ਪੈਰਾਮਾਟਾ ਲਾਈਟ ਰੇਲ ਪ੍ਰਾਜੈਕਟ ਦੇ ਦੂਸਰੇ ਪੜਾਅ ਦੀ ਪਲਾਨਿੰਗ ਲਈ 50 ਮਿਲੀਅਨ ਡਾਲਰਾਂ ਦਾ ਬਜਟ

ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੈਟ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ, ਪੈਰਾਮਾਟਾ ਲਾਈਟ ਰੇਲ ਪ੍ਰਾਜੈਕਟ ਦੇ ਦੂਸਰੇ ਪੜਾਅ ਦੀ ਪਲਾਨਿੰਗ ਲਈ 50 ਮਿਲੀਅਨ ਡਾਲਰਾਂ ਦਾ ਫੰਡ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ ਉਕਤ ਪ੍ਰਾਜੈਕਟ ਦੇ 2121-22 ਦੌਰਾਨ ਵਰਤਿਆ ਜਾਣਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਪ੍ਰਾਜੈਕਟ ਦਾ ਦੂਸਰਾ ਪੜਾਅ ਹੁਣ ਗ੍ਰੇਟਰ ਪੈਰਾਮਾਟਾ ਨੂੰ ਸਿਡਨੀ ਓਲੰਪਿਕ ਪੈਨਿੰਨਸਲਾ ਨਾਲ ਜੋੜੇਗਾ। ਇਸ ਅਧੀਨ ਹੁਣ ਪਹਿਲੇ ਪੜਾਅ ਅਤੇ ਪੈਰਾਮਾਟਾ ਸੀ.ਬੀ.ਡੀ. ਤੋਂ ਅਰਮਿੰਗਟਨ, ਮੈਲਰੋਜ਼ ਪਾਰਕ, ਵੈਂਟਵਰਥ ਪਾਇੰਟ ਅਤੇ ਸਿਡਨੀ ਓਲੰਪਿਕ ਪਾਰਕ ਨੂੰ ਜੋੜਿਆ ਜਾਵੇਗਾ।
ਪੈਰਾਮਾਟਾ ਤੋਂ ਐਮ.ਪੀ. ਜਿਓਫ ਲੀ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਖੇਤਰ ਵਿੱਚ ਉਨਤੀ ਦੀਆਂ ਨਵੀਆਂ ਬੁਲੰਦੀਆਂ ਨੂੰ ਉਕਤ ਪ੍ਰਾਜੈਕਟ ਰਾਹੀਂ ਹਾਸਿਲ ਕੀਤਾ ਜਾਵੇਗਾ ਅਤੇ ਇਸ ਵਾਸਤੇ ਉਹ ਸਮੁੱਚੀ ਟੀਮ ਦੇ ਧੰਨਵਾਦੀ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਪੈਰਾਮਾਟਾ ਲਾਈਟ ਰੇਲ ਪ੍ਰਾਜੈਕਟ ਦੇ ਪਹਿਲੇ ਪੜਾਅ (2.4 ਬਿਲੀਅਨ) ਦਾ ਕੰਮ ਦਿਨ ਰਾਤ ਜਾਰੀ ਹੈ ਅਤੇ ਇਸ ਨਾਲ ਵੈਸਟਮੀਡ ਨੂੰ ਕਾਰਲਿੰਗਟਨ (ਵਾਇਆ ਪੈਰਾਮਾਟਾ ਸੀ.ਬੀ.ਡੀ. ਅਤੇ ਕੈਮੇਲੀਆ) ਜੋੜਨ ਦਾ ਕੰਮ ਚੱਲ ਰਿਹਾ ਹੈ ਜੋ ਕਿ 2023 ਤੱਕ ਪੂਰਾ ਹੋ ਜਾਣ ਦਾ ਸਮਾਂ ਮਿੱਥਿਆ ਗਿਆ ਹੈ।