ਅਸਲ ਕਰੋਨਾ ਕੋਵਿਡ ਜਾਂ ਹਨੀਪ੍ਰੀਤ- ਇੱਕ ਚਰਚਾ

ਹਨੀਪ੍ਰੀਤ ਨੂੰ ਡੇਰਾ ਮੁਖੀ ਦੀ ਸਹਾਇਕ ਬਣਾਉਣਾ ਇੱਕ ਵੱਡੀ ਸਾਜ਼ਿਸ਼ – ਬਾਲਿਆਂਵਾਲੀ

ਬਠਿੰਡਾ – ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਨੂੰ ਸੁਨਾਰੀਆ ਜੇਲ੍ਹ ਤੋਂ ਗੁਰੂਗ੍ਰਾਮ ਦੇ ਮੇਦਾਤਾਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜੋ ਕੋਰੋਨਾ ਪਾਜ਼ੇਟਿਵ ਦੱਸਿਆ ਜਾ ਰਿਹਾ ਹੈ। ਪਰ ਇਸੇ ਦੌਰਾਨ ਦੂਜੇ ਕੋਰੋਨਾ ਦੇ ਰੂਪ ਵਿਚ ਹਨੀਪ੍ਰੀਤ ਦੇ ਵੀ ਚਿੰਬੜ ਜਾਣ ਦੀ ਚਰਚਾ ਹੈ, ਜਿਸਨੂੰ ਅਸਲ ਬਿਮਾਰੀ ਮੰਨਿਆ ਜਾ ਰਿਹਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪੇਟ ਦਰਦ ਜਾਂ ਸਿਹਤ ਦੀ ਖ਼ਰਾਬੀ ਕਾਰਨ ਪਿਛਲੇ ਦੋ ਮਹੀਨੇ ਵਿਚ ਚਾਰ ਵਾਰ ਡੇਰਾ ਮੁਖੀ ਜੇਲ੍ਹ ਤੋਂ ਬਾਹਰ ਜਾ ਚੁੱਕਾ ਹੈ। ਰਾਮ ਰਹੀਮ ਗੁਰਮੀਤ ਸਿੰਘ ਬਲਾਤਕਾਰ ਦੇ ਕੇਸਾਂ ਤੇ ਮਰਹੂਮ ਪੱਤਰਕਾਰ ਸ੍ਰੀ ਛਤਰਪਤੀ ਦੇ ਕਤਲ ਕੇਸ ਵਿਚ ਉਮਰ ਕੈਦ ਭੁਗਤ ਰਿਹਾ ਹੈ ਅਤੇ ਕਈ ਹੋਰ ਕੇਸ ਅਜੇ ਸੁਣਵਾਈ ਅਧੀਨ ਹਨ।
ਬੀਤੇ ਦਿਨ ਸਾਹ ਲੈਣ ਵਿਚ ਤਕਲੀਫ਼ ਹੋਣ ਤੇ ਡੇਰਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਨੂੰ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਤੋਂ ਪੀ ਜੀ ਆਈ ਰੋਹਤਕ ਵਿਖੇ ਲਿਆਂਦਾ ਗਿਆ ਸੀ, ਜਿੱਥੇ ਕੁੱਝ ਟੈਸਟ ਕਰਨ ਉਪਰੰਤ ਉਸ ਨੂੰ ਮੇਂਦਾਤਾ ਹਸਪਤਾਲ ਗੁਰੂਗ੍ਰਾਮ ਵਿਖੇ ਭੇਜ ਦਿੱਤਾ ਗਿਆ। ਜਿੱਥੇ ਉਹ ਹਸਪਤਾਲ ਦੀ ੯ਵੀਂ ਮੰਜ਼ਿਲ ਦੇ ਕਮਰਾ ਨੰਬਰ ੪੬੪੩ ਵਿਚ ਦਾਖਲ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਡੇਰਾ ਮੁਖੀ ਦਵਾਈ ਲੈਣ ਜਾਂ ਹੋਰ ਟੈਸਟ ਕਰਵਾਉਣ ਤੋਂ ਵੀ ਕੰਨੀ ਕਤਰਾ ਰਿਹਾ ਹੈ, ਜੋ ਸੱਕ ਪੈਦਾ ਕਰਦਾ ਹੈ।
