ਵੈਨਕੂਵਰ ਖੇਤਰ ਦੀ ਮਾਣਯੋਗ ਸੰਸਥਾ ਗੁਰੂ ਨਾਨਕ ਫਰੀ ਕਿਚਨ

(ਅਗਨੀ ਕੌਰ, ਰਣਜੀਤ ਸਿੰਘ, ਮਹਿੰਦਰ ਸਿੰਘ ਬਰਾੜ (ਸਾਹੋਕੇ),)

ਸਰੀ, 12 ਜੂਨ 2021-ਗੁਰੂ ਨਾਨਕ ਫਰੀ ਕਿਚਨ, ਵੈਨਕੂਵਰ ਖੇਤਰ ਦੀ ਮਾਣਯੋਗ ਸੰਸਥਾ ਹੈ ਜੋ ਪਿਛਲੇ 15 ਸਾਲਾਂ ਤੋਂ ਲੋੜਵੰਦ ਲੋਕਾਂ ਨੂੰ ਮੁਫ਼ਤ ਖਾਣਾ ਖੁਆਉਣ ਦਾ ਮਹਾਨ ਕਾਰਜ ਕਰਦੀ ਆ ਰਹੀ ਹੈ। 2006 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ “ਕਿਰਤ ਕਰੋ ਵੰਡ ਛਕੋ” ਦੇ ਫਲਸਫ਼ੇ ਤਹਿਤ ਕੁਝ ਸਿੱਖ ਆਗੂਆਂ ਵੱਲੋਂ ਸ਼ੁਰੂ ਕੀਤੀ ਗਈ ਇਸ ਸੰਸਥਾ ਵੱਲੋਂ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਵੈਨਕੂਵਰ ਡਾਊਨ ਟਾਊਨ ਵਿਚ ਮੁਫਤ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਇਸ ਸੇਵਾ ਜਾਤ ਪਾਤ, ਧਰਮ, ਕੌਮ ਦੇ ਭੇਦ ਭਾਵ ਤੋਂ ਬਿਨਾ ਕੀਤੀ ਜਾਂਦੀ ਹੈ ਅਤੇ ਕੋਈ ਵੀ ਲੋੜਵੰਦ ਵਿਅਕਤੀ ਇੱਥੇ ਆ ਕੇ ਖਾਣਾ ਖਾ ਸਕਦਾ ਹੈ।

ਇਸ ਸੰਸਥਾ ਨੇ ਵੱਖ ਵੱਖ ਕਮਿਊਨਿਟੀਆਂ ਦੇ ਲੋਕਾਂ ਵਿਚ ਸਿੱਖਾਂ ਦੀ ਪਹਿਚਾਣ ਕਰਵਾਉਣ ਅਤੇ ਸਿੱਖ ਭਾਈਚਾਰੇ ਦਾ ਮਾਣ ਵਧਾਉਣ ਵਿਚ ਅਹਿਮ ਕਾਰਜ ਕੀਤਾ ਹੈ। ਇਸ ਪਰਉਪਕਾਰੀ ਕਾਰਜ ਵਿਚ ਨੌਜਵਾਨ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੇ ਹਨ ਅਤੇ ਵਾਲੰਟੀਅਰ ਵਜੋਂ ਆਪਣੀਆਂ ਸੇਵਾਵਾ ਪ੍ਰਦਾਨ ਕਰ ਰਹੇ ਹਨ। ਮਾਨਵਤਾ ਦੀ ਭਲਾਈ ਹਿਤ ਚਲਾਏ ਜਾ ਰਹੇ ਇਸ ਮਿਸ਼ਨ ਵਿਚ ਨਿਸ਼ਕਾਮ ਸੇਵਾ ਕਰ ਰਹੇ ਮਹਿੰਦਰ ਸਿੰਘ ਬਰਾੜ (ਸਾਹੋਕੇ), ਰਣਜੀਤ ਸਿੰਘ, ਬਖਤਾਵਰ ਸਿੰਘ ਅਤੇ ਅਗਨੀ ਕੌਰ ਨੇ ਦੱਸਿਆ ਹੈ ਕਿ ਹਫਤੇ ਵਿਚ ਦੋ ਦਿਨ ਇਸ ਸੰਸਥਾ ਦੇ ਵਾਲੰਟੀਅਰਾਂ ਵੱਲੋਂ ਤਾਜ਼ਾ ਖਾਣਾ ਤਿਆਰ ਕਰਕੇ ਸਪੈਸ਼ਲ ਵੈਨ ਰਾਹੀਂ ਵੈਨਕੂਵਰ ਦੀ ਹੇਸਟਿੰਗ ਸਟਰੀਟ ਤੇ ਲਿਜਾਇਆ ਜਾਂਦਾ ਹੈ, ਜਿੱਥੇ ਹਰ ਹਫਤੇ 1200 ਤੋਂ ਵੱਧ ਲੋਕ (ਜਿਨ੍ਹਾਂ ਵਿਚ ਬੇ-ਘਰੇ, ਗਰੀਬ, ਲੋੜਵੰਦ ਸ਼ਾਮਲ ਹੁੰਦੇ ਹਨ) ਆਪਣੀ ਲੋੜ ਅਨੁਸਾਰ ਖਾਣਾ ਛਕਦੇ ਹਨ।

