ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ ਕੱਦੋਂ

ਸਾਹਿਤਕਾਰਾਂ, ਗੀਤਕਾਰਾਂ, ਲੇਖਕਾਂ, ਕਲਾਕਾਰਾਂ, ਵਕੀਲਾਂ, ਪ੍ਰੋਫੈਸਰਾਂ ਅਤੇ ਪਰਵਾਸੀ ਭਾਰਤੀਆਂ ਦੀ ਨਰਸਰੀ ਵੱਜੋਂ ਜਾਣੇ ਜਾਂਦੇ ਪਿੰਡ ਕੱਦੋਂ ਦਾ ਜਮਪਲ ਅੰਗਰੇਜ਼ ਮੁੰਡੀ ਕੱਦੋਂ ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਕਵੀ ਅਤੇ ਗੀਤਕਾਰ ਹੈ। ਜ਼ਿੰਦਗੀ ਦੀ ਜਦੋਜਹਿਦ ਵਿਚ ਰੋਜ਼ੀ ਰੋਟੀ ਅਤੇ ਸੁਨਹਿਰੇ ਭਵਿਖ ਦੇ ਸਪਨੇ ਲੈ ਕੇ ਉਹ 1981 ਵਿਚ ਅਮਰੀਕਾ ਪਹੁੰਚ ਗਿਆ, ਜਿਥੇ ਬਚਪਨ ਤੋਂ ਹੀ ਉਸ ਦੇ ਅਲੱੜ੍ਹ ਮਨ ਵਿਚ ਪਨਪਦੀ ਕਵਿਤਾ ਅਤੇ ਗੀਤ ਆਪ ਮੁਹਾਰੇ ਕਾਗਜ਼ ਦੀ ਕੈਨਵਸ ਤੇ ਉਕਰਨ ਲੱਗੇ। ਪਰਵਾਸ ਦਾ ਵਾਤਾਵਰਨ ਅਤੇ ਕੁਦਰਤੀ ਨਜ਼ਾਰੇ ਕਵੀਆਂ ਅਤੇ ਗੀਤਕਾਰਾਂ ਲਈ ਬਹੁਤ ਹੀ ਸੁਹਾਵਣੇ ਹੁੰਦੇ ਹਨ ਕਿਉਂਕਿ ਸਾਹਿਤਕਾਰ ਕੋਮਲ ਭਾਵਨਾਵਾਂ ਵਿਚ ਗੜੁਚ ਹੁੰਦੇ ਹਨ, ਜਿਸ ਕਰਕੇ ਅੰਗਰੇਜ਼ ਦਾ ਕਾਵਿਕ ਮਨ ਵੀ ਕਲਪਨਾ ਦੀ ਉਡਾਰੀ ਮਾਰਨ ਲੱਗ ਪਿਆ। ਉਸਦੀ ਲੇਖਣੀ ਵਿਚ ਨਿਖ਼ਾਰ ਆਉਣਾ ਸ਼ੁਰੂ ਹੋ ਗਿਆ। ਅੰਗਰੇਜ਼ ਮੁੰਡੀ ਕੱਦੋਂ ਲਿਖਦਾ ਤਾਂ ਰੁਮਾਂਸਵਾਦੀ ਕਵਿਤਾਵਾਂ ਅਤੇ ਗੀਤ ਹੀ ਹੈ ਪ੍ਰੰਤੂ ਲਗਪਗ ਉਸਦੀ ਹਰ ਕਵਿਤਾ ਅਤੇ ਗੀਤ ਵਿਚ ਸਮਾਜਿਕ ਸਰੋਕਾਰਾਂ ਦੀ ਝਲਕ ਜ਼ਰੂਰ ਮਿਲਦੀ ਹੈ। ਸਰਸਰੀ ਤੌਰ ਤੇ ਉਸਦੀ ਕਵਿਤਾ ਅਤੇ ਗੀਤਾਂ ਦਾ ਆਨੰਦ ਮਾਣਦਿਆਂ ਇਹ ਹੀ ਮਹਿਸੂਸ ਹੁੰਦਾ ਹੈ ਕਿ ਉਹ ਰਮਾਂਟਿਕ ਹੀ ਹੈ ਪ੍ਰੰਤੂ ਉਸਦੇ ਰੁਮਾਂਸਵਾਦ ਨੂੰ ਸਮਾਜਿਕ ਸਰੋਕਾਰਾਂ ਦੀ ਪੁਠ ਚੜ੍ਹੀ ਹੁੰਦੀ ਹੈ। ਉਸਦੇ ਅਵਚੇਤਨ ਸਾਹਿਤਕ ਮਨ ਵਿਚ ਸਮਾਜਿਕ ਨਾ ਬਰਾਬਰੀ, ਧੋਖੇ, ਇਨਸਾਨੀ ਰਿਸ਼ਤਿਆਂ ਵਿਚ ਖੋਟ, ਖੁਦਗਰਜ਼ੀ, ਦਗਾ, ਇਸ਼ਕ-ਮੁਸ਼ਕ, ਪਿਆਰ-ਮੁਹੱਬਤ, ਵਸਲ-ਬਿਰਹਾ ਅਤੇ ਇਨਸਾਨ ਦੇ ਦੁਖਾਂ ਦੀ ਚੀਸ ਮਹਿਸੂਸ ਹੁੰਦੀ ਹੋਈ ਕਵਿਤਾ ਜਾਂ ਗੀਤ ਦਾ ਰੂਪ ਧਾਰ ਲੈਂਦੀ ਹੈ। ਅੰਗਰੇਜ਼ ਦੇ ਮਨ ਨੂੰ ਜਦੋਂ ਕੋਈ ਘਟਨਾ ਜਾਂ ਚਲੰਤ ਮਸਲਾ ਪ੍ਰਭਾਵਤ ਕਰਦਾ ਹੈ ਤਾਂ ਇਕ ਵਿਚਾਰ ਉਸਦੇ ਮਨ ਵਿਚ ਉਸਲਵੱਟੇ ਲੈਣ ਲਗਦਾ ਹੈ। ਫਿਰ ਉਹ ਕਲਮ ਚੁਕਦਾ ਹੈ ਤੇ ਉਸ ਵਿਚਾਰ ਦੇ ਆਲੇ ਦੁਆਲੇ ਆਪਣੀਆਂ ਭਾਵਨਾਵਾਂ ਦਾ ਤਾਣਾ ਬਾਣਾ ਕਵਿਤਾ ਜਾਂ ਗੀਤ ਦੇ ਰੂਪ ਵਿਚ ਬੁਣਦਾ ਹੈ। ਇਸ ਕਰਕੇ ਵੁਸਦੀਆਂ ਕਵਿਤਾਵਾਂ ਅਤੇ ਗੀਤ ਵਿਚਾਰਧਾਰਾ ਦੇ ਆਲੇ ਦੁਆਲੇ ਘੁੰਮਦੇ ਹਨ। ਇਨਸਾਨ ਦੀ ਖੁਦਗਰਜ਼ੀ ਅਤੇ ਇਨਸਾਨੀ ਰਿਸ਼ਤਿਆਂ ਦੀ ਗਿਰਾਵਟ ਬਾਰੇ ਉਸਦੀ ਇਕ ਕਵਿਤਾ ਦੀਆਂ ਦੋ ਸਤਰਾਂ ਇਸ ਤਰ੍ਹਾਂ ਹਨ:

ਦੁਨੀਆਂ ਇਹ ਕੈਸੀ ਦੁਨੀਆਂਦਾਰੀ ਏ, ਬਸ ਪੈਸੇ ਨਾਲ ਹੀ ਸਭ ਦੀ ਰਿਸ਼ਤੇਦਾਰੀ ਏ।

ਮਤਲਬ ਤੋਂ ਬਿਨਾ ਕੋਈ ਨਾ ਬੁਲਾਵੇ, ਹੁਣ ਮਤਲਬ ਨਾਲ ਮਤਲਬੀ ਯਾਰੀ ਏ।

ਇਸੇ ਤਰ੍ਹਾਂ ਵਰਤਮਾਨ ਆਧੁਨਿਕਤਾ ਅਤੇ ਖੁਦਗਰਜ਼ ਜ਼ਮਾਨੇ ਵਿਚ ਦੋਸਤਾਂ ਦੀ ਦੋਸਤੀ ਸਿਰਫ ਪੈਸੇ ਦੀ ਹੀ ਰਹਿ ਗਈ ਹੈ। ਅਮੀਰ ਆਦਮੀ ਨੂੰ ਘੁਮੰਡ ਇਤਨਾ ਹੋ ਜਾਂਦਾ ਹੈ ਕਿ ਉਹ ਗ਼ਰੀਬ ਨੂੰ ਨਫਰਤ ਕਰਨ ਲੱਗ ਜਾਂਦਾ ਹੈ। ਵੱਡਾ ਬਣਕੇ ਗਰੀਬਾਂ ਨੂੰ ਕੀੜੇ ਮਕੌੜੇ ਹੀ ਸਮਝਦਾ ਹੈ। ਜੇਕਰ ਕਿਸੇ ਕੋਲ ਪੈਸਾ ਹੈ ਤਾਂ ਸਾਰੇ ਦੋਸਤ ਉਸਦੇ ਨਾਲ ਹਨ ਪ੍ਰੰਤੂ ਜਦੋਂ ਇਨਸਾਨ ਰੋਜ਼ੀ ਰੋਟੀ ਤੋਂ ਵੀ ਆਤੁਰ ਹੋ ਜਾਂਦਾ ਹੈ ਤਾਂ ਸਾਰੇ ਉਸਦਾ ਸਾਥ ਛੱਡ ਜਾਂਦੇ ਹਨ। ਅੰਗਰੇਜ਼ ਦੀ ਇਕ ਕਵਿਤਾ ਇਹੋ ਦਰਸਾਉਂਦੀ ਹੈ:

ਯਾਰ ਝੂਠਾ ਬੜਾ ਏ ਫਿਰ ਵੀ, ਉਹਦੇ ‘ਤੇ ਇਤਬਾਰ ਬੜਾ ਏ।

ਨਫਰਤ ਹੈ ਉਹਨੂੰ ਸਾਡੇ ਨਾਲ, ਸਾਨੂੰ ਉਸ ਨਾਲ ਪਿਆਰ ਬੜਾ ਏ।

ਭੁੱਲ ਜਾ ਉਹ ਯਾਦ ਕਰੂਗਾ, ਉਹ ਤਾਂ ਹੁਣ ਸਟਾਰ ਬੜਾ ਏ।

ਰੱਜੇ ਅਕਸਰ ਕਰਦੇ ਨੇ ਨਖ਼ਰੇ, ਭੁੱਖੇ ਨੂੰ ਰੋਟੀ ਤੇ ਆਚਾਰ ਬੜਾ ਏ।

ਇਕ ਹੋਰ ਕਵਿਤਾ ਵਿਚ ਵੀ ਇਹੋ ਰੰਗ ਮਿਲਦਾ ਹੈ:

