ਡੇਵਿਡ ਡੰਗੇ ਜੂਨੀਅਰ ਦੀ ਪੁਲਿਸ ਹਿਰਾਸਤ ਵਿੱਚ ਮੌਤ ਨੂੰ ਲਿਜਾਇਆ ਜਾਵੇਗਾ ਯੂ.ਐਨ. ਸਾਹਮਣੇ

ਸਾਲ 2015 ਦੇ ਦਿਸੰਬਰ ਮਹੀਨੇ ਵਿੱਚ ਨਿਊ ਸਾਊਥ ਵੇਲਜ਼ ਪੁਲਿਸ ਹਿਰਾਸਤ ਵਿੱਚ (ਲਾਂਗ ਬੇਅ ਜੇਲ੍ਹ) ਹੋਈ ਇੱਕ ਇੰਡੀਜੀਨਸ ਵਿਅਕਤੀ (ਡੇਵਿਡ ਡੰਗੇ ਜੂਨੀਅਰ) ਦੀ ਮੌਤ ਨੂੰ ਹੁਣ ਮਨੁੱਖ ਅਧਿਕਾਰਾਂ ਦੇ ਕਾਨੂੰਨਾਂ ਦੇ ਮਾਹਿਰ ਜਿਓਫਰੀ ਰਾਬਰਟਸਨ ਕਿਊ.ਸੀ. ਅਤੇ ਜੈਨਿਫਰ ਰਾਬਿਨਸਨ, ਯੂ.ਐਨ.ਓ. ਅੱਗੇ ਅਪੀਲ ਦੇ ਤੌਰ ਤੇ ਪੇਸ਼ ਕਰਨ ਜਾ ਰਹੇ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨਾਲ ਡੇਵਿਡ ਦੀ ਮਾਤਾ (ਲੀਟੋਨਾ), ਭਤੀਜਾ (ਪੌਲ ਸਿਲਵਾ) ਅੱਜ ਸਿਡਨੀ ਵਿੱਚ ਇੱਕ ਰੈਲੀ ਦਾ ਆਯੋਜਨ ਵੀ ਕਰਨ ਜਾ ਰਹੇ ਹਨ।
ਉਨ੍ਹਾਂ ਦਾ ਮੁੱਖ ਟੀਚਾ ਇਸ ਮੁੱਦੇ ਨੂੰ ਅਮਰੀਕਾ ਵਿੱਚ 2020 ਹੋਈ ਜਾਰਜ ਫਲਾਇਡ ਜੂਨੀਅਰ ਦੀ ਮੌਤ ਨਾਲ ਜੋੜਨਾ ਹੈ ਅਤੇ ਉਹ ਸਾਰੀ ਦੁਨੀਆਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਧਰਤੀ ਦਾ ਕੋਨਾ ਕੋਈ ਵੀ ਹੋਵੇ ਪਰੰਤੂ ਉਥੇ ਦੇ ਮੂਲ ਨਿਵਾਸੀਆਂ ਉਪਰ ਪੁਲਿਸ ਦਾ ਜ਼ਬਰ ਜ਼ੁਲਮ ਜਾਰੀ ਹੈ ਅਤੇ ਇਸ ਵਿੱਚ ਦੁਨੀਆਂ ਦੀ ਤਰੱਕੀ ਆਦਿ ਕਾਰਨ ਕੋਈ ਵੀ ਫਰਕ ਨਹੀਂ ਪਿਆ ਹੈ।
ਜ਼ਿਕਰਯੋਗ ਹੈ ਕਿ ਜਾਰੀ ਕੀਤੀ ਗਈ ਸੀ.ਸੀ.ਟੀ.ਵੀ. ਫੂਟੇਜ ਰਾਹੀਂ ੳਕਤ ਵਾਕਿਆ ਦੌਰਾਨ 5 ਪੁਲਿਸ ਮੁਲਾਜ਼ਮ ਡੇਵਿਡ ਨਾਲ ਕੁੱਟ ਮਾਰ ਕਰਦੇ ਸਾਫ ਦਿਖਾਈ ਦਿੰਦੇ ਹਨ ਅਤੇ ਉਹ ਚੀਖ ਚੀਖ ਕੇ ਕਹਿ ਰਿਹਾ ਸੀ ਕਿ ਉਹ ਸਾਹ ਨਹੀਂ ਲੈ ਪਾ ਰਿਹਾ ਹੈ ਅਤੇ ਇੱਕ ਪੁਲਿਸ ਵਾਲਾ ਕਹਿੰਦਾ ਦਿਖਾਈ ਦਿੰਦਾ ਹੈ ਕਿ -ਨਹੀਂ ਤੂੰ ਸਾਹ ਲੈ ਰਿਹਾ ਹੈਂ ਅਤੇ ਇੱਦਾਂ ਹੀ ਲੈਂਦਾ ਰਹਿ…..। ਉਨ੍ਹਾਂ ਵੰਲੋਂ ਡੰਗੇ ਨੂੰ ਇੱਕ ਇੰਜੈਕਸ਼ਨ ਵੀ ਦਿੱਤਾ ਜਾਂਦਾ ਹੈ ਜਿਸਤੋਂ ਇੱਕ ਘੰਟੇ ਬਾਅਦ ਹੀ ਉਸਦੀ ਮੌਤ ਹੋ ਜਾਂਦੀ ਹੈ।