ਦੂਜੇ ਪਾਸੇ ਉਸਦੇ ਹਸਪਤਾਲ ਪਹੁੰਚਣ ਦੀ ਹੀ ਦੇਰ ਸੀ ਕਿ ਉਸਦੀ ਖਾਸਮ ਖਾਸ ਹਨੀਪ੍ਰੀਤ, ਜਿਸਨੂੰ ਮਿਲਣ ਲਈ ਉਹ ਹਰ ਹਰਬਾ ਵਰਤ ਚੁੱਕਾ ਹੈ ਪਰ ਸਫਲ ਨਹੀਂ ਸੀ ਹੋਇਆ, ਹੁਣ ਮੇਂਦਾਤਾ ਹਸਪਤਾਲ ਪਹੁੰਚ ਗਈ ਹੈ। ਉਸਨੇ ਹਸਪਤਾਲ ਤੋਂ ਡੇਰਾ ਮੁਖੀ ਦੀ ਅਟੈਂਡੈਂਟ ਤੌਰ ਤੇ ਮਿਲਣ ਤੇ ਦੇਖਭਾਲ ਕਰਨ ਦੀ ਪ੍ਰਵਾਨਗੀ ਹਾਸਲ ਕਰ ਲਈ ਹੈ, ਉਸਦਾ ਸ਼ਨਾਖ਼ਤੀ ਕਾਰਡ ਬਣਾ ਦਿੱਤਾ ਗਿਆ ਹੈ ਜੋ ੧੫ ਜੂਨ ਤੱਕ ਹੈ। ਹੁਣ ਹਨੀਪ੍ਰੀਤ ਹਰ ਰੋਜ਼ ਡੇਰਾ ਮੁਖੀ ਕੋਲ ਜਾ ਸਕੇਗੀ। ਆਮ ਲੋਕਾਂ ਵਿਚ ਚਰਚਾ ਹੈ ਕਿ ਡੇਰਾ ਮੁਖੀ ਨੂੰ ਇਹ ਵਿਸ਼ੇਸ਼ ਸਹੂਲਤ ਕਿਹੜੇ ਕਾਨੂੰਨ ਦੇ ਆਧਾਰ ਤੇ ਦਿੱਤੀ ਜਾ ਰਹੀ ਹੈ, ਜਦੋਂ ਕਿ ਆਮ ਕੈਦੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਹਸਪਤਾਲ ਵਿਚ ਦਾਖ਼ਲ ਕੈਦੀ ਨੂੰ ਮਿਲਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਂਦੀ।
ਇਸ ਤੇ ਆਪਣਾ ਪ੍ਰਤੀਕਰਮ ਕਰਦਿਆਂ ਸਿੱਖ ਆਗੂ ਸ੍ਰ: ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਸ਼ੱਕ ਜ਼ਾਹਿਰ ਕੀਤਾ ਕਿ ਹਨੀਪ੍ਰੀਤ ਦਾ ਹਸਪਤਾਲ ਵਿਚ ਡੇਰਾ ਮੁਖੀ ਨੂੰ ਮਿਲਣਾ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਖ਼ਦਸ਼ਾ ਪ੍ਰਗਟ ਕਰਦਾ ਹੈ, ਜਿਸ ਨਾਲ ਕੋਈ ਭਾਰੀ ਦੁਖਾਂਤ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਅਸਲ ਬਿਮਾਰੀ ਹਨੀਪ੍ਰੀਤ ਕੋਰੋਨਾ ਦੀ ਸੀ, ਜਿਸਦੇ ਇਲਾਜ ਲਈ ਸਰਕਾਰ ਵਿਸ਼ੇਸ਼ ਰਿਆਇਤ ਦੇ ਰਹੀ ਹੈ। ਉਨ੍ਹਾਂ ਸੁਆਲ ਉਠਾਇਆ ਕਿ ਹਨੀਪ੍ਰੀਤ ਨੂੰ ਡੇਰਾ ਮੁਖੀ ਦੀ ਦੇਖਭਾਲ ਲਈ ਬਤੌਰ ਅਟੈਂਡੈਂਟ ਪ੍ਰਵਾਨਗੀ ਕਿਹੜੇ ਕਾਨੂੰਨ ਅਧੀਨ ਦਿੱਤੀ ਗਈ ਹੈ, ਜਦੋਂ ਕਿ ਅਨੇਕਾਂ ਹੋਰ ਅਜਿਹੇ ਕੈਦੀ ਸਜ਼ਾ ਭੁਗਤ ਰਹੇ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਅਤੇ ਹਨੀਪ੍ਰੀਤ ਡੇਰਾ ਮੁਖੀ ਦੀ ਪਰਿਵਾਰਿਕ ਮੈਂਬਰ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਵੱਡੀ ਸਾਜ਼ਿਸ਼ ਹੈ, ਜਿਸ ਦਾ ਭਿਆਨਕ ਨਤੀਜਾ ਨਿਕਲਣ ਦਾ ਖ਼ਦਸ਼ਾ ਹੈ।