ਹਸਾਉਂਦਾ ਤੇ ਰੁਆਉਂਦਾ ਵਕਤ, ਕੱਖੋਂ ਲੱਖ ਬਣਾਉਂਦਾ ਵਕਤ।

ਹਿੰਮਤ ਹੈ ਹਸਦੇ ਪਏ ਹਾਂ, ਪਰ ਉਂਝ ਤਾਂ ਬੜਾ ਰੁਆਉਂਦਾ ਵਕਤ।

ਰਾਤ ਨੂੰ ਸੂਰਜ-ਚਾੜ੍ਹ ਦੇਵੇ, ਤੇ ਦਿਨੇ ਤਾਰੇ ਵਿਖਾਉਂਦਾ ਵਕਤ।

ਰਿਸ਼ਤੇ ਯਾਰ ਆਪਣਿਆਂ ਦੀ, ਪਹਿਚਾਣ ਸਭ ਕਰਾਉਂਦਾ ਵਕਤ।

ਵਕਤ ਜਿਹਾ ਹਕੀਮ ਨਾ ਕੋਈ, ਡੂੰਘੇ ਜ਼ਖ਼ਮ ਭਰਾਉਂਦਾ ਵਕਤ,

ਆਇਆ ਨੀ ਅੰਗਰੇਜ਼ ‘ਤੇ ਵਕਤ ਅਜੇ, ਸੁਣਿਆਂ ਸਭ ਤੇ ਆਉਂਦਾ ਵਕਤ।

ਅੰਗਰੇਜ਼ ਦੇ ਬਹੁਤੇ ਗੀਤ ਰੁਮਾਂਸਵਾਦ ਵਿਚ ਲਬਰੇਜ਼ ਹਨ ਪ੍ਰੰਤੂ ਫਿਰ ਵੀ ਕੁਝ ਕੁ ਗੀਤ ਸਮਾਜਿਕ ਬੁਰਾਈਆਂ ਦੇ ਵਿਰੁਧ ਹਨ ਕਿਉਂਕਿ ਕੁਦਰਤੀ ਹੈ ਕਿ ਲੇਖਕ ਉਪਰ ਸਮਾਜਿਕ ਵਾਤਾਵਰਨ ਦਾ ਗਹਿਰਾ ਪ੍ਰਭਾਵ ਪੈਂਦਾ ਹੈ। ਬਚਪਨ ਵਿਚ ਪਿੰਡ ਕੱਦੋਂ ਦੀ ਫਿਜ਼ਾ ਦਾ ਉਸਦੇ ਬਾਲ ਮਨ ਤੇ ਗਹਿਰਾ ਪ੍ਰਭਾਵ ਪਿਆ। ਉਹ ਇਹ ਵੀ ਮਹਿਸੂਸ ਕਰਦਾ ਹੈ ਕਿ ਇਨਸਾਨ ਨੂੰ ਸਬਰ ਤੇ ਸੰਤੋਖ ਕਰਦਿਆਂ ਪ੍ਰਮਾਤਮਾ ਦੀ ਰਜ਼ਾ ਵਿਚ ਰਹਿੰਦਿਆਂ ਜੀਵਨ ਬਸਰ ਕਰਨਾ ਚਾਹੀਦਾ। ਭਾਵ ਜੀਵਨ ਦੀਆਂ ਬਰਕਤਾਂ ਅਤੇ ਕਠਨਾਈਆਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ। ਸੰਤੁਸ਼ਟੀ ਸਫਲ ਜੀਵਨ ਦੀ ਕੁੰਜੀ ਹੈ। ਉਸਦੇ ਇਕ ਗੀਤ ਦੇ ਕੁਝ ਬੋਲ ਹਨ

