ਵੈਨਕੂਵਰ ਦੇ ਸਿੱਖ ਆਗੂਆਂ ਵੱਲੋਂ ਕੈਮਲੂਪਸ ਦੇ ਸਕੂਲ ਦੁਖਾਂਤ ਦੀ ਨਿੰਦਿਆ

ਸਰੀ – ਬੀਸੀ ਦੇ ਸ਼ਹਿਰ ਕੈਮਲੂਪਸ ਦੇ ਇਕ ਪੁਰਾਣੇ ਰਿਹਾਇਸ਼ੀ ਸਕੂਲ ਵਿਚ ਮੂਲ ਵਾਸੀ ਲੋਕਾਂ ਦੇ 215 ਬੱਚਿਆਂ ਦੇ ਪਿੰਜਰ ਦੱਬੇ ਹੋਣ ਦਾ ਖੁਲਾਸਾ ਹੋਣ ਨਾਲ ਸਿਰਫ ਕੈਨੇਡਾ ਦੇ ਹੀ ਨਹੀਂ ਸਗੋਂ ਸਮੁੱਚੀ ਦੁਨੀਆਂ ਦੇ ਲੋਕਾਂ ਵਿਚ ਦਰਦ ਦੀ ਟੀਸ ਮਹਿਸੂਸ ਕੀਤੀ ਜਾ ਰਹੀ ਹੈ। ਇਹ ਬਹੁ-ਸੱਭਿਆਚਾਰਕ ਵਿਕਸਤ ਦੇਸ਼ ਕੈਨੇਡਾ ਦੇ ਇਤਿਹਾਸ ਉਪਰ ਕਾਲਾ ਧੱਬਾ ਹੈ। ਇਸ ਦੀ ਹਰ ਪਾਸਿਓਂ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਮੂਲ ਵਾਸੀ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਨ ਦੇ ਨਾਲ ਨਾਲ ਕੈਨੇਡਾ ਅਤੇ ਬੀਸੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮੂਲ ਵਾਸੀ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ।

ਪੰਜਾਬੀ ਭਾਈਚਾਰੇ ਵੱਲੋਂ ਵੀ ਇਸ ਘਿਨਾਉਣੇ ਕਾਂਡ ਦੀ ਨਿੰਦਿਆ ਕੀਤੀ ਜਾ ਰਹੀ ਹੈ। ਨਾਮਵਰ ਸਿੱਖ ਵਿਦਵਾਨ ਅਤੇ ਚਿੰਤਕ ਜੈਤੇਗ ਸਿੰਘ ਅਨੰਤ, ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਸਿੱਖ ਪ੍ਰਚਾਰਕ ਸੁਰਿੰਦਰ ਸਿੰਘ ਗੌਰੀ, ਸਿੱਖ ਸੰਗਤ ਵੈਨਕੂਵਰ ਦੇ ਆਗੂ ਰਣਜੀਤ ਸਿੰਘ, ਬਖਤਾਵਰ ਸਿੰਘ, ਲਖਬੀਰ ਸਿੰਘ ਖੰਗੂਰਾ ਅਤੇ ਮਹਿੰਦਰ ਸਿੰਘ ਬਰਾੜ ਨੇ ਇਸ ਦੁਖਾਂਤ ਨੂੰ ਮਨੁੱਖਤਾ ਲਈ ਬਹੁਤ ਹੀ ਸ਼ਰਮਨਾਕ ਦਸਦਿਆਂ ਮੂਲ ਵਾਸੀ ਲੋਕਾਂ ਨਾਲ ਦਿਲੀ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਘਿਨਾਉਣੇ ਵਰਤਾਰੇ ਲਈ ਜ਼ਿੰਮੇਂਵਾਰ ਲੋਕਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਸਿੱਖ ਆਗੂਆਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਇਸ ਕਾਂਡ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਮੂਲ ਵਾਸੀ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ।

(ਹਰਦਮ ਮਾਨ) +1 604 308 6663
maanbabushahi@gmail.com