ਦੁਨੀਆ ਭਰ ਦੇ ਬਿਹਤਰ ਰਹਿਣਯੋਗ ਸ਼ਹਿਰਾਂ ’ਚ ਔਕਲੈਂਡ ਨੰਬਰ 1 ਤੇ; ਨੰਬਰ 3 ਉਤੇ ਐਡੀਲੇਡ; ਵਲਿੰਗਟਨ ਨੰਬਰ 4 ’ਤੇ

-ਇਕਨਾਮਿਸਟ ਇੰਟੈਲੀਜੈਂਸ ਯੂਨਿਟ ਦੇ ਸਲਾਨਾ ਸਰਵੇਅ ਨੇ ਜਾਰੀ ਕੀਤੇ ਅੰਕੜੇ

ਔਕਲੈਂਡ :-ਕਿੱਥੇ ਹੈ ਚੰਗਾ ਰਹਿਣ-ਸਹਿਣ…..? ਕਲਹਿਣੇ ਕਰੋਨਾ ਨੇ ਛੱਜ ’ਚ ਪਾ ਛੱਟਤੇ ਵੱਡੇ-ਵੱਡੇ ਸ਼ਹਿਰ……….. ਦੁਨੀਆ ਭਰ ਦੇ ਬਿਜ਼ਨਸ ਸਕੂਲ ਜਿਸ ਸਰਵੇਅ ਕਰਨ ਵਾਲੇ ਅਦਾਰੇ ਉਤੇ ਆਪਣਾ ਵਿਸ਼ਵਾਸ ਕਰਦੇ ਹਨ ਉਹ ਹੈ ਇਕਨਾਮਿਸਟ ਇੰਟੈਲੀਜੈਂਸ ਯੂਨਿਟ (ਆਈ. ਈ.ਯੂ)। ‘ਦਾ ਗਲੋਬਲ ਲਿਵੇਬਿਲਟੀ ਇੰਡੈਕਸ-2021’ ਜਾਰੀ ਹੋ ਚੁੱਕਾ ਹੈ। ਕਰੋਨਾ ਦੀ ਮਾਰ ਹੇਠ ਆਏ ਜਿਹੜੇ ਸ਼ਹਿਰ ਸਿਹਤ ਸਹੂਲਤਾਂ ਮੁਹੱਈਆ ਕਰਨ ਵਿਚ ਕੁਤਾਹੀਆਂ ਵਰਤ ਗਏ ਜਾਂ ਕਲਿਹਿਣਾ ਕਰੋਨਾ ਮਹਾਂਮਾਰੀ ਬਣ ਕੇ ਇੰਝ ਸ਼ਹਿਰਾਂ ਵਿਚ ਵੜਿਆ ਕਿ ਉਸਨੇ ਸ਼ਹਿਰਾਂ ਦੀ ਉਚਤਮਾ ਦੇ ਲਹਿਰਾਉਂਦਿਆਂ ਝੰਡਿਆ ਨੂੰ ਝੰਬ ਕੇ ਰੱਖ ਦਿੱਤਾ। ਕਰੋਨਾ ਦੇ ਛੱਜ ਨੇ ਵੱਡੇ-ਵੱਡੇ ਆਧੁਨਿਕ ਸ਼ਹਿਰਾਂ ਦੀ ਰਹਿਣ-ਸਹਿਣੀ ਨੂੰ ਹੇਠਾਂ ਉਤੇ ਕਰ ਬੁਰੀ ਤਰ੍ਹਾਂ ਛੱਟ ਕੇ ਰੱਖ ਦਿੱਤਾ ਹੈ। ਇਸਦੇ ਬਾਵਜੂਦ ਸਮੁੰਦਰੀ ਲਹਿਰਾਂ ਦੇ ਵਿਚ ਵਸਦੇ ਇਕ ਛੋਟੇ ਜਿਹੇ ਦੇਸ਼ ਨਿਊਜ਼ੀਲੈਂਡ ਦੇ ਦੋ ਸ਼ਹਿਰਾਂ ਨੇ ਆਪਣਾ ਨਾਂਅ 140 ਸ਼ਹਿਰਾਂ ਵਿਚੋਂ ਜਰੂਰ ਚਮਕਾ ਲਿਆ ਹੈ। ਪੂਰੀ ਦੁਨੀਆ ਦੇ ਵਿਚ ਔਕਲੈਂਡ ਸ਼ਹਿਰ (96 ਅੰਕ ਲੈ ਕੇ) ਸਭ ਤੋਂ ਬਿਹਤਰ ਰਹਿਣਯੋਗ ਸ਼ਹਿਰ ਐਲਾਨਿਆ ਗਿਆ ਹੈ ਅਤੇ ਦੇਸ਼ ਦੀ ਰਾਜਧਾਨੀ ਵਲਿੰਗਟਨ (93.7 ਅੰਕ) ਜਿੱਥੇ ਦੇਸ਼ ਦੇ ਕਾਨੂੰਨ ਬਣਦੇ ਹਨ, ਵੀ ਚੌਥੇ ਨੰਬਰ ਉਤੇ ਆ ਕੇ ਮਾਣ ਮਹਿਸੂਸ ਕਰ ਰਿਹਾ ਹੈ। ਨਿਊਜ਼ੀਲੈਂਡ ਦੇ ਸ਼ਹਿਰਾਂ ਦਾ ਉਪਰ ਜਾਣਾ ਇਸ ਗੱਲ ਉਤੇ ਜਿਆਦਾ ਪ੍ਰਭਾਵਿਤ ਹੈ ਕਿ ਇਥੇ ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਕੀਤੇ ਗਏ ਪ੍ਰਬੰਧ ਬਹੁਤ ਪੁਖਤਾ ਰਹੇ ਹਨ। ਲਗਪਗ 17 ਲੱਖ ਦੀ ਆਬਾਦੀ ਰੱਖਣ ਵਾਲਾ ਔਕਲੈਂਡ ਅਜਿਹਾ ਸ਼ਹਿਰ ਹੈ ਜਿੱਥੇ ਭਾਰਤੀਆਂ ਗਿਣਤੀ 2 ਲੱਖ 40 ਹਜ਼ਾਰ ਤੋਂ ਉਪਰ (ਮਰਦਮਸ਼ੁਮਾਰੀ 2018 ਅਨੁਸਾਰ ਹੈ। ਇਥੇ ਰਹਿੰਦੇ ਭਾਰਤੀ 58.8% ਰੁਜ਼ਗਾਰ ਪ੍ਰਾਪਤ ਹਨ ਅਤੇ ਸਿਰਫ 4% ਬੇਰੁਜ਼ਗਾਰ ਆਏ ਸਨ। ਪੰਜਾਬੀਆਂ ਦੀ ਗਿਣਤੀ ਵੀ ਇਥੇ ਕਾਫੀ ਹੈ ਅਤੇ 13 ਦੇ ਕਰੀਬ ਗੁਰਦੁਆਰਾ ਸਾਹਿਬਾਨ ਹਨ। 76.6% ਭਾਰਤੀ ਘਰ ਦੇ ਕੰਮ ਆਪ ਕਰਦੇ ਹਨ ਜਦ ਕਿ 86.1% ਮਹਿਲਾਵਾਂ ਵੀ ਆਪਣਾ ਘਰ ਦਾ ਕੰਮ ਆਪ ਕਰਦੀਆਂ ਹਨ। ਵਿਹਲਿਆਂ ਦੇ ਵਿਚ 20.3% ਮਰਦ ਹਨ ਅਤੇ 11.8% ਮਹਿਲਾਵਾਂ।