ਨਾ ਕੋਈ ਯਾਰ ਨਾ ਕੋਈ ਬੇਲੀ, ਨਾ ਕੋਈ ਹਾਣੀ ਨਾ ਕੋਈ ਮੇਲੀ।

ਇਥੇ ਮਿਲਦੇ ਸੱਜਣ ਠੱਗ।

ਜਦ ਕਿਸੇ ਦੀ ਗੁਡੀ ਚੜ੍ਹਦੀ, ਵੇਖਕੇ ਸਾਰੀ ਦੁਨੀਆਂ ਸੜਦੀ।

ਇਥੇ ਯਾਰ ਉਛਾਲਣ ਪੱਗ, ਦੁਨੀਆਂ ਦਾ ਦਸਤੂਰ ਬੁਰਾ ਏ ।

ਹਰ ਇਕ ਦੇ ਬੁਕਲ ਵਿਚ ਛੁਰਾ ਏ, ਚੁਪ ਚਾਪ ਲਗਾਉਂਦੇ ਅੱਗ।

ਵਕਤ ਨਾਲ ਯਾਰੋ ਰਹਿਣਾ ਸਿਖੋ, ਰੱਬ ਦੀ ਰਜ਼ਾ ਵਿਚ ਰਹਿਣਾ ਸਿਖੋ ।

ਇਹ ਅੰਗਰੇਜ਼ ਸੁਣਾਉਂਦਾ ਸੱਚ।

ਅੰਗਰੇਜ਼ ਦਾ ਪਰਿਵਾਰਿਕ ਪਿਛੋਕੜ ਦਿਹਾਤੀ ਹੈ। ਇਸ ਕਰਕੇ ਉਸਦੀ ਬੋਲੀ ਠੇਠ ਪੰਜਾਬੀ ਅਤੇ ਸ਼ਬਦਾਵਲੀ ਵੀ ਪੂਰੀ ਘਰ ਪਰਿਵਾਰ ਵਿਚ ਬੋਲੀ ਜਾਂਦੀ ਦਿਹਾਤੀ ਹੈ। ਉਹ ਇਹ ਵੀ ਆਪਣੀਆਂ ਕਵਿਤਾਵਾਂ ਵਿਚ ਲਿਖਦਾ ਹੈ ਕਿ ਇਨਸਾਨੀ ਜੀਵਨ ਵਿਚ ਹਰ ਇੱਛਾ ਪੂਰੀ ਨਹੀਂ ਹੁੰਦੀ ਪ੍ਰੰਤੂ ਜੋ ਮਿਲ ਗਿਆ ਉਸਦਾ ਹੀ ਆਨੰਦ ਮਾਨਣਾ ਚਾਹੀਦਾ ਹੈ। ਇਨਸਾਨ ਦੇ ਕਿਰਦਾਰ ਹੀ ਉਸਦੀ ਪੂੰਜੀ ਹੁੰਦੇ ਹਨ। ਜੋ ਕਰੋਗੇ ਉਸਦਾ ਫਲ ਤੁਹਾਨੂੰ ਜ਼ਰੂਰ ਕਿਸੇ ਨਾ ਕਿਸੇ ਰੂਪ ਵਿਚ ਸਹੀ ਸਮੇਂ ‘ਤੇ ਮਿਲੇਗਾ। ਇਸ ਲਈ ਇਨਸਾਨ ਨੂੰ ਆਪਣੀ ਸੋਚ ਸਹੀ ਰੱਖਣੀ ਚਾਹੀਦੀ ਹੈ।

ਆਪਣੀ ਇਕ ਕਵਿਤਾ ਵਿਚ ਉਹ ਲਿਖਦਾ ਹੈ

ਹਰ ਖਵਾਹਿਸ਼ ਪੂਰੀ ਨਹੀਂ ਹੁੰਦੀ, ਦੂਰੀ ਜਿਸਮਾ ਦੀ ਦੂਰੀ ਨਹੀਂ ਹੁੰਦੀ।

ਸਾਹਾਂ ‘ਚ ਵਸ ਗਏ ਸੱਜਣਾ ਦੀ, ਸੀਨੇ ਲੱਗਣੀ ਤਸਵੀਰ ਜ਼ਰੂਰੀ ਨਹੀਂ ਹੁੰਦੀ।

ਕਰਮ ਬੰਦੇ ਦੇ ਬੰਦੇ ਨੂੰ ਮਾਰ, ਦਿੰਦੇ ਵੱਟੀ ਸਮੇਂ ਦੀ ਕਦੇ ਘੂਰੀ ਨਹੀਂ ਹੁੰਦੀ।

ਪਿਆਰੀ ਸੋਚ ਵਾਲਾ ਦੋਸਤ ਜੇ ਮਿਲੇ, ਜਾਨ ਦੇਣੀ ਇਸ਼ਕ ‘ਚ ਜ਼ਰੂਰੀ ਨਹੀਂ ਹੁੰਦੀ।

ਸਮਾਜ ਵਿਚ ਬਨਾਵਟੀਪਣ ਦੀ ਬਹੁਤਾਤ ਸਮਾਜਿਕ ਤਾਣੇ ਬਾਣੇ ਨੂੰ ਪਲੀਤ ਕਰ ਰਹੀ ਹੈ। ਲੋਕ ਅੰਦਰੋਂ ਬਾਹਰੋਂ ਇਕ ਨਹੀਂ ਹਨ। ਕਹਿੰਦੇ ਕੁਝ ਅਤੇ ਕਰਦੇ ਕੁਝ ਹੋਰ ਹਨ। ਉਨ੍ਹਾਂ ਦਾ ਸਮਾਜਿਕ ਜੀਵਨ ਵਿਚ ਕਿਰਦਾਰ ਹੋਰ ਤਰ੍ਹਾਂ ਦਾ ਹੁੰਦਾ ਹੈੇ, ਜਿਸ ਕਰਕੇ ਸਮਾਜ ਵਿਚ ਆਪਸੀ ਤਣਾਓ ਵੱਧ ਰਿਹਾ ਹੈ। ਲੋਕ ਮਖੌਟੇ ਪਾਈ ਫਿਰਦੇ ਹਨ। ਭਾਵ ਸੰਸਾਰ ਵਿਖਾਵੇ ਵਿਚ ਵਧੇਰੇ ਯਕੀਨ ਰੱਖਦਾ ਹੈ। ਵਿਵਹਾਰਿਕ ਤੌਰ ‘ਤੇ ਸਾਰਾ ਕੁ ਉਲਟ-ਪੁਲਟ ਹੁੰਦਾ ਹੈ। ਇਸ ਕਰਕੇ ਇਕ

