ਨਿਊ ਸਾਊਥ ਵੇਲਜ਼ ਵਿੱਚ ਚੂਹਿਆਂ ਨਾਲ ਨਜਿੱਠਣ ਲਈ ਕਿਸਾਨਾਂ ਲਈ 100 ਮਿਲੀਅਨ ਡਾਲਰਾਂ ਦਾ ਤੋਹਫਾ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਨਤਕ ਐਲਾਨ ਕਰਦਿਆਂ ਕਿਹਾ ਕਿ ਰਾਜ ਸਰਕਾਰ ਨੇ ਚੂਹਿਆਂ ਦੀ ਆਫ਼ਤ ਨਾਲ ਨਜਿੱਠਣ ਵਾਸਤੇ ਕਿਸਾਨਾਂ ਨੂੰ 10,000 ਡਾਲਰਾਂ ਤੱਕ ਦੇ ਜ਼ਿੰਕ ਫਾਸਫਾਈਡ ਖਰੀਦਣ ਵਾਸਤੇ 50% ਛੋਟ ਦਿੱਤੀ ਜਾ ਰਹੀ ਹੈ ਅਤੇ ਇਸ ਵਾਸਤੇ ਰਾਜ ਸਰਕਾਰ ਨੇ 100 ਮਿਲੀਅਨ ਡਾਲਰਾਂ ਦੇ ਫੰਡ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਪਰੋਕਤ ਤੋਂ ਇਲਾਵਾ, ਛੋਟੇ ਕੰਮ ਧੰਦਿਆਂ ਵਾਲੇ ਅਦਾਰਿਆਂ ਅਤੇ ਘਰਾਂ ਅੰਦਰ ਚੂਹਿਆਂ ਤੋਂ ਨਿਜਾਤ ਪਾਉਣ ਲਈ ਵੀ ਸਰਕਾਰ ਨੇ 50 ਮਿਲੀਅਨ ਡਾਲਰਾਂ ਦਾ ਫੰਡ ਰੱਖਿਆ ਹੋਇਆ ਹੈ ਅਤੇ ਇਸ ਵਾਸਤੇ ਵੀ 1,000 ਡਾਲਰ ਤੱਕ ਦੀ ਛੋਟ ਆਦਿ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸਤੋਂ ਇਲਾਵਾ ਰਾਜ ਸਰਕਾਰ ਹਾਲੇ ਵੀ ਆਸਟ੍ਰੇਲੀਆਈ ਸਰਕਾਰ ਦੇ ਸਬੰਧਤ ਵਿਭਾਗ ਕੋਲੋਂ ਅਨਾਜ ਦੇ ਬਚਾਉ ਵਾਸਤੇ ਬਰੋਮੈਡਿਓਲੋਨ ਦੇ ਇਸਤੇਮਾਲ ਦੀ ਇਜਾਜ਼ਤ ਦਾ ਇੰਤਜ਼ਾਰ ਕਰ ਰਹੀ ਹੈ ਜਿਸ ਤਹਿਤ ਕਿ ਜਨਤਕ ਤੌਰ ਤੇ ਅਨਾਜ ਆਦਿ ਨੂੰ ਬਚਾਉਣ ਵਾਸਤੇ ਇਹ ਮੁਫਤ ਮੁਹੱਈਆ ਕਰਵਾਇਆ ਜਾਵੇਗਾ।
ਜ਼ਿਆਦਾ ਜਾਣਕਾਰੀ ਸਰਕਾਰ ਦੀ ਵੈਬਸਾਈਟ www.nsw.gov.au/mice ਉਪਰ ਜਾ ਕੇ ਲਈ ਜਾ ਸਕਦੀ ਹੈ।