ਪ੍ਰਧਾਨ ਮੰਤਰੀ ਵੱਲੋਂ ਲੋਕਾਂ ਦੀਆਂ ਮੌਤਾਂ ਉੱਤੇ ਸੱਤ੍ਹਾ ਦੇ ਜਸ਼ਨ ਮਨਾਉਣੇ ਜਨਤਾ ਨਾਲ ਕੋਝਾ ਮਜ਼ਾਕ- ਕਾ: ਸੇਖੋਂ

ਲੋਕਾਂ ਦੇ ਜੀਵਨ ਸੁਧਾਰ ਲਈ ਲੋਕ ਲਹਿਰ ਉਸਾਰਨਾ ਸਮੇਂ ਦੀ ਲੋੜ

ਬਠਿੰਡਾ -ਕੋਰੋਨਾ ਮਹਾਂਮਾਰੀ ਦੇ ਮੌਜੂਦਾ ਦੌਰ ਵਿੱਚ ਦੇਸ਼ ਵਾਸੀ ਮੈਡੀਕਲ ਸਹੂਲਤਾਂ ਵਗੈਰ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ, ਜਦ ਕਿ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਦੀਆਂ ਮੌਤਾਂ ਉੱਤੇ ਆਪਣੇ ਰਾਜ ਭਾਗ ਦੇ ਸੱਤ ਸਾਲ ਦੇ ਜਸ਼ਨ ਮਨਾਉਣ ਵਿੱਚ ਲੱਗਾ ਹੋਇਆ ਹੈ। ਇੱਥੇ ਹੀ ਬੱਸ ਨਹੀਂ ਕੇਂਦਰ ਸਰਕਾਰ ਵੱਲੋਂ ਕੁੱਝ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਤੇ ਉਹਨਾਂ ਨੂੰ ਲਾਭ ਪਹੁੰਚਾਉਣ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ, ਜਿਸ ਸਦਕਾ ਆਮ ਲੋਕਾਂ ਦੀ ਹਾਲਤ ਦਿਨੋ ਦਿਨ ਨਿਘਰਦੀ ਜਾ ਰਹੀ ਹੈ। ਅਜਿਹੇ ਮੌਕੇ ਲੋਕਾਂ ਦੀਆਂ ਮੌਤਾਂ ਅਤੇ ਕਿਰਤੀਆਂ ਦੇ ਖੂਨ ਮਸੀਨੇ ਦੀ ਕਮਾਈ ਤੇ ਸੱਤ੍ਹਾ ਦੇ ਜ਼ਸਨ ਮਨਾਉਣੇ ਲੋਕਾਂ ਨਾਲ ਕੋਝਾ ਮਜ਼ਾਕ ਹੈ। ਭਾਰਤ ਦੀ ਜਨਤਾ ਨੇ ਜੇਕਰ ਦੇਸ਼ ਦੇ ਹਾਲਾਤਾਂ, ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਆਮ ਲੋਕਾਂ ਦੀ ਦਿਨੋ ਦਿਨ ਨਿਘਰਦੀ ਹਾਲਤ ਤੋਂ ਬੇਧਿਆਨ ਰਹਿੰਦਿਆਂ ਚੁੱਪ ਧਾਰੀ ਰੱਖੀ ਤਾਂ ਉਹ ਦਿਨ ਦੂਰ ਨਹੀਂ ਜਦ ਦੇਸ਼ ਦਾ ਸਮੁੱਚਾ ਪ੍ਰਬੰਧ ਲੁਕਵੇਂ ਢੰਗ ਨਾਲ ਕੁੱਝ ਗਿਣਤੀ ਦੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਚਲਾ ਜਾਵੇਗਾ। ਇਹ ਬਿਆਨ ਜਾਰੀ ਕਰਦਿਆਂ ਸੀ ਪੀ ਆਈ ਐੱਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅਰਬਪਤੀਆਂ ਦੇ ਗਲਬੇ ਨੂੰ ਠੱਲ੍ਹ ਪਾਉਣ ਤੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਲੋਕ ਲਹਿਰ ਉਸਾਰਨੀ ਅੱਜ ਦੇ ਸਮੇਂ ਦੀ ਲੋੜ ਹੈ।
ਕਾ: ਸੇਖੋਂ ਨੇ ਆਪਣੇ ਨੁਕਤੇ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਅੱਜ ਜਦੋਂ ਦੇਸ਼ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਜਾਨ ਬਚਾਉਣ ਲਈ ਲੋੜੀਂਦੀਆਂ ਦਵਾਈਆਂ ਉਪਲੱਭਦ ਨਹੀਂ, ਲੋੜ ਮੁਤਾਬਕ ਆਕਸੀਜਨ ਨਹੀ ਮਿਲ ਰਹੀ, ਮੌਤ ਹੋਣ ਤੇ ਸਸਕਾਰ ਲਈ ਲੱਕੜਾਂ ਦੀ ਘਾਟ ਹੋਣ ਸਦਕਾ ਲਾਸ਼ਾਂ ਨਦੀਆਂ ਵਿੱਚ ਰੋੜੀਆਂ ਜਾ ਰਹੀਆਂ ਹਨ ਜਾਂ ਰੇਤ ਹੇਠਾਂ ਦਬਾਈਆਂ ਜਾ ਰਹੀਆਂ ਹਨ। ਇਸੇ ਦੌਰਾਨ ਅਡਾਨੀਆਂ ਅੰਬਾਨੀਆਂ ਦੀ ਕਮਾਈ ਵਿੱਚ ਭਾਰੀ ਵਾਧਾ ਹੋਇਆ ਹੈ। ਉਹਨਾਂ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਗੌਤਮ ਅਡਾਨੀ ਦੀ ਆਮਦਨ ਵਿੱਚ 43 ਅਰਬ ਡਾਲਰ ਦਾ ਵਾਧਾ ਹੋਇਆ ਜੋ ਇੱਕ ਰਿਕਾਰਡ ਵਾਧਾ ਹੈ, ਜਦੋਂ ਕਿ ਮੁਕੇਸ ਅੰਬਾਨੀ ਦੀ ਆਮਦਨ ਵਿੱਚ 8 ਅਰਬ ਡਾਲਕ ਦਾ ਵਾਧਾ ਹੋਇਆ ਦੱਸਿਆ ਜਾਂਦਾ ਹੈ, ਇਸ ਵਾਧੇ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਪੂਰੀ ਤਰ੍ਹਾਂ ਜੁਮੇਵਾਰ ਹਨ। ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਰਿਲਾਇੰਸ ਕੰਪਨੀ ਦੇ ਚੇਅਰਮੈਨ ਮੁਕੇਸ ਅੰਬਾਨੀ ਦਾ ਕਾਰੋਬਾਰ 6.13 ਲੱਖ ਕਰੋੜ ਰੁਪਏ ਦਾ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅੰਡਾਨੀ ਦਾ 5.69 ਲੱਖ ਕਰੋੜ ਰੁਪਏ ਦਾ ਹੋ ਗਿਆ ਹੈ। ਇਹਨਾਂ ਤੋਂ ਇਲਾਵਾ ਦਰਜਨਾਂ ਹੋਰ ਅਰਬਪਤੀ ਅਜਿਹੇ ਹਨ ਜੋ ਦੇਸ਼ ਦਾ ਸਰਮਾਇਆ ਲੈ ਕੇ ਵਿਦੇਸਾਂ ਵਿੱਚ ਭੱਜ ਗਏ ਹਨ।
ਕਾ: ਸੇਖੋਂ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਹਨਾਂ ਕਾਰਪਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਸਮੁੱਚੇ ਦੇਸ਼ ਨੂੰ ਦਾਅ ਤੇ ਲਾ ਰਿਹਾ ਹੈ। ਅੱਜ ਕੇਂਦਰ ਸਰਕਾਰ ਵੱਲੋਂ ਜੋ ਵੀ ਨੀਤੀਆਂ ਬਣਾਈਆਂ ਜਾਂਦੀਆਂ ਹਨ, ਉਹ ਲੋਕ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਹੀ ਹੁੰਦੀਆਂ ਹਨ। ਇਹਨਾਂ ਲੋਕ ਮਾਰੂ ਨੀਤੀਆਂ ਦੀ ਹੀ ਵੱਡੀ ਕੜੀ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਹਨ, ਜਿਹਨਾਂ ਨੂੰ ਰੱਦ ਕਰਵਉਣ ਲਈ ਦੇਸ਼ ਦੇ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਅੰਦੋਲਨ ਕਰ ਰਹੇ ਹਨ, ਪਰ ਕੇਂਦਰ ਉਹਨਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ। ਇਸ ਤੋਂ ਇਲਾਵਾ ਪੈਟਰੌਲ, ਡੀਜ਼ਲ, ਰਸੋਈ ਗੈਸ ਅਤੇ ਹੋਰ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਨਿੱਤ ਦਿਨ ਵਧਾਈਆਂ ਜਾ ਰਹੀਆਂ ਹਨ, ਜਿਸ ਕਾਰਨ ਆਮ ਆਦਮੀ ਦਾ ਜੀਵਨ ਗੁਜਾਰਾ ਮੁਸਕਿਲ ਹੋ ਗਿਆ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਅੱਜ ਦੇਸ਼ ਦਾ ਸੰਵਿਧਾਨ ਖਤਰੇ ਵਿੱਚ ਹੈ, ਫਿਰਕਾਪ੍ਰਸਤੀ ਭਾਰੂ ਪੈ ਰਹੀ ਹੈ, ਆਮ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ, ਲੋਕਾਂ ਨੂੰ ਜੀਵਨ ਗੁਜਾਰੇ ਦੀਆਂ ਵਸਤਾਂ, ਸਿਹਤ ਤੇ ਵਿੱਦਿਆਂ ਵਰਗੀਆਂ ਮੁਢਲੀਆਂ ਸਹੂਲਤਾਂ ਵੀ ਪ੍ਰਾਪਤ ਨਹੀਂ ਹਨ। ਉਹਨਾਂ ਕਿਹਾ ਕਿ ਦੇਸ਼ ਦਾ ਸਮੁੱਚਾ ਪ੍ਰਬੰਧ ਲੁਕਵੇਂ ਢੰਗ ਨਾਲ ਕਾਰਪੋਰੇਟ ਘਰਾਣਿਆਂ ਦੇ ਹੱਥ ਜਾਣ ਤੋਂ ਰੋਕਣ ਲਈ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਇੱਕ ਲੋਕ ਲਹਿਰ ਉਸਾਰਨ ਦੀ ਲੋੜ ਹੈ, ਤਾਂ ਹੀ ਲੋਕਾਂ ਦੇ ਜੀਵਨ ਦਾ ਸੁਧਾਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਮੁੱਖ ਰਖਦਿਆਂ ਪ੍ਰਧਾਨ ਮੰਤਰੀ ਜਸ਼ਨ ਮਨਾਉਣੇ ਬੰਦ ਕਰਕੇ ਇਸ ਮਹਾਂਮਾਰੀ ਦੇ ਦੌਰ ‘ਚ ਕਿਸਾਨਾਂ ਕਿਰਤੀਆਂ ਵੱਲ ਧਿਆਨ ਦੇਣ।