ਕਵਿਤਾ ਵਿਚ ਲਿਖਦਾ ਹੈ

ਐਨੀ ਕੁ ਜਾਣ ਪਹਿਚਾਣ ਬੜੀ ਏ, ਬਸ ਦੂਰੋਂ-ਦੂਰੋਂ ਹੀ ਸਲਾਮ ਬੜੀ ਏ।

ਬਕਿਸਮਤੀ ਬਾਰੇ ਰੱਬ ਹੀ ਜਾਣੇ, ਸਾਡੇ ਤੇ ਕਿਉਂ ਮਿਹਰਬਾਨ ਬੜੀ ਏ।

ਅੰਦਰੋਂ ਤਾਂ ਉਹਨੂੰ ਫਿਕਰ ਹੈ ਸਾਡੀ, ਬਾਹਰੋਂ ਬਣਦੀ ਅਣਜਾਣ ਬੜੀ ਏ।

ਆਵਾਜ਼ ਨੂੰ ਸੁਣਦਿਆਂ ਹੀ ਪੁਛੇ ਮਾਂ, ਕਿ ਪੁਤਰੀ ਮੇਰੀ ਪਰੇਸ਼ਾਨ ਬੜੀ ਏ।

ਦਿਸਦੀ ਪੀੜ ਹੈ ਨੈਣਾਂ ਵਿਚ ਉਸਦੇ, ਪਰ ਬੁਲਾਂ ਉਤੇ ਮੁਸਕਾਨ ਬੜੀ ਏ।

ਆਮ ਖਾਸ ਲੋਕਾਂ ਦੀ ਸਮਝੋਂ ਬਾਹਰ, ਸ਼ਾਇਰੀ ਅੰਗਰੇਜ਼ ਦੀ ਆਮ ਬੜੀ ਏ।

ਸਮਾਜਿਕ ਜੀਵਨ ਵਿਚੋਂ ਨੈਤਿਕਤਾ ਖੰਭ ਲਾ ਕੇ ਉਡ ਗਈ ਹੈ। ਧੀ ਭੈਣ ਦੀ ਇਜ਼ਤ ਕਰਨਾ ਤਾਂ ਵੱਖਰੀ ਗੱਲ ਹੈ ਪ੍ਰੰਤੂ ਬੁਰੀ ਨਿਗਾਹ ਨਾਲ ਵੇਖਣਾ ਆਮ ਹੋ ਗਿਆ ਹੈ। ਸ਼ਰਮ ਹਯਾ ਖੰਭ ਲਾ ਕੇ ਉਡ ਗਈ ਹੈ। ਜੇਕਰ ਕੋਈ ਕਿਸੇ ਇਸਤਰੀ ਨਾਲ ਦੁਰਵਿਵਹਾਰ ਕਰਦਾ ਹੈ ਤਾਂ ਵੇਖਣ ਵਾਲੇ ਉਸਨੂੰ ਰੋਕਣ ਦੀ ਬਿਜਾਏ ਤਮਾਸ਼ਬੀਨ ਬਣ ਜਾਂਦੇ ਹਨ। ਇਨਸਾਨ ਦੀ ਜ਼ਮੀਰ ਹੀ ਮਰ ਚੁੱਕੀ ਹੈ। ਅੰਗਰੇਜ਼ ਸਮਾਜ ਵਿਚ ਆਈ ਇਸ ਗਿਰਾਵਟ ਬਾਰੇ ਵੀ ਕਾਫੀ ਚਿੰਤਤ ਹੈ। ਇਸ ਲਈ ਉਸਨੇ ਲਿਖਿਆ ਹੈ

