੍ਰਾਇਮਰੀ – ਸਰਕਾਰੀ ਸਕੂਲ ਫਰੀਦਕੋਟ ਰਿਆਸਤ, ਮਿਡਲ- ਖਾਲਸਾ ਹਾਈ ਸਕੂਲ ਮੁਕਤਸਰ, ਮੈਟ੍ਰਿਕ- ਬੀ. ਐਨ. ਖਾਲਸਾ ਹਾਈ ਸਕੂਲ ਪਟਿਆਲਾ ਰਿਆਸਤ, ਬੀ. ਏ. ਸੰਨ 1936 ਵਿਚ ਮਹਿੰਦਰਾ ਕਾਲਜ ਪਟਿਆਲਾ ਰਿਆਸਤ ਤੋਂ ਕੀਤੀ, ਜੋ ਉਸ ਸਮੇਂ ਕਲਕੱਤਾ ਯੂਨੀਵਰਸਿਟੀ ਦੇ ਅਧੀਨ ਸੀ। ਆਪ ਆਪਣੇ ਪਿੰਡ ਦੇ ਪਹਿਲੇ ਬੀ.ਏ. ਪਾਸ ਵਿਦਿਆਰਥੀ ਸਨ। ਸੰਨ 1936 ਵਿਚ ਕੁਝ ਸਮਾਂ ਆਪ ਖਾਲਸਾ ਸਕੂਲ ਮਲੇਰਕੋਟਲਾ ਰਿਆਸਤ ਵਿਚ ਹੈੱਡ ਮਾਸਟਰ ਰਹੇ। ਨਹਿਰ ਮਹਿਕਮਾ ਲਾਹੌਰ (ਪੰਜਾਬ) ਵਿਚ ਸੰਨ 1937  ਤੋਂ ਦੇਸ਼ ਦੀ ਵੰਡ ਤੱਕ ਕੰਮ ਕੀਤਾ। 19 ਅਪ੍ਰੈਲ 1943 ਨੂੰ ਉਨ੍ਹਾਂ ਦਾ ਅਨੰਦ ਕਾਰਜ ਕਿਸ਼ਨ ਨਗਰ, ਲਾਹੌਰ ਵਿਖੇ ਹੋਇਆ।

ਦੇਸ਼ ਦੀ ਵੰਡ ਉਪਰੰਤ 1947 ਵਿਚ ਪੰਜਾਬ ਦੀ ਨਵੀਂ ਰਾਜਧਾਨੀ ਸ਼ਿਮਲਾ ਆ ਗਏ। ਸੰਨ 1957 ਉਨ੍ਹਾਂ ਦੇ ਦਫਤਰ ਚੰਡੀਗੜ੍ਹ ਪੁੱਜ ਗਏ।  ਫਰਵਰੀ 1957 ਨੂੰ ਆਪ ਦੀ ਨਿਯੁਕਤੀ ਸਿਵਲ ਸਕੱਤਰੇਤ ਵਿਚ ਹੋ ਗਈ। 31 ਅਕਤੂਬਰ 1971 ਨੂੰ ਪਹਿਲੇ ਦਰਜੇ ਦੇ ਗਜ਼ਟਿਡ ਅਫਸਰ ਦੇ ਪਦ ਤੋਂ ਉਹ ਸੇਵਾ ਮੁਕਤ ਹੋਏ। ਉਨ੍ਹਾਂ ਨੂੰ ਸਰਕਾਰੀ ਕਾਰਜ ਵਿਚ ਪੰਜਾਬ ਦੇ ਅਨੇਕਾਂ ਅਫਸਰਾਂ ਨਾਲ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਿਨ੍ਹਾਂ ਵਿਚ ਨਿਰਮਲ ਕੁਮਾਰ ਮੁਕਰਜੀ ਵੀ ਸਨ ਜੋ ਬਾਅਦ ਵਿਚ ਜੰਮੂ ਕਸ਼ਮੀਰ ਦੇ ਰਾਜਪਾਲ ਨਿਯੁਕਤ ਹੋਏ। ਸੇਵਾ ਮੁਕਤੀ ਤੋਂ ਬਾਅਦ ਬਹੁਤ ਸਮਾਂ ਧਾਰਮਿਕ ਕਾਰਜਾਂ ਵਿਚ ਬਿਤਾਇਆ। ਹੇਮਕੁੰਟ ਮਿਸ਼ਨ ਚੰਡੀਗੜ੍ਹ ਦੇ ਉਹ ਫਾਊਂਡਰ ਜਨਰਲ ਸਕੱਤਰ ਸਨ, ਜਿਨ੍ਹਾਂ ਦਾ ਕਾਰਜ ਨੌਜਵਾਨਾਂ ਨੂੰ ਨਸ਼ਿਆਂ ਤੋ ਮੁਕਤ ਕਰਨ, ਗੁਰੂ ਗਰੰਥ ਤੇ ਗੁਰੂ ਪੰਥ ਨਾਲ ਜੋੜਣਾ ਸੀ। ਕੀਰਤਨ ਉਨ੍ਹਾਂ ਦੇ ਜੀਵਨ ਦਾ ਆਧਾਰ ਸੀ। ਸਾਦਗੀ ਅਤੇ ਇਮਾਨਦਾਰੀ ਉਨ੍ਹਾਂ ਦੇ ਦੈਵੀ ਗੁਣ ਸਨ। ਲੰਮੀ ਉਮਰ ਜਿਉਣ ਦਾ ਰਾਜ ਹਰ ਰੋਜ਼ ਲੰਮੀ ਸੈਰ, ਸਮੇਂ ਸਿਰ ਖਾਣ ਪੀਣ ਦਾ ਨੇਮ ਸੀ।

ਸੰਨ 2004 ਵਿਚ ਆਪ ਨੇ 91 ਸਾਲ ਦੀ ਬਿਰਧ ਅਵਸਥਾ ਤੇ ਵਿਗੜ ਰਹੀ ਸਿਹਤ ਕਾਰਨ “ਅੰਮ੍ਰਿਤ ਕੀਰਤਨ” ਪੋਥੀ (ਜਿਸ ਦੇ 25-26 ਐਡੀਸ਼ਨ ਸਿੰਘ ਬ੍ਰਦਰਜ਼ ਅਤੇ ਖਾਲਸਾ ਬ੍ਰਦਰਜ਼ ਅੰਮ੍ਰਿਤਸਰ ਨੇ ਛਾਪੇ ਸਨ) ਛਾਪਣ ਆਦਿ ਦੇ ਸਮੁੱਚੇ ਹੱਕ ਤੇ ਅਧਿਕਾਰ ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਲੁਧਿਆਣਾ ਨੂੰ ਸੌਂਪ ਦਿੱਤੇ। 3 ਜੁਲਾਈ 2005 ਅਕਾਲ ਪੁਰਖ ਦੇ ਹੁਕਮ ਅਨੁਸਾਰ 92 ਸਾਲ ਦੀ ਉਮਰ ਵਿਚ ਉਹ ਸਦੀਵੀ ਵਿਛੋੜਾ ਦੇ ਗਏ। ਅੱਜ ‘ਫਾਦਰ ਡੇ’ ਤੇ ਮੈਂ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ।

(ਹਰਦਮ ਮਾਨ) +1 604 308 6663
maanbabushahi@gmail.com