ਨਿਊ ਸਾਊਥ ਵੇਲਜ਼ ਵਿਚਲੇ ਕਾਂਸਲਾਂ ਦੇ ਜਨਰਲ ਮਨੇਜਰਾਂ ਦੀਆਂ ਤਨਖਾਹਾਂ ਸਬੰਧੀ ਮੰਗੇ ਸੁਝਾਅ

ਕਈਆਂ ਦੀਆਂ ਤਨਖਾਹਾਂ ਤਾਂ ਅਮਰੀਕਾ ਦੇ ਰਾਸ਼ਟਰਪਤੀ ਤੋਂ ਵੀ ਜ਼ਿਆਦਾ

ਸਥਾਨਕ ਸਰਕਾਰਾਂ ਦੇ ਮੰਤਰੀ ਸ਼ੈਲੀ ਹੈਂਕਾਕ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਸਰਕਾਰ ਨੇ ਸਥਾਨਕ ਕਾਂਸਲਾਂ ਦੇ ਜਨਰਲ ਮਨੇਜਰਾਂ ਆਦਿ ਦੀਆਂ ਤਨਖਾਹਾਂ ਆਦਿ ਬਾਰੇ ਵਿੱਚ ਸੁਝਾਵਾਂ ਦੀ ਮੰਗ ਕੀਤੀ ਹੈ ਅਤੇ ਇਸ ਵਾਸਤੇ ਆਧਾਰ ਇਸ ਗੱਲ ਨੂੰ ਬਣਾਇਆ ਹੈ ਕਿ ਰਾਜ ਅੰਦਰ ਕਈ ਜਨਰਲ ਮਨੇਜਰਾਂ ਦੀਆਂ ਤਨਖਾਹਾਂ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ, ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਅਤੇ ਅਮਰੀਕਾ ਦੇ ਰਾਸ਼ਟਰਪਤੀ ਤੋਂ ਵੀ ਜ਼ਿਆਦਾ ਹਨ।
ਰਾਜ ਸਰਕਾਰ ਇਸ ਵਾਸਤੇ ਹੁਣ ਇੱਕ ਸੰਵਿਧਾਨਿਕ ਸੁਤੰਤਰ ਸੰਸਥਾ ਦਾ ਨਿਰਮਾਣ ਕਰਨਾ ਚਾਹੁੰਦੀ ਹੈ ਅਤੇ ਇਹ ਸੰਸਥਾ ਹੀ ਉਪਰੋਕਤ ਤਨਖਾਹਾਂ ਅਤੇ ਭੱਤਿਆਂ ਆਦਿ ਦੀ ਸਥਾਪਨਾ ਕਰਿਆ ਕਰੇਗੀ ਜਦੋਂ ਕਿ ਹਾਲ ਦੀ ਘੜੀ ਸਥਾਨਕ ਕਾਂਸਲਰ ਹੀ ਉਕਤ ਕੰਮ ਨੂੰ ਅੰਜਾਮ ਦਿੰਦੇ ਹਨ।
ਸ੍ਰੀਮਤੀ ਹੈਂਕਾਕ ਨੇ ਕਿਹਾ ਕਿ ਮੌਜੂਦਾ ਸਮਿਆਂ ਵਿੱਚ ਉਕਤ ਜਨਰਲ ਮਨੇਜਰਾਂ ਦੀਆਂ ਸਾਲਾਨਾ ਤਨਖਾਹਾਂ 143,270 ਤੋਂ ਲੈ ਕੇ 633,852 ਡਾਲਰਾਂ ਤੱਕ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚਲਾ ਫਾਸਲਾ ਬਹੁਤ ਹੀ ਜ਼ਿਆਦਾ ਹੈ।
ਉਕਤ ਸੁਝਾਵਾਂ ਵਾਸਤੇ ਸਰਕਾਰ ਨੇ ਇਸੇ ਸਾਲ ਦੇ ਅਗਸਤ ਮਹੀਨੇ ਦੀ 2 ਤਾਰੀਖ ਦਿਨ ਸੋਮਵਾਰ ਮਿੱਥਿਆ ਹੈ ਅਤੇ ਇਸ ਵਾਸਤੇ ਸਰਕਾਰ ਦੀ ਵੈਬਸਾਈਟ ਦੇ www.olg.nsw.gov.au/councils/governance/standard-contracts-of-employment/review-of-general-manager-remuneration-consultation-paper ਲਿੰਕ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।