ਜੇ ਹੁਸਨ ਦਿੱਤਾ ਏ ਮੈਨੂੰ, ਤਾਂ ਹੁਸਨ ਦੇ ਕਦਰਦਾਨ ਤਾਂ ਦਿੰਦਾ ।

ਦੇਖਣ ਵਾਲੇ ਦੀਆਂ ਅੱਖਾਂ ‘ਚ ਸ਼ਰਮ, ਦਿਲ ਵਿਚ ਸਨਮਾਨ ਤਾਂ ਦਿੰਦਾ।

ਤਮਾਸ਼ਬੀਨ ਖੜ੍ਹੇ ਨੇ ਹਰ ਚੌਰਾਹੇ ‘ਤੇ, ਜ਼ਮੀਰ ਨਾਲ ਭਰੀ ਜਾਨ ਤਾਂ ਦਿੰਦਾ।

ਸੰਘਣੇ ਕਰ ਦਿੰਦਾ ਕੰਡੇ, ਫੁੱਲਾਂ ਨੂੰ ਵਧਦੇ ਹੱਥੀਂ ਜ਼ਖ਼ਮ ਨਿਸ਼ਾਨ ਤਾਂ ਦਿੰਦਾ।

ਭਰੂਣ ਹੱਤਿਆ ਅਤੇ ਇਸਤਰੀਆਂ ਉਪਰ ਹੋ ਰਹੇ ਅਤਿਆਚਾਰਾਂ ਨੇ ਵੀ ਕਵੀ ਨੂੰ ਹਲੂਣ ਕੇ ਰੱਖ ਦਿੱਤਾ। ਜਦੋਂ ਕਿ ਹਰ ਮਰਦ ਇਸਤਰੀ ਦੀ ਕੁੱਖ ਵਿਚੋਂ ਪੈਦਾ ਹੁੰਦਾ ਹੈ ਪ੍ਰੰਤੂ ਫਿਰ ਵੀ ਇਸਤਰੀ ਦਾ ਬੀਜ ਨਾਸ ਕਰਨ ਤੇ ਤੁਲਿਆ ਹੋਇਆ ਹੈ। ਭਰੂਣ ਹੱਤਿਆ ਬਾਰੇ ਅੰਗਰੇਜ਼ ਲਿਖਦਾ ਹੈ

ਜਿਹੜੇ ਕੁੱਖ ‘ਚ ਧੀਆਂ ਕਤਲ ਕਰਵਾਉਣ, ਮਾਪੇ ਨਹੀਂ ਹੁੰਦੇ।

ਜਿਹੜੇ ਬਿਨਾ ਗੱਲੋਂ ਟੁੱਟ ਜਾਣ, ਉਹ ਰਿਸ਼ਤ-ਨਾਤੇ ਨਹੀਂ ਹੁੰਦੇ।

ਕਹਿਣ ਸਿਆਣੇ ਝੂਠ ਦੀਆਂ, ਕਿਤੇ ਕੋਈ ਨੀਂਹਾਂ ਨਹੀਂ ਹੁੰਦੀਆਂ।

ਜੋ ਮਾਪਿਆਂ ਦੀ ਪੱਤ ਰੋਲਦੀਆਂ, ਉਹ ਧੀਆਂ ਨਹੀਂ ਹੁੰਦੀਆਂ।

ਭਰਿਸ਼ਟਾਚਾਰ ਦੀ ਲਾਹਣਤ ਦਫਤਰ੍ਹਾਂ ਵਿਚ ਕਰੋਨਾ ਦੀ ਬਿਮਾਰੀ ਦੀ ਤਰ੍ਹਾਂ ਫੈਲੀ ਹੋਈ ਹੈ ਜਿਸ ਕਰਕੇ ਆਮ ਲੋਕਾਂ ਨਾਲ ਵਿਤਕਰੇ ਹੋ ਰਹੇ ਹਨ। ਇਸ ਬਾਰੇ ਕਵੀ ਨੇ ਲਿਖਿਆ ਹੈ

