ਵਿਕਟੋਰੀਆ ਵਿੱਚ ਨਵਾਂ ਮੈਂਟਲ ਹੈਲਥ ਟੈਕਸ ਲਗਾਉਣ ਦੀਆਂ ਤਿਆਰੀਆਂ ਸ਼ੁਰੂ, ਉਪਰਲੇ ਹਾਊਸ ਨੇ ਕੀਤਾ ਬਿਲ ਪਾਸ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਦੇ ਮੈਂਟਲ ਹੈਲਥ ਸਿਸਟਮ ਨਾਲ ਸਬੰਧਤ ਇੱਕ ਨਵਾਂ ਟੈਕਸ ਸਬੰਧੀ ਬਿਲ, ਜਿਸਨੂੰ ਕਿ ਰਾਜ ਸਰਕਾਰ ਦੇ ਉਪਰਲੇ ਸਦਨ ਵਿੱਚ 24 – 14 ਨਾਲ ਮੰਨ ਲਿਆ ਗਿਆ ਹੈ, ਨੂੰ ਅਮਲੀ ਜਾਮਾ ਪਹਿਨਾਉਣ ਲਈ ਰਾਜ ਸਰਕਾਰ ਨੇ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ।
ਇਸ ਟੈਕਸ ਦੇ ਤਹਿਤ ਇਹ ਕਾਨੂੰਨ ਬਣਾਇਆ ਜਾਵੇਗਾ ਕਿ ਅਜਿਹੇ ਕੌਮੀ ਪੱਧਰ ਦੇ ਬਿਜਨਸ ਅਦਾਰੇ ਜਿਨ੍ਹਾਂ ਦੀਆਂ ਸਾਲਾਨਾ ਦੇਣਦਾਰੀਆਂ (ਤਨਖਾਹਾਂ, ਭੱਤੇ ਅਤੇ ਮਜ਼ਦੂਰੀਆਂ) ਆਦਿ 10 ਮਿਲੀਅਨ ਡਾਲਰ ਤੋਂ ਜ਼ਿਆਦਾ ਹਨ ਉਨ੍ਹਾਂ ਉਪਰ ਹੁਣ 0.5% ਦਾ ਸਰਚਾਰਜ ਵੀ ਲਗਾਇਆ ਜਾਵੇਗਾ ਅਤੇ ਇਹ ਕਾਨੂੰਨ 1 ਜਨਵਰੀ 2022 ਨੂੰ ਲਾਗੂ ਕੀਤਾ ਜਾਵੇਗਾ।
ਅਜਿਹੇ ਅਦਾਰੇ ਜਿਨ੍ਹਾਂ ਦੀਆਂ ਉਪਰੋਕਤ ਦੇਣਦਾਰੀਆਂ 100 ਮਿਲੀਅਨ ਡਾਲਰ ਤੋਂ ਜ਼ਿਆਦਾ ਹਨ, ਉਹ 1% ਸਰਚਾਰਜ ਅਦਾ ਕਰਨਗੇ।
ਖ਼ਜ਼ਾਨਾ ਅਧਿਕਾਰੀ ਟਿਮ ਪੈਲਸ ਨੇ ਕਿਹਾ ਕਿ ਇਸ ਨਾਲ ਉਪਰੋਕਤ ਅਦਾਰਿਆਂ ਨੂੰ ਮਹਿਜ਼ 5% ਤੋਂ ਵੀ ਘੱਟ ਦਾ ਬੋਝ ਸਹਿਣਾ ਪਵੇਗਾ ਜਦੋਂ ਕਿ ਇਸ ਨਾਲ ਚਾਰ ਸਾਲਾਂ ਵਿੱਚ ਹੀ 3 ਬਿਲੀਅਨ ਡਾਲਰ ਇਕੱਠੇ ਹੋ ਜਾਣ ਦਾ ਟੀਚਾ ਰੱਖਿਆ ਗਿਆ ਹੈ।
ਬੇਸ਼ੱਕ ਸਰਕਾਰ ਦਾ ਕਹਿਣਾ ਹੈ ਕਿ ਉਪਰੋਕਤ ਪੈਸੇ ਨੂੰ ਮੈਂਟਲ ਹੈਲਥ ਪ੍ਰਤੀ ਸਹਾਇਕ ਕੰਮਾਂ ਲਈ ਹੀ ਖਰਚਿਆ ਜਾਵੇਗਾ ਅਤੇ ਇਸ ਨਾਲ ਰਾਜ ਸਰਕਾਰਾਂ ਉਪਰ ਪੈ ਰਿਹਾ ਵਾਧੂ ਦਾ ਬੋਝ ਵੀ ਘਟੇਗਾ, ਪਰੰਤੂ ਵਿਰੋਧੀ ਧਿਰ ਦੇ ਕੁੱਝ ਮੈਂਬਰਾਂ ਨੂੰ ਇਹ ਤਜਵੀਜ਼ ਰਾਸ ਨਹੀਂ ਆ ਰਹੀ ਅਤੇ ਕਈ ਪਾਸਿਆਂ ਤੋਂ ਵਿਰੋਧਾਭਾਸ ਵੀ ਦਿਖਾਈ ਦੇਣਾ ਸ਼ੁਰੂ ਹੋ ਰਿਹਾ ਹੈ।