ਨਿਊ ਸਾਊਥ ਵੇਲਜ਼ ਵਿੱਚ 2021/22 ਲਈ 44 ਸਕੂਲਾਂ ਦੇ ਨਿਰਮਾਣ ਜਾਂ ਨਵੀਨੀਕਰਣ ਲਈ ਬਜਟ ਪੇਸ਼

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਵਾਸਤੇ ਸਾਲ 2021/22 ਦੌਰਾਨ 44 ਅਜਿਹੇ ਪ੍ਰਾਜੈਕਟਾਂ ਲਈ ਬਜਟ ਜਾਰੀ ਕਰ ਦਿੱਤਾ ਹੈ ਜਿਸ ਵਿੱਚ ਕਿ 30 ਪ੍ਰਾਜੈਕਟ ਅਜਿਹੇ ਹੋਣਗੇ ਜਿਨ੍ਹਾਂ ਰਾਹੀਂ ਕਿ ਪਹਿਲਾਂ ਵਾਲੇ ਸਕੂਲਾਂ ਦੇ ਨਵੀਨੀਕਰਣ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ 14 ਪ੍ਰਾਜੈਕਟਾਂ ਰਾਹੀਂ ਅਜਿਹੀਆਂ ਥਾਂਵਾਂ ਉਪਰ ਨਵੇਂ ਸਕੂਲਾਂ ਦੀ ਉਸਾਰੀ ਕੀਤੀ ਜਾਵੇਗੀ ਜਿੱਥੇ ਕਿ ਇਨ੍ਹਾਂ ਦੀ ਸਖ਼ਤ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਅਜਿਹੇ ਪ੍ਰਾਜੈਕਟਾਂ ਲਈ ਪਹਿਲਾਂ ਤੋਂ ਜਾਰੀ ਫੰਡਾਂ ਤੋਂ ਇਲਾਵਾ, ਹੋਰ 2.1 ਬਿਲੀਅਨ ਡਾਲਰਾਂ ਦਾ ਫੰਡ ਵੀ ਜਾਰੀ ਕਰ ਰਹੀ ਹੈ। ਸਾਲ 2019 ਤੋਂ ਇਸ ਪ੍ਰਾਜੈਕਟ ਦੇ ਤਹਿਤ 100 ਤੋਂ ਵੀ ਜ਼ਿਆਦਾ ਸਕੂਲਾਂ ਦਾ ਨਵੀਨੀਕਰਣ ਅਤੇ ਜਾਂ ਫੇਰ ਨਵੇਂ ਸਕੂਲਾਂ ਆਦਿ ਦੇ ਕਾਰਜ ਨੂੰ ਸਿਰੇ ਚੜ੍ਹਾਇਆ ਜਾ ਚੁਕਿਆ ਹੈ।
2021/22 ਸਾਲ ਦੌਰਾਨ -ਗਰੈਗਰੀ ਹਿਲਜ਼ ਵਿਖੇ ਨਵਾਂ ਪ੍ਰਾਇਮਰੀ ਸਕੂਲ, ਵੈਸਟਮੀਡ ਵਿਖੇ ਨਵਾਂ ਪ੍ਰਾਇਮਰੀ ਸਕੂਲ, ਦੱਖਣੀ-ਪੱਛਮੀ ਸਿਡਨੀ ਵਿਖੇ ਨਵਾਂ ਸਿਲੈਕਟਿਵ ਹਾਈ ਸਕੂਲ, ਵੀ ਵਾ ਹਾਈ ਸਕੂਲ ਦਾ ਨਵੀਨੀਕਰਣ, ਮਾਰਸਡਨ ਪਾਰਕ ਵਿਖੇ ਨਵਾਂ ਹਾਈ ਸਕੂਲ, ਅਤੇ ਜੋਰਡਨ ਸਪ੍ਰਿੰਗਜ਼ ਪਬਲਿਕ ਸਕੂਲ ਦੇ ਦੂਸਰੇ ਪੜਾਅ ਆਦਿ ਵਾਲੇ ਕੰਮ ਸ਼ਾਮਿਲ ਕੀਤੇ ਗਏ ਹਨ।
ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੈਟ ਅਤੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਸਰਕਾਰ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦਾ ਭਵਿੱਖ ਉਜਵੱਲ ਹੋਵੇਗਾ।