ਜਾਗਣੇ ਨੇ ਸਿਤਾਰੇ ਤਾਂ ਕਾਲੀ ਰਾਤ ‘ਚ ਜਾਗਣ,

ਫਾਇਦਾ ਕੀ ਜੇ ਚਾਨਣ ਹੋਣ ਤੋਂ ਬਾਅਦ ਜਾਗਣਗੇ।

ਕਹਿੰਦੇ ਉਦੋਂ ਸਭ ਲਿਖਾਂਗੇ ਜਦੋਂ ਸਾਹਿਬ ਜਾਗ ਪਏ

ਤੇ ਰੁਪਈਆਂ ਦੀ ਥੱਦੀ ਵੇਖਕੇ ਹੀ ਸਾਹਿਬ ਜਾਗਣਗੇ।

ਦੁਨੀਆਂ ਵਿਚ ਅੱਜ ਕਲ੍ਹ ਝੂਠ ਦਾ ਬੋਲ ਬਾਲਾ ਹੈ। ਲੋਕੀ ਝੂਠ ਨੂੰ ਸੱਚ ਬਣਾਉਣ ਲਈ ਹਜ਼ਾਰ ਵਾਰ ਝੂਠ ਬੋਲਦੇ ਹਨ। ਝੂਠ ਬਾਰੇ ਉਨ੍ਹਾਂ ਲਿਖਿਆ ਹੈ

ਝੂਠ ਨੂੰ ਝੂਠ ਕਿਹਾ ਤਾਂ ਕਈਆਂ ਨੇ, ਪਰ ਸੱਚ ਦੇ ਕੋਈ ਵੱਲ ਨਹੀਂ ਹੋਇਆ।

ਇਸ਼ਕ ਯਾਰੀ ਵਿਚ ਦੱਸੋ ਕਿਸ ਨਾਲ, ਅੱਜ ਤੱਕ ਕੋਈ ਛੱਲ ਨਹੀਂ ਹੋਇਆ।

ਸੁਰਜੀਤ ਸਿੰਘ ਉਰਫ ਅੰਗਰੇਜ਼ ਮੁੰਡੀ ਕੱਦੋਂ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਕੱਦੋਂ ਵਿਖੇ ਮਾਤਾ ਨਸੀਬ ਕੌਰ ਅਤੇ ਪਿਤਾ ਵਰਿਆਮ ਸਿੰਘ ਦੇ ਘਰ ਕਿਸਾਨ ਪਰਿਵਾਰ ਵਿਚ ਹੋਇਆ। ਸੁਰਜੀਤ ਸਿੰਘ ਨੂੰ ਪਿੰਡ ਵਿਚ ਉਸਦੇ ਰਹਿਣ ਸਹਿਣ ਅਤੇ ਵਿਵਹਾਰ ਕਰਕੇ ਅੰਗਰੇਜ਼ ਨਾਮ ਨਾਲ ਬੁਲਾਇਆ ਜਾਂਦਾ ਹੈ। ਇਸ ਲਈ ਉਹ ਆਪਣੀਆਂ ਕਵਿਤਾਵਾਂ ਅਤੇ ਗੀਤ ਅੰਗਰੇਜ਼ ਮੁੰਡੀ ਕੱਦੋਂ ਦੇ ਨਾਮ ਨਾਲ ਲਿਖਦਾ ਹੈ। ਮੁੱਢਲੀ ਪੜ੍ਹਾਈ ਉਸਨੇ ਪਿੰਡ ਦੇ ਸਕੂਲ ਤੋਂ ਹੀ ਕੀਤੀ। ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਦੋਰਾਹਾ ਤੋਂ ਪ੍ਰਾਪਤ ਕੀਤੀ। ਬੀ ਏ ਦੀ ਪੜ੍ਹਾਈ ਕਰਦਿਆਂ ਹੀ ਉਸਨੇ ਪਹਿਲਾਂ ਗੀਤ ਅਤੇ ਫਿਰ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸਾਹਿਤਕ ਮਸ ਤਾਂ ਪਹਿਲਾਂ ਹੀ ਸੀ ਪ੍ਰੰਤੂ ਅਵਤਾਰਜੀਤ ਅਟਵਾਲ ਅਤੇ ਭੱਟੀ ਭੜੀਵਾਲਾ ਦੇ ਸੰਪਰਕ ਵਿਚ ਆਉਣ ਨਾਲ ਇਹ ਰੁਚੀ ਨਿਖਰਕੇ ਸਾਹਮਣੇ ਆ ਗਈ। ਪਰਵਾਸ ਵਿਚ ਰਹਿਣ ਕਰਕੇ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ। ਭਵਿਖ ਵਿਚ ਅੰਗਰੇਜ਼ ਮੁੰਡੀ ਕੱਦੋਂ ਤੋਂ ਹੋਰ ਚੰਗਾ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ

(ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ)