ਕੋਰੋਨਾ ਕਿੱਟਾਂ ਤੇ ਦਵਾਈਆਂ ‘ਚ ਘੁਟਾਲਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ -ਆਪ

ਬਠਿੰਡਾ -ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਰਾਜ ਦੇ ਲੋਕਾਂ ਨੂੰ ਸਸਤਾ ਇਲਾਜ ਤੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਣ ਦੀ ਬਜਾਏ ਪੰਜਾਬ ਸਰਕਾਰ ਨੇ ਫਤਹਿ ਕਿੱਟਾਂ ਵਿੱਚ ਘੁਟਾਲਾ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ, ਜਿਸ ਨਾਲ ਰਾਜ ਸਰਕਾਰ ਦੀ ਲੋਕ ਪੱਖੀ ਵਿਖਾਵੇ ਦੀ ਨੀਤੀ ਦਾ ਪਰਦਾਫਾਸ਼ ਹੋਇਆ ਹੈ। ਇਹ ਵਿਚਾਰ ਇੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਸ਼ਹਿਰੀ ਜਿਲ੍ਹਾ ਪ੍ਰਧਾਨ ਸ੍ਰੀ ਨੀਲ ਗਰਗ ਅਤੇ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ ਨੇ ਪ੍ਰਗਟ ਕੀਤੇ।
ਦੋਵਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ 837 ਰੁਪਏ 76 ਪੈਸੇ ਤੇ ਫਤਹਿ ਕਿੱਟਾਂ ਦੀ ਖਰੀਦ ਕੀਤੀ। ਫਿਰ ਅਪਰੈਲ 2021 ਵਿੱਚ 16668 ਕੋਵਿਡ ਕਿੱਟਾਂ 940 ਰੁਪਏ ਦੇ ਹਿਸਾਬ ਖਰੀਦੀਆਂ। ਇਸਦੇ ਬਾਅਦ 20 ਅਪਰੈਲ ਨੂੰ ਦੂਜਾ ਟੈਂਡਰ ਲਗਾਇਆ ਗਿਆ, ਜਿਸ ਵਿੱਚ ਇੱਕ ਕਿੱਟ ਦੀ ਕੀਮਤ 1226 ਰੁਪਏ 40 ਪੈਸੇ ਲਾਈ ਗਈ। ਆਪ ਆਗੂਆਂ ਨੇ ਦੱਸਿਆ ਕਿ ਗਰੈਂਡਵੇ ਨਾਂ ਦੀ ਕੰਪਨੀ ਨੂੰ ਪੰਜਾਬ ਸਰਕਾਰ ਨੇ 50 ਹਜ਼ਾਰ ਕਿੱਟਾਂ ਦਾ ਟੈਂਡਰ ਦਿੱਤਾ, ਜਿਸ ਕੋਲ ਮੈਡੀਕਲ ਲਾਇਸੰਸ ਵੀ ਨਹੀਂ ਹੈ ਅਤੇ 7 ਮਈ 2021 ਨੂੰ ਤੀਜੇ ਟੈਂਡਰ ਵਿੱਚ 1 ਲੱਖ 50 ਹਜ਼ਾਰ ਕਿੱਟਾਂ ਲਈ 1338 ਰੁਪਏ ਪ੍ਰਤੀ ਕਿੱਟ ਰਕਮ ਰੱਖੀ ਗਈ। ਜਿਸ ਵਿੱਚ 500 ਰੁਪਏ ਪ੍ਰਤੀ ਕਿੱਟ ਜਿਆਦਾ ਦਿੱਤੇ ਗਏ।
