ਐਮ.ਪੀ ਮਨੀਸ਼ ਤਿਵਾੜੀ ਨੇ ਢਾਡਾ ਕਲਾਂ ਚੋਅ ਉੱਪਰ ਪੁਲ ਦੇ ਨਿਰਮਾਣ ਕਾਰਜ ਦਾ ਰੱਖਿਆ ਨੀਂਹ ਪੱਥਰ

2.67 ਕਰੋੜ ਦੀ ਲਾਗਤ ਬਣਨ ਵਾਲੇ ਇਸ ਹਾਈ ਲੈਵਲ ਬ੍ਰਿਜ ਨੂੰ 6 ਮਹੀਨਿਆਂ ਅੰਦਰ ਕੀਤਾ ਜਾਵੇਗਾ ਪੂਰਾ

ਨਿਊਯਾਰਕ/ਗੜ੍ਹਸ਼ੰਕਰ —ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿਕਾਸ ਦੀ ਲੜੀ ਵਿੱਚ ਇੱਕ ਹੋਰ ਵਾਧਾ ਕਰਦਿਆਂ ਹੋਇਆਂ ਮੈਂਬਰ ਪਾਰਲੀਮੈਂਟ ਤੇ‍ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਪਿੰਡ ਢਾਡਾ ਕਲਾਂ ਅਤੇ ਢਾਡਾ ਖੁਰਦ ਵਿੱਚ ਪੈਂਦੇ ਢਾਡਾ ਕਲਾਂ ਚੋਅ ਉੱਪਰ ਪੁਲ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ। ਕਰੀਬ ਇਕ ਕਿਲੋਮੀਟਰ ਲੰਬੇ 2 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਚੋਅ ਉੱਪਰ ਇਸ ਹਾਈ ਲੈਵਲ ਬ੍ਰਿਜ ਦਾ ਨਿਰਮਾਣ ਛੇ ਮਹੀਨਿਆਂ ਵਿੱਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਐਮ.ਪੀ ਤਿਵਾੜੀ ਨੇ ਕਿਹਾ ਕਿ ਹਲਕੇ ਦਾ ਵਿਕਾਸ ਉਨ੍ਹਾਂ ਦੀ ਪ੍ਰਾਥਮਿਕਤਾ ਹੈ। ਢਾਡਾ ਕਲਾਂ ਅਤੇ ਢਾਡਾ ਖੁਰਦ ਵਿੱਚ ਪੈਂਦੇ ਚੋਅ ਉੱਪਰ ਕਰੀਬ 2.67 ਕਰੋੜ ਰਪਏ ਦੀ ਲਾਗਤ ਨਾਲ ਬਣਨ ਵਾਲੇ 1.07 ਕਿਲੋਮੀਟਰ ਲੰਬੇ  ਹਾਈ ਲੇਵਲ ਬ੍ਰਿਜ ਦਾ ਨਿਰਮਾਣ ਕੀਤਾ ਜਾਵੇਗਾ। ਜਿਹੜੀ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਇੱਕ ਮੰਗ ਸੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਹਲਕੇ ਨਾਲ ਜੁੜੀਆਂ ਕੁਝ ਹੋਰ ਸਮੱਸਿਆਵਾਂ ਵੀ ਪਤਾ ਚੱਲੀਆਂ ਹਨ, ਜਿਨ੍ਹਾਂ ਨੂੰ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਦੇ ਸਹਿਯੋਗ ਨਾਲ ਜਲਦੀ ਹੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਬੀਤੇ ਕਰੀਬ ਡੇਢ ਸਾਲਾਂ ਤੋਂ ਸੂਬਾ ਸਰਕਾਰ ਦੀ ਪਹਿਲ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣੀ ਰਹੀ ਹੈ। ਇਸ ਲੜੀ ਹੇਠ, ਕੋਰੋਨਾ ਮਹਾਂਮਾਰੀ ਖ਼ਿਲਾਫ਼ ਲੜਾਈ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਨੂੰ ਕੀਤੀ ਅਪੀਲ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਨ੍ਹਾਂ 100 ਪਤੀਸ਼ਤ ਵੈਕਸੀਨੇਸ਼ਨ ਕਰਵਾਉਣ ਵਾਲੇ ਪਿੰਡ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਨਾਲ ਸਬੰਧਤ ਹੀ ਦੋ ਪਿੰਡਾਂ ਨਾਜਰਪੁਰ ਅਤੇ ਰਾਵਲ ਪਿੰਡੀ ਵੱਲੋਂ 100 ਪ੍ਰਤੀਸ਼ਤ ਕੋਰੋਨਾ ਵੈਕਸੀਨੇਸ਼ਨ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ 10-10 ਲੱਖ ਰੁਪਇਆਂ ਦੀ ਗਰਾਂਟ ਜਾਰੀ ਕਰਨ ਵਾਸਤੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖੀ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਜਿਹੜਾ ਵੀ ਪਿੰਡ 100 ਪ੍ਰਤੀਸ਼ਤ ਵੈਕਸੀਨੇਸ਼ਨ ਦਾ ਟੀਚਾ ਪ੍ਰਾਪਤ ਕਰੇਗਾ, ਉਸਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਹਿੱਤ ਸਿਫ਼ਾਰਸ਼ ਭੇਜੀ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਐਮਐਲਏ ਲਵ ਕੁਮਾਰ ਗੋਲਡੀ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਐੱਸਡੀਐੱਮ ਹਰਬੰਸ ਸਿੰਘ, ਥੁਸਾਰ ਗੁਪਤਾ ਡੀਐੱਸਪੀ, ਤਪਨ ਭਨੋਟ ਤਹਿਸੀਲਦਾਰ ਗੜ੍ਹਸ਼ੰਕਰ, ਕਮਲ ਨਇਨ ਐਕਸੀਐਨ ਪੀਡਬਲਯੂਡੀ ਗੜ੍ਹਸ਼ੰਕਰ, ਬਖਤਾਵਰ ਸਿੰਘ, ਕਮਲ ਲੰਬੜਦਾਰ, ਅਵਤਾਰ ਲੰਬੜਦਾਰ, ਜਸਬੀਰ ਕੌਰ ਸਰਪੰਚ, ਮਨਜੀਤ ਕੌਰ ਸਰਪੰਚ, ਜੱਗਾ ਸਿੰਘ, ਰਜਿੰਦਰ ਸਿੰਘ, ਅਮਨਦੀਪ ਕੌਰ, ਰਮਨ ਸਰਪੰਚ, ਮਹਿੰਦਰ ਸਰਪੰਚ, ਗੁਰਦਿਆਲ ਸਰਪੰਚ, ਜਰਨੈਲ ਲੰਬੜਦਾਰ, ਦਵਿੰਦਰ ਲੰਬੜਦਾਰ ਸੈੱਲਾਂ, ਬਖਤਾਵਰ ਸਿੰਘ ਸਾਬਕਾ ਸਰਪੰਚ, ਸੰਜੀਵ ਕੰਵਰ, ਬੁੱਧ ਸਿੰਘ ਵੀ ਮੌਜੂਦ ਰਹੇ।