ਦੂਜੇ ਨੰਬਰ ਉਤੇ ਜਾਪਾਨ ਦਾ ਓਸਾਕਾ ਸ਼ਹਿਰ (94.2 ਅੰਕ) ਆਇਆ ਹੈ। ਤੀਜੇ ਨੰਬਰ ਉਤੇ ਆਸਟਰੇਲੀਆ ਦਾ ਐਡੀਲੇਡ (94.0 ਅੰਕ) ਲੈ ਲਿਆ। ਪੰਜਵੇ ਨੰਬਰ ਉਤੇ ਜਾਪਾਨ ਦਾ ਇਕ ਹੋਰ ਸ਼ਹਿਰ ਟੋਕੀਓ, ਛੇਵੇਂ ਉਤੇ ਆਸਟਰੇਲੀਆ ਦਾ ਪਰਥ ਸ਼ਹਿਰ, ਸੱਤਵੇਂ ਉਤੇ ਸਵਿਟਜ਼ਰਲੈਂਡ ਦਾ ਯੂਰਿਚ, ਅੱਠਵੇਂ ਉਤੇ ਦੋ ਸ਼ਹਿਰ ਰਹੇ ਸਵਿੱਟਜਰਲੈਂਡ ਦਾ ਜਨੇਵਾ ਅਤੇ ਆਸਟਰੇਲੀਆ ਦਾ ਮੈਲਬੋਰਨ। 9ਵਾਂ ਨੰਬਰ ਮੈਲਬੋਰਨ ਦੇ ਨਾਲ ਰਲਾ ਦਿੱਤਾ ਗਿਆ। ਦਸਵਾਂ ਸ਼ਹਿਰ ਆਸਟਰੇਲੀਆ ਦਾ ਬਿ੍ਰਸਬੇਨ ਆਇਆ ਹੈ। ਇਸ ਤਰ੍ਹਾਂ ਉਪਰਲੇ 10 ਵਿਚੋਂ ਨਿਊਜ਼ੀਲੈਂਡ ਦੇ ਦੋ ਸ਼ਹਿਰ, ਆਸਟਰੇਲੀਆ ਦੇ ਚਾਰ, ਸਵਿੱਟਜ਼ਰਲੈਂਡ ਦੇ ਦੋ ਅਤੇ ਜਾਪਾਨ ਦੇ ਦੋ ਆਏ ਹਨ। ਮੈਲਬੌਰਨ ਸ਼ਹਿਰ ਪਿਛਲੀ ਵਾਰ 16ਵੇਂ ਨੰਬਰ ਉਤੇ ਸੀ ਪਰ ਕਰੋਨਾ ਦੌਰਾਨ ਕੀਤੇ ਵਧੀਆ ਪ੍ਰਬੰਧਾਂ ਨੇ ਇਸ ਨੂੰ 8ਵੇਂ ਨੰਬਰ ਉਤੇ ਲੈ ਆਂਦਾ। ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਦਾ ਰੈਂਕ ਉਪਰ ਥੱਲੇ ਹੋਇਆ ਹੈ। ਪਾਕਿਸਤਾਨ ਦਾ ਕਰਾਚੀ ਸ਼ਹਿਰ ਅਤੇ ਬੰਗਲਾ ਦੇਸ਼ ਦਾ ਢਾਕਾ ਸ਼ਹਿਰ ਅਖੀਰਲੇ 10 ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਹਨ।
ਭਾਰਤ ਦੇ ਦੋ ਸ਼ਹਿਰ ਨਵੀਂ ਦਿੱਲੀ ਅਤੇ ਮੁੰਬਈ ਇਸ ਸਰਵੇਅ ਵਿਚ ਸ਼ਾਮਿਲ ਹੁੰਦੇ ਹਨ ਪਰ ਇਸਦੀ ਰਿਪੋਰਟ ਮੁਫਤ ਵਿਚ ਜਾਰੀ ਨਹੀਂ ਕੀਤੀ ਗਈ। ਜੇਕਰ 2019 ਦੇ ਅੰਕੜੇ ਵੇਖੀਏ ਤਾਂ ਨਵੀਂ ਦਿੱਲੀ 118ਵੇਂ ਸਥਾਨ ਅਤੇ ਮੁੰਬਈ 119ਵੇਂ ਸਥਾਨ ਉਤੇ ਸੀ।