ਆਪ ਨੇਤਾਵਾਂ ਨੇ ਕਿਹਾ ਕਿ ਜਦੋਂ ਪਹਿਲੀ ਕਿਸ਼ਤ ਚੋਂ ਟੈਂਡਰਾਂ ਦੀ ਘੱਟ ਕੀਮਤ ਤੇ ਇਹ ਕਿੱਟਾਂ ਮਿਲ ਰਹੀਆਂ ਸਨ ਤਾਂ ਉਸਦੇ ਬਾਵਜੂਦ ਦੂਜਾ ਤੇ ਤੀਜਾ ਟੈਂਡਰ ਕਿਉਂ ਲਗਾਇਆ ਗਿਆ। ਉਹਨਾਂ ਕਿਹਾ ਕਿ ਇਸਤੋਂ ਜ਼ਾਹਰ ਹੁੰਦਾ ਹੈ ਕਿ ਸਰਕਾਰ ਦੀ ਨੀਅਤ ਵਿੱਚ ਖੋਟ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਲੋਕਾਂ ਦੀਆਂ ਸਰਕਾਰੀ ਸੇਵਾਵਾਂ ਵਿੱਚ ਘਪਲੇ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਾਲੀ ਨੀਤੀ ਦੀ ਪਾਲਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ ਜਿਹਨਾਂ ਕੋਲ ਕਰੋਨਾ ਨਾਲ ਸਬੰਧਿਤ ਦਵਾਈਆਂ ਤੇ ਉਪਕਰਨ ਖਰੀਦਣ ਦਾ ਅਧਿਕਾਰ ਸੀ, ਜਿਹਨਾਂ ਨੇ ਫਤਹਿ ਕਿੱਟਾਂ ਖਰੀਦਣ ਲਈ ਟੈਂਡਰ ਪਾਸ ਕੀਤਾ ਸੀ, ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ, ਜਿਸਤੋਂ ਸਪਸ਼ਟ ਹੈ ਕਿ ਸਰਕਾਰ ਮੰਨਦੀ ਹੈ ਕਿ ਫਤਹਿ ਕਿੱਟਾਂ ਦੀ ਖਰੀਦ ਵਿੱਚ ਘੁਟਾਲਾ ਹੋਇਆ ਹੈ।
ਉਹਨਾਂ ਕਿਹਾ ਕਿ ਹਟਾਏ ਗਏ ਡਾ: ਨੀਰਜ ਸਿੰਗਲਾ ਤੇ ਵੀ ਸਮੇਂ ਸਮੇਂ ਤੇ ਇਲਜਾਮ ਲਗਦੇ ਰਹੇ ਹਨ ਅਤੇ ਸਰਕਾਰ ਦੇ ਨੇੜੇ ਹੁੰਦਿਆਂ ਹੀ ੳਹ ਕਈ ਤਰ੍ਹਾਂ ਦੇ ਭਿਭ੍ਰਸਟਾਚਾਰ ਵਿੱਚ ਸਾਮਲ ਰਿਹਾ ਹੈ। ਆਪ ਆਗੂਆਂ ਨੇ ਮੰਗ ਕੀਤੀ ਕਿ ਲੋਕਾਂ ਦੀ ਸੇਵਾ ਦੇ ਨਾਂ ਤੇ ਕੀਤੇ ਗਏ ਇਸ ਵੱਡੇ ਘੁਟਾਲੇ ਦਾ ਪਰਦਾਫਾਸ਼ ਕਰਕੇ ਕੈਪਟਨ ਸਰਕਾਰ ਦੀ ਕਾਰਗੁਜਾਰੀ ਨੰਗਾ ਕੀਤਾ ਜਾਵੇ। ਇਸ ਮੌਕੇ ਸਰਵ ਸ੍ਰੀ ਅਨਿਲ ਠਾਕੁਰ ਮੀਤ ਪ੍ਰਧਾਨ ਟਰੇਡ ਵਿੰਗ ਪੰਜਾਬ, ਰਾਕੇਸ ਪਰੀ ਜਨਰਲ ਸਕੱਤਰ ਜਿਲ੍ਹਾ ਬਠਿੰਡਾ, ਬਲਜਿੰਦਰ ਸਿੰਘ ਬਰਾੜ ਜਿਲ੍ਹਾ ਦਫ਼ਤਰ ਇੰਚਾਰਜ, ਬਲਕਾਰ ਸਿੰਘ ਭੋਖੜਾ ਜਿਲ੍ਹਾ ਮੀਡੀਆ ਇੰਚਾਰਜ, ਬਲਜੀਤ ਸਿੰਘ ਬੱਲੀ ਅਮ੍ਰਿਤ ਅਗਰਵਾਲ ਆਦਿ ਹਾਜਰ ਸਨ।