ਇਨ੍ਹਾਂ ਸੇਵਕਾਂ ਨੇ ਦੱਸਿਆ ਹੈ ਕਿ ਇਸ ਸੰਸਥਾ ਵੱਲੋਂ ਸਰਦੀਆਂ ਵਿਚ ਲੋੜਵੰਦਾਂ ਨੂੰ ਗਰਮ ਕੱਪੜੇ, ਕੋਟ, ਜੁਰਾਬਾਂ, ਦਸਤਾਨੇ ਅਤੇ ਹੋਰ ਲੋੜੀਂਦਾ ਸਾਮਾਨ ਦਿੱਤਾ ਜਾਂਦਾ ਹੈ। ਕੋਵਿਡ ਮਹਾਂਮਾਰੀ ਦੌਰਾਨ ਇਸ ਸੰਸਥਾ ਵੱਲੋਂ ਹਰ ਹਫਤੇ ਲੋੜਵੰਦਾਂ ਨੂੰ ਗਰੌਸਰੀ ਪ੍ਰਦਾਨ ਕੀਤੀ ਗਈ ਅਤੇ ਬੇ-ਸਹਾਰਾ ਔਰਤਾਂ, ਰੈਣ ਬਸੇਰਿਆਂ ਅਤੇ ਹੋਰ ਕਈ ਕਮਿਊਨਿਟੀਆਂ ਦੇ ਬੇ-ਘਰ ਲੋਕਾਂ ਦੀ ਸਹਾਇਤਾ ਕੀਤੀ ਗਈ। ਸੰਸਥਾ ਵੱਲੋਂ ਅਗਲਾ ਪ੍ਰੋਗਰਾਮ ਲੰਗਰ ਦੀ ਸੇਵਾ ਹਰ ਰੋਜ਼ ਮੁਹੱਈਆ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਦਾਨੀਆਂ ਦੇ ਸਹਿਯੋਗ ਨਾਲ ਆਪਣੀ ਇਕ ਇਮਾਰਤ ਦੀ ਉਸਾਰੀ ਕਰਨ ਅਤੇ ਉਥੇ 24 ਘੰਟੇ ਲੰਗਰ ਦੀ ਸੇਵਾ ਕਰਨ ਦੀ ਯੋਜਨਾ ਉਲੀਕੀ ਗਈ ਹੇ ਅਤੇ ਇਸ ਸੰਬਧ ਵਿਚ ਲੋਕਾਂ ਨੂੰ ਸਹਿਯੋਗ ਦੇਣ ਅਤੇ ਦਾਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

(ਹਰਦਮ ਮਾਨ) +1 604 308 6663
maanbabushahi@gmail.com