ਸਿਆਸੀ ਵਿਸ਼ਲੇਸਣ -ਵਿਧਾਨ ਸਭਾ ਚੋਣਾਂ 2022 ਦੇ ਸੰਦਰਭ ‘ਚ ਸਿਆਸੀ ਪਾਰਟੀਆਂ ਦੀ ਸਥਿਤੀ

ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਦਾ ਸਮਾਂ ਨਜਦੀਕ ਆ ਰਿਹਾ ਹੈ, ਸਿਆਸੀ ਪਾਰਟੀਆਂ ਵਿੱਚ ਹਿੱਲਜੁਲ ਸੁਰੂ ਹੋ ਗਈ ਹੈ। ਆਪਣੀ ਆਪਣੀ ਹਾਲਤ ਸੁਧਾਰਨ ਅਤੇ ਚੋਣਾਂ ਜਿੱਤਣ ਲਈ ਗੱਠਜੋੜ ਕਰਨ ਲਈ ਪਾਰਟੀ ਆਗੂ ਸਲਾਹਾਂ ਕਰਨ ਵਿੱਚ ਲੱਗੇ ਹੋਏ ਹਨ। ਅਗਲੀ ਸਰਕਾਰ ਕਿਸ ਪਾਰਟੀ ਜਾਂ ਗੱਠਜੋੜ ਦੀ ਬਣੇਗੀ ਅੱਜ ਦੀ ਘੜੀ ਇਹ ਕਹਿਣਾ ਤਾਂ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ, ਪਰ ਸੱਤ੍ਹਾ ਹਾਸਲ ਕਰਨ ਲਈ ਹਰ ਪਾਰਟੀ ਦੇ ਅੰਦਰ ਖਿਚੜੀ ਰਿੱਝਣ ਲੱਗ ਪਈ ਹੈ। ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਰੁਝਾਨ ਵੀ ਵਧ ਗਿਆ ਹੈ। ਪਰ ਇਹ ਵੀ ਸੱਚਾਈ ਹੈ ਕਿ ਕਿਸੇ ਵੀ ਪਾਰਟੀ ਵਿੱਚ ਸਭ ਅੱਛਾ ਨਹੀਂ ਹੈ, ਸਾਰੀਆਂ ਵਿੱਚ ਹੀ ਕਾਟੋ ਕਲੇਸ ਵਧਿਆ ਹੋਇਆ ਹੈ।
ਜੇ ਸੱਤਧਾਰੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਆਪਣੀ ਸਰਕਾਰ ਤੋਂ ਨਿਰਾਸ ਤੇ ਨਰਾਜ ਚੱਲ ਰਹੇ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਹੋਰਾਂ ਨੇ ਬੇਅਦਬੀ ਮਾਮਲਿਆਂ ਵਿੱਚ ਦੋਸ਼ੀਆਂ ਪ੍ਰਤੀ ਨਰਮ ਰਵੱਈਏ ਅਤੇ ਨਸ਼ਿਆਂ ਦੀ ਰੋਕਥਾਮ ਵਿੱਚ ਨਾਕਾਮ ਰਹਿਣ ਸਦਕਾ ਮਾਮਲਾ ਇਸ ਕਦਰ ਉਛਾਲਿਆ ਕਿ ਹਾਈਕਮਾਂਡ ਨੂੰ ਦਖ਼ਲ ਦੇਣਾ ਪਿਆ ਹੈ, ਪਰ ਅਜੇ ਵੀ ਕੋਈ ਹੱਲ ਵਿਖਾਈ ਨਹੀਂ ਦਿੰਦਾ। ਸ੍ਰ੍ਰੋਮਣੀ ਅਕਾਲੀ ਦਲ ਵੱਲ ਵੇਖਿਆ ਜਾਵੇ ਤਾਂ ਕੁੱਝ ਸਮਾਂ ਪਹਿਲਾਂ ਤੱਕ ਉਸਦਾ ਭਾਜਪਾ ਨਾਲ ਗੱਠਜੋੜ ਸੀ ਅਤੇ ਦੋਵਾਂ ਦੇ ਗੱਠਜੋੜ ਨੇ ਰਾਜ ਵਿੱਚ ਸਰਕਾਰਾਂ ਬਣਾਈਆਂ। ਪਰ ਹੁਣ ਉਹਨਾਂ ਦਾ ਨਹੁੰ ਮਾਸ ਦਾ ਰਿਸਤਾ ਟੁੱਟ ਚੁੱਕਾ ਹੈ। ਇਸਤੋਂ ਇਲਾਵਾ ਪਾਰਟੀ ਦੇ ਸਿਰਕੱਢ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੱਖਰਾ ਅਕਾਲੀ ਦਲ ਬਣਾ ਲਿਆ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਉਹਨਾਂ ਦੇ ਖੇਮੇ ਵਿੱਚ ਸ਼ਾਮਲ ਹੋ ਗਏ ਹਨ।
ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੀਆਂ ਚੋਣਾਂ ਵਿੱਚ ਉਹ ਸਰਕਾਰ ਤਾਂ ਭਾਵੇਂ ਨਹੀ ਬਣਾ ਸਕੇ ਸਨ, ਪਰ ਕਾਰਗੁਜਾਰੀ ਚੰਗੀ ਵਿਖਾਈ ਸੀ ਅਤੇ ਉਹ ਸ੍ਰੋਮਣੀ ਅਕਾਲੀ ਦਲ ਨਾਲੋਂ ਅੱਗੇ ਨਿਕਲ ਗਈ ਸੀ। ਪਰ ਇਸ ਪਾਰਟੀ ਦੇ ਚਾਰ ਵਿਧਾਇਕ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਅਤੇ ਇੱਕ ਦੋ ਹੋਰ ਦੀ ਪਾਰਟੀ ਛੱਡ ਕੇ ਹੋਰ ਪਾਰਟੀ ਵਿੱਚ ਜਾਣ ਦੇ ਚਰਚੇ ਹਨ। ਭਾਰਤੀ ਜਨਤਾ ਪਾਰਟੀ ਜਿਸਦੀ ਕੇਂਦਰ ਵਿੱਚ ਸਰਕਾਰ ਹੈ ਅਤੇ ਪੰਜਾਬ ਵਿੱਚ ਆਪਣੇ ਬਲਬੂਤੇ ਸਰਕਾਰ ਬਣਾਉਣ ਦੇ ਦਾਅਵੇ ਕਰਦੀ ਰਹੀ ਹੈ, ਉਸਦੇ ਸੁਬਾਈ ਪੱਧਰ ਦੇ ਆਗੂ ਪਾਰਟੀ ਦੀ ਹਾਈਕਮਾਂਡ ਤੇ ਕੇਂਦਰ ਦੀ ਪਰਵਾਹ ਕੀਤੇ ਬਗੈਰ ਕਿਸਾਨ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਾਅ ਦਾ ਨਾਅਰਾ ਮਾਰ ਰਹੇ ਹਨ। ਭਾਵੇਂ ਉਹ ਪੰਜਾਬ ਵਾਸੀਆਂ ਵਿੱਚ ਆਪਣੀ ਛਵੀਂ ਸੁਧਾਰ ਕੇ ਤੇ ਹਮਦਰਦੀ ਹਾਸਲ ਕਰਕੇ ਚੋਣਾਂ ਵਿੱਚ ਲਾਹਾ ਲੈਣਾ ਚਾਹੁੰਦੇ ਹਨ, ਪਰ ਪਾਰਟੀ ਅੰਦਰ ਕਸਮਕਸ਼ ਜਰੂਰ ਚੱਲ ਰਹੀ ਹੈ।
ਪਾਰਟੀਆਂ ਦੀ ਅੱਜ ਦੀ ਸਥਿਤੀ ਨੂੰ ਵਾਚਣ ਲਈ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਤੇ ਝਾਤ ਮਾਰਨੀ ਵੀ ਜਰੂਰੀ ਹੈ। ਉਸ ਸਮੇਂ ਪੰਜਾਬ ਵਿੱਚੋਂ ਕਾਂਗਰਸ ਪਾਰਟੀ ਨੇ 5945899 ਵੋਟਾਂ ਜੋ ਪੋਲ ਵੋਟਾਂ ਦੀਆਂ 38.64 ਫੀਸਦੀ ਬਣਦੀਆਂ ਸਨ, ਹਾਸਲ ਕਰਕੇ 77 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ। ਸ੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਚੋਂ ਅਕਾਲੀ ਦਲ ਨੇ 3662665 ਵੋਟਾਂ 23.80 ਫੀਸਦੀ ਪ੍ਰਾਪਤ ਕਰਕੇ 18 ਸੀਟਾਂ, ਆਮ ਆਦਮੀ ਪਾਰਟੀ ੇ 4731253 ਵੋਟਾਂ 25.02 ਫੀਸਦੀ ਹਾਸਲ ਕਰਕੇ 20 ਸੀਟਾਂ, ਭਾਜਪਾ ਨੇ 833092 ਵੋਟਾਂ 5.4 ਫੀਸਦੀ ਵੋਟਾਂ ਪ੍ਰਾਪਤ ਕਰਕੇ 3 ਸੀਟਾਂ ਅਤੇ ਲੋਕ ਇਨਸਾਫ ਪਾਰਟੀ ਨੇ 180228 ਵੋਟਾਂ 1.2 ਫੀਸਦੀ ਪ੍ਰਾਪਤ ਕਰਕੇ ਦੋ ਸੀਟਾਂ ਤੇ ਜਿੱਤ ਹਾਸਲ ਕੀਤੀ ਸੀ। ਜਦ ਕਿ ਬਹੁਜਨ ਸਮਾਜ ਪਾਰਟੀ ਨੇ 1.5 ਫੀਸਦੀ, ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਨੇ 0.3 ਫੀਸਦੀ ਵੋਟਾਂ ਹਾਸਲ ਕੀਤੀਆਂ। ਇਸਤੋਂ ਇਲਾਵਾ ਸੀ ਪੀ ਆਈ, ਸੀ ਪੀ ਐੱਮ, ਸੀ ਪੀ ਆਈ ਐੱਮ ਐੱਲ ਲਿਬਰੇਸਨ, ਆਪਣਾ ਪੰਜਾਬ ਪਾਰਟੀ ਆਦਿ ਨੇ ਵੀ ਚੋਣਾਂ ਵਿੱਚ ਭਾਗ ਲਿਆ ਸੀ।
ਜੇਕਰ ਮਾਲਵਾ ਮਾਝਾ ਤੇ ਦੋਆਬਾ ਖੇਤਰ ਵੰਡ ਕੇ ਵੇਖਿਆ ਜਾਵੇ ਤਾਂ ਪਿਛਲੀਆਂ ਚੋਣਾਂ ਸਮੇਂ ਮਾਲਵਾ ਦੀਆਂ 69 ਵਿੱਚੋਂ ਕਾਂਗਰਸ ਨੇ 40, ਸ੍ਰੋਮਣੀ ਅਕਾਲੀ ਦਲ ਨੇ 8, ਆਮ ਆਦਮੀ ਪਾਰਟੀ ਨੇ 18, ਲੋਕ ਇਨਸਾਫ ਪਾਰਟੀ ਨੇ 2 ਤੇ ਭਾਜਪਾ ਨੇ 1 ਸੀਟ ਹਾਸਲ ਕੀਤੀ ਸੀ। ਮਾਝੇ ਦੀਆਂ 25 ਚੋਂ ਕਾਂਗਰਸ ਨੇ 22, ਅਕਾਲੀ ਦਲ ਨੇ 2, ਭਾਜਪਾ ਨੇ 1 ਸੀਟ ਜਿੱਤੀ ਸੀ, ਆਮ ਆਦਮੀ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ ਸੀ। ਦੋਆਬੇ ਦੀਆਂ 23 ਵਿੱਚੋਂ ਕਾਂਗਰਸ ਨੇ 15, ਅਕਾਲੀ ਦਲ ਨੇ 5, ਆਮ ਆਦਮੀ ਪਾਰਟੀ ਨੇ 2 ਤੇ ਭਾਜਪਾ ਨੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤਰ੍ਹਾਂ ਕਾਂਗਰਸ ਸਰਕਾਰ ਬਣਾਉਣ ਵਿੱਚ ਸਫ਼ਲ ਹੋ ਗਈ ਸੀ, ਜਦ ਕਿ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆ ਕੇ ਵਿਰੋਧੀ ਧਿਰ ਬਣ ਗਈ। ਸ੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਦਾ ਰੁਤਬਾ ਪ੍ਰਾਪਤ ਕਰਨ ਵਿੱਚ ਵੀ ਸ਼ਫ਼ਲ ਨਹੀਂ ਸੀ ਹੋ ਸਕਿਆ।
ਜੇਕਰ ਅੱਜ ਦੀ ਪਾਰਟੀਆਂ ਦੀ ਸਥਿਤੀ ਤੇ ਝਾਤ ਮਾਰੀਏ ਤਾਂ ਪੰਜਾਬ ਦੇ ਲੋਕ ਮੌਜੂਦਾ ਕਾਂਗਰਸ ਸਰਕਾਰ ਤੋਂ ਵੀ ਪੂਰੇ ਖੁਸ਼ ਨਹੀਂ ਹਨ। ਬੇਅਦਬੀ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਹੱਥ ਪਾਉਣ ਵਿੱਚ ਵਿਖਾਈ ਢਿੱਲ ਨੂੰ ਆਮ ਲੋਕ ਅਕਾਲੀ ਦਲ ਨਾਲ ਮਿਲੀਭੁਗਤ ਕਹਿ ਰਹੇ ਹਨ। ਇਸਤੋਂ ਇਲਾਵਾ ਨਸ਼ੇ ਰੋਕਣ ਵਿੱਚ ਅਤੇ ਘਰ ਘਰ ਨੌਕਰੀ ਦੇਣ ਵਾਲੇ ਵਾਅਦੇ ਪੂਰੇ ਕਰਨ ਵਿੱਚ ਵੀ ਸਰਕਾਰ ਨਾ ਕਾਮਯਾਬ ਰਹੀ ਹੈ। ਪਰ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀ ਪਰਤੱਖ ਜਾਂ ਲੁਕਵੇਂ ਢੰਗ ਨਾਲ ਕੀਤੀ ਮੱਦਦ ਨੂੰ ਵੀ ਚੇਤੇ ਵਿੱਚ ਰੱਖ ਰਹੇ ਹਨ। ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ ਸਿਖ਼ਰਾਂ ਤੇ ਹੈ, ਪਰ ਫੇਰ ਵੀ ਪਾਰਟੀ ਦਾ ਕੋਈ ਵੱਡਾ ਆਗੂ ਬਾਹਰ ਜਾਣ ਦੀ ਹਿੰਮਤ ਨਹੀਂ ਕਰ ਸਕਿਆ। ਸਗੋਂ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਜਰੂਰ ਹੋ ਗਏ ਹਨ।
ਸ੍ਰੋਮਣੀ ਅਕਾਲੀ ਦਲ ਦੀ ਸਥਿਤੀ ਦਾ ਗਰਾਫ 2017 ਵਿੱਚ ਤਾਂ ਬਹੁਤ ਥੱਲੇ ਚਲਾ ਗਿਆ ਸੀ ਅਜੇ ਵੀ ਬਹੁਤਾ ਸੁਧਾਰ ਨਹੀਂ ਹੋ ਸਕਿਆ। ਪੰਜਾਬ ਦੇ ਲੋਕ ਅਕਾਲੀ ਦਲ ਦੀ ਪਿਛਲੀ ਸ੍ਰ: ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਅਦਬੀ ਮਾਮਲਿਆਂ ਲਈ ਪੂਰੀ ਤਰ੍ਹਾਂ ਜੁਮੇਵਾਰ ਸਮਝਦੇ ਹਨ। ਇਸੇ ਤਰ੍ਹਾਂ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾਉਣ ਸਮੇਂ ਲੋਕ ਸਭਾ ਵਿੱਚ ਕਾਨੂੰਨਾਂ ਦੇ ਹੱਕ ਵਿੱਚ ਅਵਾਜ਼ ਉਠਾਉਣ ਨੂੰ ਕਿਸਾਨ ਵਿਰੋਧੀ ਮਨਦੇ ਹਨ। ਇਹਨਾਂ ਦੋਵਾਂ ਮਾਮਲਿਆਂ ਬਾਰੇ ਅਕਾਲੀ ਦਲ ਨੇ ਭਾਵੇਂ ਬਹੁਤ ਸਫ਼ਾਈਆਂ ਦਿੱਤੀਆਂ ਹਨ, ਪਰ ਪੰਜਾਬ ਵਾਸੀ ਚੇਤੰਨ ਹੋਣ ਸਦਕਾ ਸਫ਼ਾਈਆਂ ਨੂੰ ਸਹੀ ਨਹੀਂ ਮੰਨ ਰਹੇ। ਇਸਤੋਂ ਇਲਾਵਾ ਭਾਜਪਾ ਨਾਲੋਂ ਨਾਤਾ ਟੁੱਟਣ ਸਦਕਾ ਹਿੰਦੂ ਵੋਟ ਦਾ ਵੱਡਾ ਹਿੱਸਾ ਪਾਸੇ ਚਲਾ ਗਿਆ ਹੈ। ਇੱਥੇ ਹੀ ਬੱਸ ਨਹੀਂ ਅਗਲੀਆਂ ਚੋਣਾਂ ਸਮੇਂ ਸ੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵੀ ਅਕਾਲੀ ਦਲ ਦੀ ਵੋਟ ਦਾ ਕਾਫ਼ੀ ਵੱਡਾ ਹਿੱਸਾ ਕੱਢ ਕੇ ਲੈ ਜਾਵੇਗਾ। ਇਸ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਦੀ ਬਹੁਤ ਜਿਅਦਾ ਵੋਟ ਟੁੱਟ ਜਾਣ ਦੀਆਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ। ਇਸ ਟੁੱਟ ਚੁੱਕੀ ਵੋਟ ਦਾ ਘਾਟਾ ਪੂਰਾ ਕਰਨ ਲਈ ਅਕਾਲੀ ਦਲ ਨੇ ਬਸਪਾ ਨਾਲ ਗੱਠਜੋੜ ਕੀਤਾ ਹੈ, ਪਰ ਪਿਛਲੀਆਂ ਚੋਣਾਂ ਦੇ ਸੰਦਰਭ ਵਿੱਚ ਬਸਪਾ ਦੀ 1.5 ਫੀਸਦੀ ਆਉਣ ਨਾਲ ਵੀ ਇਹ ਨੁਕਸਾਨ ਪੂਰਾ ਨਹੀਂ ਹੋ ਸਕੇਗਾ ਕਿਉਂਕਿ ਭਾਜਪਾ ਦੀ 5.4 ਫੀਸਦੀ ਬਾਹਰ ਚਲੀ ਗਈ ਹੈ। ਇੱਥੇ ਭਾਜਪਾ ਦੀ ਵੋਟ ਵੀ ਉਹ ਹੀ ਗਿਣੀ ਜਾ ਰਹੀ ਹੈ, ਜਿੱਥੇ ਭਾਜਪਾ ਦੇ ਉਮੀਦਵਾਰ ਮੈਦਾਨ ਵਿੱਚ ਸਨ, ਜਦ ਕਿ ਉਸਦਾ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਹਿੰਦੂ ਵੋਟ ਤੇ ਅਸਰ ਹੈ।
ਆਮ ਆਦਮੀ ਪਾਰਟੀ ਗੱਲ ਕੀਤੀ ਜਾਵੇ ਤਾਂ ਪਿਛਲੀਆਂ ਚੋਣਾਂ ਵਿੱਚ ਚੰਗੀਆਂ ਵੋਟਾਂ ਹਾਸਲ ਕਰਕੇ 20 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ। ਪਰ ਉਸਤੋਂ ਬਾਅਦ ਚਾਰ ਵਿਧਾਇਕ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ, ਜਿਹਨਾਂ ਦਾ ਆਪਣੇ ਆਪਣੇ ਹਲਕੇ ਵਿੱਚ ਚੰਗਾ ਪ੍ਰਭਾਵ ਹੈ। ਇਸਤੋਂ ਇਲਾਵਾ ਪਾਰਟੀ ਦੇ ਸਿਰਕੱਢ ਆਗੂ ਜੋ ਵਿਰੋਧੀ ਧਿਰ ਦੇ ਆਗੂ ਵੀ ਰਹੇ, ਸ੍ਰ: ਐੱਚ ਐੱਚ ਫੂਲਕਾ ਪਾਰਟੀ ਤੋਂ ਪਾਸਾ ਵੱਟ ਕੇ ਚਲੇ ਗਏ, ਭਾਵੇਂ ਉਹਨਾਂ ਦਾ ਜਾਣ ਦਾ ਕਾਰਨ ਦਿੱਲੀ ਦੰਗਿਆਂ ਦੇ ਕੇਸ ਲੜਣਾ ਹੀ ਸੀ, ਪਰ ਉਹਨਾਂ ਦੇ ਪਾਰਟੀ ਤੋਂ ਪਾਸੇ ਜਾਣ ਦਾ ਕਾਫ਼ੀ ਘਾਟਾ ਪਿਆ ਹੈ।
ਅਗਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੀ ਭੂਮਿਕਾ ਵੀ ਕਾਫ਼ੀ ਅਹਿਮੀਅਤ ਵਾਲੀ ਹੋਵੇਗੀ। ਖੱਬੀਆਂ ਪਾਰਟੀਆਂ ਵੀ ਪੰਜਾਬ ਵਿੱਚ ਆਪਣਾ ਅਸਰ ਵਿਖਾਉਣਗੀਆਂ। ਇਹਨਾਂ ਪਾਰਟੀਆਂ ਦਾ ਭਾਵੇਂ ਅਜੇ ਤੱਕ ਕਿਸੇ ਵੱਡੀ ਪਾਰਟੀ ਨਾਲ ਗੱਠਜੋੜ ਨਹੀਂ ਹੋਇਆ। ਪਰ ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਇਹਨਾਂ ਪਾਰਟੀਆਂ ਦੀ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਪੱਕੀ ਵੋਟ ਹੈ, ਬਹੁਤ ਸਾਰੇ ਹਲਕਿਆਂ ਵਿੱਚ ਤਾਂ ਕਈ ਕਈ ਹਜ਼ਾਰ ਵੋਟ ਹੈ। ਵਿਧਾਨ ਸਭਾ ਚੋਣਾਂ ਵਿੱਚ ਤਾਂ ਜਿੱਤ ਹਾਰ ਸੈਂਕੜੇ ਵੋਟਾਂ ਤੇ ਹੋਈ ਵੀ ਵੇਖੀ ਜਾਂਦੀ ਹੈ। ਇਸ ਲਈ ਅਗਲੀਆਂ ਚੋਣਾਂ ਵਿੱਚ ਇਹਨਾਂ ਪਾਰਟੀਆਂ ਦੇ ਪ੍ਰਭਾਵ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਆਉਣ ਵਾਲੀਆਂ ਚੋਣਾਂ ਵਿੱਚ ਕਿਸਾਨ ਅੰਦੋਲਨ ਦਾ ਵੀ ਅਸਰ ਵਿਖਾਈ ਦੇਵੇਗਾ ਅਤੇ ਅੰਦੋਲਨ ਸਦਕਾ ਪੰਜਾਬ ਦੇ ਲੋਕਾਂ ਵਿੱਚ ਆਈ ਜਾਗਰਿਤੀ ਸਦਕਾ ਲੋਕ ਇਸ ਵਾਰ ਝੂਠੇ ਵਾਅਦਿਆਂ ਨਾਲ ਗੁੰਮਰਾਹ ਨਹੀਂ ਹੋਣਗੇ ਤੇ ਬੜਾ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕਰਨਗੇ।
ਪੰਜਾਬ ‘ਚ ਸਰਕਾਰ ਕਿਸ ਪਾਰਟੀ ਦੀ ਬਣੇਗੀ, ਇਸ ਸੁਆਲ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਹੈ, ਪਰ ਇਹ ਸਪਸ਼ਟ ਹੈ ਕਿ ਜਿਹੜੀ ਵੀ ਪਾਰਟੀ ਆਪਣੀ ਅੰਦਰਲੀ ਪੁਜੀਸ਼ਨ ਨੂੰ ਸੁਧਾਰ ਲਵੇਗੀ ਅਤੇ ਹਮਖਿਆਲੀ ਤੇ ਯੋਗ ਪਾਰਟੀ ਨਾਲ ਗੱਠਜੋੜ ਕਰਨ ਵਿੱਚ ਕਾਮਯਾਬ ਹੋ ਜਾਵੇਗੀ ਉਹ ਹੀ ਸਰਕਾਰ ਬਣਾ ਸਕੇਗੀ।