ਸਾਬਕਾ ਨੈਸ਼ਨਲ ਨੇਤਾ ਬਾਰਨਾਬੀ ਜਾਇਸੀ ਉਤਰੇ ਤਮਿਲ ਸ਼ਰਣਾਰਥੀ ਪਰਿਵਾਰ ਦੇ ਹੱਕ ਵਿੱਚ

ਕ੍ਰਿਸਮਿਸ ਆਈਲੈਂਡ ਦੇ ਡਿਟੈਂਸ਼ਨ ਸੈਂਟਰ ਵਿੱਚ ਆਪਣੀ ਕਿਸਮਤ ਦੇ ਫੈਸਲਿਆਂ ਦਾ ਇੰਤਜ਼ਾਰ ਕਰਦੇ ਤਮਿਲ ਬਿਲੋਏਲਾ ਪਰਿਵਾਰ ਦੇ ਹੱਕ ਵਿੱਚ ਬੋਲਦਿਆਂ ਸਾਬਕਾ ਨੈਸ਼ਨਲ ਪਾਰਟੀ ਦੇ ਨੇਤਾ ਬਾਰਨਾਬੀ ਜਾਇਸੀ ਨੇ ਕਿਹਾ ਕਿ ਜੇਕਰ ਤਮਿਲ ਪਰਿਵਾਰ ਦੇ ਉਨ੍ਹਾਂ ਬੱਚਿਆਂ ਦੇ ਨਾਮ ਅੰਗ੍ਰੇਜ਼ੀ ਨਾਮਾਂ ਵਰਗੇ ਹੁੰਦੇ ਤਾਂ ਸ਼ਾਇਦ ਉਨ੍ਹਾਂ ਨਾਲ ਇਹ ਭੇਦਭਾਵ ਨਹੀਂ ਹੋਣਾ ਸੀ ਅਤੇ ਆਸਟ੍ਰੇਲੀਆ ਵਿੱਚ ਜਨਮੇ ਹੋਣ ਕਾਰਨ ਉਹ ਵੀ ਆਪਣੇ ਸਕੂਲਾਂ ਦੇ ਖੇਡ ਮੈਦਾਨਾਂ ਵਿੱਚ ਖੇਡਦੇ ਹੁੰਦੇ।
ਜ਼ਿਕਰਯੋਗ ਹੈ ਕਿ ਉਕਤ ਸ਼ਰਣਾਰਥੀ ਪਰਿਵਾਰ ਵਿਚਲੀ ਚਾਰ ਸਾਲਾਂ ਦੀ ਬੱਚੀ, ਖ਼ੂਨ ਵਿਚਲੇ ਇਨਫੈਕਸ਼ਨ ਕਾਰਨ, ਪਰਥ ਦੇ ਬੱਚਿਆਂ ਦੇ ਹਸਪਤਾਲ ਅੰਦਰ ਭਰਤੀ ਹੈ ਅਤੇ ਜ਼ੇਰੇ ਇਲਾਜ ਹੈ।
ਇਮੀਗ੍ਰੇਸ਼ਨ ਮੰਤਰੀ ਐਲਕਸ ਹਾਅਕੇ, ਇਸੇ ਹਫ਼ਤੇ ਵਿੱਚ ਉਕਤ ਪਰਿਵਾਰ ਬਾਬਤ ਕਿਸੇ ਫੈਸਲੇ ਦਾ ਐਲਾਨ ਕਰ ਸਕਦੇ ਹਨ ਅਤੇ ਹੁਣ ਉਕਤ ਪਰਿਵਾਰ ਦੇ ਹੱਕ ਵਿੱਚ ਬਹੁਤ ਸਾਰੇ ਲੋਕ, ਸੰਸਥਾਵਾਂ ਅਤੇ ਵਿਰੋਧੀ ਧਿਰ ਦੇ ਨੇਤਾ ਵੀ ਉਤਰ ਆਏ ਹਨ ਅਤੇ ਸਭ ਦੀ ਇੱਕੋ ਮੰਗ ਹੈ ਕਿ ਉਕਤ ਮੁਰੂਗਪਨ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਨਾਲ ਵਾਜਿਬ ਵੀਜ਼ਾ ਦੇ ਕੇ ਆਸਟ੍ਰੇਲੀਆ ਵਿੱਚ ਰੱਖ ਲਿਆ ਜਾਵੇ ਕਿਉਂਕਿ ਉਕਤ ਪਰਿਵਾਰ ਦੀਆਂ ਦੋਹੇਂ ਬੱਚੀਆਂ ਆਸਟ੍ਰੇਲੀਆ ਵਿੱਚ ਹੀ ਜਨਮੀਆਂ ਹਨ।