ਕਾਫਸ ਹਾਰਬਰ ਵਿਖੇ ਬਣੇਗਾ ਨਵਾਂ ਫਿਲਮ ਸਟੂਡੀਓ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਆਪਣੇ ਇੱਕ ਅਹਿਮ ਫੈਸਲੇ ਰਾਹੀਂ ਐਲਾਨ ਕੀਤਾ ਹੈ ਕਿ ਕਾਫਸ ਹਾਰਬਰ ਵਿਖੇ ਨਵੇਂ ਰੌਜ਼ਗਾਰਾਂ ਅਤੇ ਕੰਮਾਂ ਕਾਰਾਂ ਨੂੰ ਪੈਦਾ ਕਰਨ ਦੇ ਜ਼ਰੀਏ ਹੇਠ, ਇੱਕ ਨਵੇਂ ਫਿਲਮ ਸਟੂਡੀਓ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਰਾਹੀਂ ਕਿ ਸਥਾਨਕ ਲੋਕਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇੱਕ ਬੁਟੀਕ ਹੋਟਲ, ਸਟੇਟ ਆਫ ਦ ਆਰਟ ਫਿਲਮ ਸਕੂਲ, ਇੰਡੀਜੀਨਸ ਆਰਟ ਗੈਲਰੀ, ਅਤੇ ਇਨ੍ਹਾਂ ਤੋਂ ਇਲਾਵਾ ਇੱਕ ਓਲੰਪਿਕ ਅਤੇ ਫਿਲਮਾਂ ਆਦਿ ਦੀਆਂ ਯਾਦਗਾਰਾਂ ਨਾਲ ਜੁੜਿਆ ਮਿਊਜ਼ੀਅਮ ਵੀ ਸਥਾਪਿਤ ਕੀਤਾ ਜਾਵੇਗਾ। ਆਸਟ੍ਰੇਲੀਆਈ ਫਿਲਮ ਉਦਯੋਗ 20,000 ਲੋਕਾਂ ਨੂੰ ਰੌਜ਼ਗਾਰ ਮੁਹੱਈਆ ਕਰਵਾ ਰਿਹਾ ਹੈ ਤਾਂ ਨਿਊ ਸਾਊਥ ਵੇਲਜ਼ ਸਰਕਾਰ ਦੀ ਇਸ ਪਹਿਲ ਕਦਮੀ ਨਾਲ ਰਾਜ ਵਿਚਲੇ ਲੋਕਾਂ ਨੂੰ ਵੀ ਰੌਜ਼ਗਾਰ ਮੁਹੱਈਆ ਹੋਵੇਗਾ ਅਤੇ ਇਸਤੋਂ ਇਲਾਵਾ ਰਾਜ ਅੰਦਰ ਆਵਾਜਾਈ ਦੇ ਸਾਧਨਾਂ ਅਤੇ ਮਾਹੌਲ ਵਿੱਚ ਵੀ ਸਕਾਰਾਤਮਕ ਇਜ਼ਾਫ਼ਾ ਹੋਵੇਗਾ।
ਉਨ੍ਹਾਂ ਆਂਕੜਿਆਂ ਮੁਤਾਬਿਕ ਇਹ ਵੀ ਕਿਹਾ ਕਿ ਆਸਟ੍ਰੇਲੀਆ ਦੇ ਫਿਲਮ ਜਗਤ ਵਿੱਚ 56% ਹਿਸਾ ਨਿਊ ਸਾਊਥ ਵੇਲਜ਼ ਵਿਚਲੇ ਲੋਕਾਂ ਦਾ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਲੋਕ ਹੁਣ ਕਾਫਸ ਹਾਰਬਰ ਵਾਲੇ ਇਸ ਨਵੇਂ ਫਿਲਮ ਸਟੂਡਿਓ ਦੇ ਨਿਰਮਾਣ ਅਤੇ ਇਸ ਦੇ ਭਵਿੱਖ ਵਿੱਚ ਮਦਦਗਾਰ ਸਾਬਿਤ ਹੋਣਗੇ।